ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਭਾਵੇਂ ਉਹ ਕਿਸੇ ਵੀ ਰੁਤਬੇ ‘ਤੇ ਵੀ ਕਿੳਂ ਨਾ ਹੋਵੇ-ਜਥੇਦਾਰ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) ਕਪੂਰਥਲਾ ਜਿਲੇ ਤੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਲੰਮੇ ਸਮੇਂ ਤੋ ਮੈਂਬਰ ਚੱਲੇ ਆ ਰਹੇ ਸ਼ੰਗਾਰਾ ਸਿੰਘ ਲੋਹੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਦਿਆਂ ਪਿੰਡ ਸਿੱਧਪੁਰ ਵਿਖੇ ਜੋਸਨ ਜਠੇਰਿਆਂ ਦੀਆਂ ਸਮਾਧਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਵਿਰੋਧ ਦੇ ਬਾਵਜੂਦ ਵੀ ਅੱਜ ਅਖੰਡ ਪਾਠ ਆਰੰਭ ਕਰਵਾ ਦਿੱਤੇ ਜਦ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਭਾਂਵੇ ਉਹ ਸ਼੍ਰੋਮਣੀ ਕਮੇਟੀ ਮੈਂਬਰ ਹੀ ਕਿਉ ਨਾ ਹੋਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਸੁਖਜੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਕੌਮ ਦੀ ਮੰਦਭਾਗਾ ਦਿਨ ਹੈ ਜਦੋਂ ਪੰਜਾਬ ਦੀ ਮੌਜੂਦਾ ਪੰਥਕ ਸਰਕਾਰ ਦੇ ਇੱਕ ਮੰੰਤਰੀ ਅਜੀਤ ਸਿੰਘ ਕੋਹਾੜ ਅਤੇ ਮੈਬਰ ਸ਼੍ਰੋਮਣੀ ਕਮੇਟੀ ਸ਼ੰਗਾਰਾ ਸਿੰਘ ਲੋਹੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆ ਧੱਜੀਆ ਉਡਾਉਦਿਆ ਜੋਸਨ ਜਠੇਰਿਆ ਦੀਆ ਸਮਾਧਾਂ ਤੇ 19 ਅਖੰਡ ਪਾਠਾਂ ਦਾ ਆਰੰਭ ਕਰਵਾ ਦਿੱਤਾ ਹੈ।ਉਹਨਾਂ ਕਿਹਾ ਕਿ ਜੋਸ਼ਨ ਜਠੇਰਿਆਂ ਦੀ ਜਗ੍ਹਾ ਤੇ ਪੂਰੀ ਤਰ੍ਹਾ ਮਨਮੱਤ ਕੀਤੀ ਜਾਂਦੀ ਹੈ ਜਿਥੇ ਸੱਤ ਵੱਖਰੋ ਵੱਖ ਆਲੇ ਬਣਾ ਕੇ ਦੀਵੇ ਜਗ੍ਹਾ ਕੇ ਮੱਥਾ ਟੇਕਿਆ ਜਾਂਦਾ ਹੈ ਜੋ ਪੰਥਕ ਰਹਿਤ ਮਰਿਆਦਾ ਦੇ ਵੀ ਅਨੂਕੂਲ ਨਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਪੰਥਕ ਸਰਕਾਰ ਵੱਲੋ ਦੋਹਰੇ ਮਾਪਦੰਡ ਅਪਨਾਏ ਜਾ ਰਹੇ ਹਨ ਕਿਉਕਿ ਜਦੋਂ ਉਹਨਾਂ ਨੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੀ ਜਰੂਰਤ ਹੁੰਦੀ ਹੈ ਉਦੋ ਤਾਂ ਅਕਾਲ ਤਖਤ ਮਹਾਨ ਹੋ ਜਾਂਦਾ ਹੈ ਜਦੋਂ ਉਹਨਾਂ ਨੂੰ ਲੋੜ ਨਹੀ ਹੁੰਦੀ ਉਦੋ ਅਕਾਲ ਤਖਤ ਦੇ ਹੁਕਮਾਂ ਨੂੰ ਅੱਖੋ ਪਰੋਖੇ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਬੀਤੇ ਕਲ੍ਹ ਸ੍ਰੀ ਅਕਾਲ ਤਖਤ ਸਾਹਿਬ ਤੋ ਪੰਜ ਪਿਆਰੇ ਮੌਕਾ ਵੇਖਣ ਲਈ ਭੇਜੇ ਗਏ ਸਨ ਜਿਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨ ਗੁਰਬਚਨ ਸਿੰਘ ਦਾ ਆਦੇਸ਼ ਸੁਣਾਉਦਿਆਂ ਕਿਹਾ ਸੀ ਕਿ ਸਥਿਤ ਜਿਉ ਦੀ ਤਿਊ ਬਣੀ ਰਹਿਣ ਦਿੱਤੀ ਜਾਵ, ਪਰ ਸ਼੍ਰੋਮਣੀ ਕਮੇਟੀ ਮੈਂਬਰ ਸ਼ੰਗਾਰਾ ਸਿੰਘ ਲੋਹੀਆ ਨੇ ਹੁਕਮਾਂ ਦੀ ਪ੍ਰਵਾਹ ਕੀਤੇ ਬਗੈਰ ਹੀ ਅੱਜ ਸਵੇਰੇ ਛੇ ਵਜੇ ਹੀ 19 ਅਖੰਡ ਪਾਠ ਆਰੰਭ ਕਰਵਾ ਦਿੱਤੇ।ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਉਥੇ ਸਵੇਰੇ ਸੱਤ ਵਜੇ ਪਹੁੰਚਣਾ ਸੀ ਪਰ ਉਹਨਾਂ ਦੇ ਪਹੁੰਚਣ ਤੋ ਪਹਿਲਾਂ ਹੀ ਸਭ ਕੁੱਝ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਹੋ ਗਿਆ।ਉਹਨਾਂ ਕਿਹਾ ਕਿ ਅਜੀਤ ਸਿੰਘ ਜੋ ਕਿ ਪੰਜਾਬ ਸਰਕਾਰ ਵਿੱਚ ਮੰਤਰੀ ਹੈ ਦੇ ਆਦੇਸ਼ਾਂ ਤੇ ਅਖੰਡ ਪਾਠਾਂ ਦੀ ਰਾਖੀ ਕਰਨ ਲਈ ਤਿੰਨ ਚਾਰ ਸੌ ਪੁਲੀਸ ਮੁਲਾਜ਼ਮ ਲਗਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਿੱਖ ਪੰਥ ਲਈ ਇਸ ਤੋ ਹੋਰ ਕੋਈ ਵੱਡੀ ਘਟਨਾ ਨਹੀ ਹੋ ਸਕਦੀ ਕਿ ਪੰਜਾਬ ਦਾ ਅਕਾਲੀ ਮੰਤਰੀ ਤੇ ਸ਼ਰੋਮਣੀ ਕਮੇਟੀ ਮੈਂਬਰ ਹੀ ਅਕਾਲ ਤਖਤ ਦੇ ਹੁਕਮਾਂ ਦੀਆ ਧੱਜੀਆਂ ਉਡਾ ਰਹੇ ਹਨ।ਉਹਨਾਂ ਕਿਹਾ ਕਿ ਉਹ ਸ਼ਾਹਕੋਟ ਹਲਕੇ ਵਿੱਚ ਪਿੰਡ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਗੇ ਕਿ ਅਕਾਲੀਆਂ ਵੱਲੋ ਹੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆਂ ਜੇਕਰ ਧੱਜੀਆਂ ਉਡਾਈਆਂ ਜਾਂਦੀਆਂ ਹਨ ਤਾਂ ਫਿਰ ਸੰਗਤਾਂ ਨੂੰ ਇਹ ਇਹ ਕਿਹੜਾ ਪੰਥਕ ਪਾਠ ਪੜਾਉਣਗੇ।ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧ ਵਿੱਚ ਜ੍ਰਿਲ੍ਹੇ ਦੇ ਡਿਪਟੀ ਕਮਿਸ਼ਨਰ ਮੰਗ ਪੱਤਰ ਵੀ ਦਿੱਤਾ ਸੀ ਪਰ ਉਹਨਾਂ ਦੇ ਮੰਗ ਪੱਤਰ ਤੇ ਕੋਈ ਕਾਰਵਾਈ ਨਹੀ ਹੋਈ।ਉਹਨਾਂ ਕਿਹਾ ਕਿ ਕੌਮ ਦੀ ਬਦਕਿਸਮਤੀ ਹੈ ਕਿ ਵੋਟਾਂ ਦੀ ਖਾਤਰ ਅਕਾਲੀ ਹੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀਆ ਧੱਜੀਆ ਉਡਾ ਰਹੇ ਹਨ ਤੇ ਮਨਮੱਤ ਕਰ ਰਹੇ ਹਨ।
ਕੀ ਕਹਿੰਦੇ ਹਨ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ
