Wednesday, March 18, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਾਰਤ ਅਤੇ ਅਮਰੀਕਾ ਸਬੰਧ ਵਿਸ਼ੇ ਤੇ ਸੈਮੀਨਾਰ ਆਯੋਜਿਤ

PPN2803201507ਅੰਮ੍ਰਿਤਸਰ,  28 ਮਾਰਚ (ਪ੍ਰੀਤਮ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਕੂਲ ਆਫ ਸੋਸ਼ਲ ਸਾਇੰਸ ਵੱਲੋ ਭਾਰਤ ਅਤੇ ਅਮਰੀਕਾ ਸਬੰਧ ਵਿਸ਼ੇ ਤੇ ਇਕ ਰੋਜ਼ਾ ਸੈਮੀਨਾਰ ਦਾ ਆਯੋਜਨ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕੀਤਾ ਗਿਆ, ਜਿਸ ਵਿਚ ਦੋਹਾਂ ਦੇਸ਼ਾਂ ਦੇ ਭਵਿਖ ਵਿਚਲੇ ਨਕਸ਼ੇ ਕਦਮਾਂ ਸੰਬੰਧੀ ਚਰਚਾ ਕੀਤੀ ਗਈ। ਇਹ ਸੈਮੀਨਾਰ ਇੰਡੀਅਨ ਕੌਂਸਲ ਆਪ ਵਰਲਡ ਅਫੈਅਰਜ਼, ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਵਿਦਵਾਨਾਂ ਵੱਲੋਂ 16 ਖੋਜ ਪਰਚੇ ਪੇਸ਼ ਕੀਤੇ ਗਏ।  ਸੈਮੀਨਾਰ ਦਾ ਉਦਘਾਟਨ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਕੀਤਾ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਫੁੱਲ ਬਰਾਈਟ ਸਕਾਲਰ ਅਤੇ ਕਾਮਨਵੈਲਥ ਸਕਾਲਰ ਪ੍ਰੋਫੈਸਰ ਚਿੰਤਾਮਣੀ ਮਹਾਂਪਾਤਰਾ ਨੇ ਇਸ ਮੌਕੇ ਕੁੰਜੀਵਤ ਭਾਸ਼ਣ ਦਿੱਤਾ ਅਤੇ ਕੁਰਕਸ਼ੇਤਰਾ ਯੂਨੀਵਰਸਿਟੀ ਕੁਰਕਸ਼ੇਤਰਾ ਦੇ ਪ੍ਰੋਫੈਸਰ ਰਾਜਬੀਰ ਸਿੰਘ ਯਾਦਵ ਨੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕੀਤੀ। ਵਿਭਾਗ ਦੇ ਮੁਖੀ ਡਾ. ਜਗਰੂਪ ਸਿੰਘ ਸ਼ੇਖੋ ਨੇ  ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਅਤੇ ਅਮਰੀਕਾ ਦੇ ਆਪਸੀ ਸਬੰਧ ਅਤੇ ਵਿਦੇਸ਼ ਨੀਤੀਆਂ ਤੋ ਜਾਣੂ ਕਰਵਾਉਣਾ ਹੈ। ਸੈਮੀਨਾਰ ਦੇ ਕਨਵੀਨਰ ਡਾ. ਰਾਜੇਸ਼ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਪ੍ਰੋ. ਮਹਾਂਪਾਤਰਾ ਨੇ ਕਿਹਾ ਕਿ ਅਮਰੀਕਾ ਆਪਣੀ ਆਰਥਿਕ ਮੰਦਹਾਲੀ ਤੋਂ ਬਾਹਰ ਆਉਣ ਲਈ ਨਵੀਆਂ ਮੰਡੀਆਂ ਦੀ ਤਲਾਸ਼ ਵਿਚ ਸੀ। ਵਿਸ਼ੇਸ਼ ਕਰਕੇ ਭਾਰਤ ਦੀ ਮੰਡੀ ਵਿਚ ਅਮਰੀਕਾ ਨੂੰ ਆਰਥਿਕ ਦਸ਼ਾ ਸੁਧਾਰਣ ਲਈ ਕਈ ਆਸਾਰ ਨਜ਼ਰ ਆ ਰਹੇ ਸਨ।ਪਰ ਭਾਰਤ ਦੀ ਗਠਜੋੜ ਵਾਲੇ ਰਾਜਨੀਤਿਕ ਪ੍ਰਬੰਧ ਅਤੇ ਵਿਦੇਸ਼ ਨੀਤੀ ਦੀਆਂ ਔਕੜਾਂ ਕਰਕੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਸੁਧਾਰ ਦੀ ਗਤੀ ਹੌਲੀ ਰਹੀ। ਉਹਨਾਂ ਕਿਹਾ ਕਿ ਇਨ੍ਹਾਂ ਰਿਸ਼ਤਿਆਂ ਨੂੰ ਸੁਧਾਰਨ ਅਤੇ ਵਪਾਰ ਦੀ ਗਤੀ ਵਿਚ ਤੇਜੀ ਲਿਆਉਣ ਲਈ ਓਬਾਮਾ ਸਰਕਾਰ ਨੇ ਗੰਭੀਰਤਾ ਨਾਲ ਮੋਦੀ ਸਰਕਾਰ ਨਾਲ ਮਿਲ ਕੇ ਜਤਨ ਕੀਤੇ ਜਿਸਦੇ ਨਤੀਜੇ ਵਜੋਂ ਓਬਾਮਾ ਦੀ ਭਾਰਤ ਯਾਤਰਾ ਅਤੇ ਮੋਦੀ ਦੀ ਅਮਰੀਕਾ ਫੇਰੀ ਦੇ ਨਤੀਜੇ ਵਜੋਂ ਦੋਹਾਂ ਦੇਸ਼ਾ ਦੀ ਵਪਾਰ ਨੀਤੀ ਅਤੇ ਨਿਊਕਲੀਅਰ ਸੰਬੰਧਾਂ ਵਿਚ ਨਵੇ ਰਾਹ ਖੁਲਣਗੇ।
ਪ੍ਰਧਾਨਗੀ ਭਾਸ਼ਣ ਵਿਚ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਆਖਿਆ ਕਿ ਭਾਰਤ ਅਜ਼ਾਦੀ ਸਮੇਂ ਇਕ ਗਰੀਬ ਦੇਸ਼ ਸੀ ਲੇਕਿਨ ਅੱਜ ਇਥੋਂ ਦੇ ਲੋਕਾਂ ਦੀ ਮਿਹਨਤ ਸਦਕਾ ਭਾਰਤ ਬਾਕੀ ਦੇਸ਼ਾਂ ਨੂੰ ਭੋਜਨ ਨਿਰਯਾਤ ਕਰਨ ਦੇ ਕਾਬਿਲ ਹੋ ਗਿਆ ਹੈ। ਇਥੋਂ ਤਕ ਕਿ ਭਾਰਤ, ਅਮਰੀਕਾ ਅਤੇ ਕਈ ਹੋਰ ਪੱਛਮੀ ