
ਅੰਮ੍ਰਿਤਸਰ 26 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਪ੍ਰਿੰਸੀਪਲ ਸ.ਇਕਬਾਲ ਸਿੰਘ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਅੱਜ ‘ਜਨਮਸਾਖੀ ਸਾਹਿਤ ਦੀ ਆਧੁਨਿਕ ਪ੍ਰਸੰਗਿਕਤਾ’ ਵਿਸ਼ੇ ਤੇ ਲੈਕਚਰ ਕਰਵਾਇਆ ਗਿਆ। ਜਿਸ ਵਿਚ ਪ੍ਰੋ.ਹਰਪਾਲ ਸਿੰਘ ਪੰਨੂ, ਸਾਬਕਾ ਮੁਖੀ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁਖ ਵਕਤਾ ਸਨ।
ਉਨਾਂ ਕਿਹਾ ਕਿ ਜਨਮਸਾਖੀ ਸਾਹਿਤ ਨੂੰ ਵਿਭਿੰਨ ਪਰਿਪੇਖਾਂ ਤੋਂ ਸਮਝਣ ਅਤੇ ਆਧੁਨਿਕ ਯੁਗ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਪੁਨਰ ਵਿਚਾਰਨ ਦੀ ਲੋੜ ਹੈ। ਉਨਾਂ੍ਹ ਅਨੁਸਾਰ ਸਾਖੀਕਾਰਾਂ ਨੇ ਸੰਖੇਪ ਸ਼ਬਦਾਂ ਵਿਚ ਜੀਵਨ ਦੇ ਗੰਭੀਰ ਨੁਕਤਿਆਂ ਬਾਰੇ ਸੁਝਾਅ ਦਿੱਤੇ ਹਨ। ਪ੍ਰੋਫੈਸਰ ਗੁਲਜ਼ਾਰ ਸਿੰਘ ਕੰਗ, ਡਾਇਰੈਕਟਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਜਨਮਸਾਖੀ ਸਾਹਿਤ ਨੂੰ ਕੇਵਲ ਇਤਿਹਾਸਿਕ ਪੱਖੋਂ ਹੀ ਵਾਚਣਾ ਕਾਫ਼ੀ ਨਹੀਂ ਹੈ ਬਲਕਿ ਇਸਦੇ ਸਾਹਿਤਕ ਰੂਪ ਨੂੂੰ ਵੀ ਸੰਜੀਦਾ ਤੌਰ ਤੇ ਵਿਚਾਰਨ ਦੀ ਲੋੜ ਹੈ।
ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ.ਮਨਵਿੰਦਰ ਸਿੰਘ ਨੇ ਆਏ ਵਿਦਵਾਨਾਂ ਦਾ ਸਵਾਗਤ ਅਤੇ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਸ਼ੀ ਬਾਲਾ ਵੱਲੋਂ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media