ਇਸ ਸਬੰਧੀ ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜ ਪਿਆਰਿਆਂ ਨੇ ਆ ਕੇ ਰਿਪੋਰਟ ਦਿੱਤੀ ਹੈ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ਼ੰਗਾਰਾ ਸਿੰਘ ਲੋਹੀਆ ਨੇ ਅਕਾਲ ਤਖਤ ਵੱਲੋ ਜਾਰੀ ਕੀਤਾ ਹੁਕਮਨਾਮਾ ਅੱਖੋ ਪਰੋਖੇ ਜੋਸ਼ਨ ਜਠੇਰਿਆ ਦੇ ਮੱਠਾਂ ਤੇ ਅਖੰਡ ਪਾਠ ਰੱਖਵਾਏ ਹਨ ਅਤੇ ਇਸ ਉਲੰਘਣਾ ਬਦਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ਭਾਂਵੇ ਉਹ ਕਿਸੇ ਵੀ ਰੁਤਬੇ ‘ਤੇ ਵੀ ਕਿਉ ਨਾ ਬੈਠਾ ਹੋਵੇ।
ਸ੍ਰੀ ਅਕਾਲ ਤਖਤ ਸਾਹਿਬ ਅਤੇ ਮਰਿਆਦਾ ਨੂੰ ਪੂਰੀ ਤਰ੍ਹਾਂ ਸਮੱਰਪਿਤ ਹਾਂ- ਸ਼ੰਗਾਰਾ ਸਿੰਘ ਲੋਹੀਆ
ਇਸ ਸਬੰਧੀ ਜਦੋ ਸ਼੍ਰੋਮਣੀ ਕਮੇਟੀ ਮੈਂਬਰ ਸ਼ੰਗਾਰਾ ਸਿੰਘ ਲੋਹੀਆ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ 1947 ਤੋ ਪਹਿਲਾਂ ਤੋ ਹੀ ਇਥੇ ਪਿੰਡ ਸਿੱਧਪੁਰ ਦੇ ਲੋਕ ਅਖੰਡ ਪਾਠ ਕਰਾਉਦੇ ਆ ਰਹੇ ਹਨ ਤੇ ਉਹਨਾਂ ਦੀਆ ਭਾਵਨਾਵਾਂ ਦੀ ਪੰਥ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਤਿਕਾਰ ਕਮੇਟੀ ਦੀ ਸਲਾਹ ਨਾਲ ਹੀ ਪਿੰਡ ਵਾਲਿਆ ਨੇ ਉਥੇ ਵੱਖਰਾ ਵੱਡਾ ਹਾਲ ਵੀ ਬਣਾ ਲਿਆ ਹੈ ਤੇ ਉਥੇ ਕੋਈ ਵੀ ਸਮਾਧ ਨਹੀ ਹੈ ਅਤੇ ਨਾ ਹੀ ਉਹ ਕਿਸੇ ਸਮਾਧ ਤੇ ਅਖੰਡ ਪਾਠ ਰਖਾਉਣ ਦੇ ਹੱਕ ਵਿੱਚ ਹਨ।ਉਹਨਾਂ ਕਿਹਾ ਕਿ ਬੀਤੇ ਕਲ੍ਹ ਪੰਜ ਪਿਆਰੇ ਆਏ ਸਨ ਜਿਹਨਾਂ ਕਿਹਾ ਸੀ ਕਿ ਉਹਨਾਂ ਨੇ ਮੌਕਾ ਵੇਖ ਲਿਆ ਹੈ ਅਤੇ ਉਹ ਜਾ ਕੇ ਜਥੇਦਾਰ ਅਕਾਲ ਤਖਤ ਨੂੰ ਰਿਪੋਰਟ ਦੇ ਦੇਣਗੇ, ਪਰ ਅੱਜ ਸਵੇਰੇ 6 ਵਜੇ ਹੀ ਪਿੰਡ ਵਾਲਿਆਂ ਨੇ ਅਖੰਡ ਪਾਠ ਰੱਖਵਾ ਦਿੱਤੇ ਹਨ।ਉਹਨਾਂ ਕਿਹਾ ਕਿ ਉਹ ਇਸ ਗੱਲ ਦੇ ਹੱਕ ਵਿੱਚ ਵੀ ਨਹੀ ਹਨ ਕਿ 19 ਅਖੰਡ ਪਾਠ ਇਕੱਠੇ ਰੱਖੇ ਜਾਣ ਸਗੋਂ ਇੱਕ ਇੱਕ ਕਰਕੇ ਲੜੀਵਾਰ ਕਰਵਾਏ ਜਾਣੇ ਚਾਹੀਦੇ ਹਨ।ਪਰ ਪਿੰਡ ਵਾਲਿਆਂ ਦਾ ਤਰਕ ਸੀ ਕਿ ਨਾਨਕਸਰ ਵਾਲੇ ਤਾਂ 150-150 ਇਕੱਠੇ ਕਰਵਾਈ ਜਾਂਦੇ ਹਨ।ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਮਰਿਆਦਾ ਨੂੰ ਪੂਰੀ ਤਰ੍ਹਾਂ ਸਮੱਰਪਿਤ ਹਨ ਅਤੇ ਜਥੇਦਾਰ ਦੇ ਹਰ ਹੁਕਮ ਨੂੰ ਮੰਨਣ ਲਈ ਪਾਬੰਦ ਹਨ।ਉਹਨਾਂ ਕਿਹਾ ਕਿ ਪਿੰਡ ਵਾਲਿਆ ਕੋਲੋ ਲਿਖਵਾ ਕੇ ਲੈ ਲਿਆ ਗਿਆ ਹੈ ਕਿ ਉਹ ਭਵਿੱਖ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਿਕ ਹੀ ਅਖੰਡ ਪਾਠ ਕਰਵਾ ਸਕਣਗੇ।
Punjab Post Daily Online Newspaper & Print Media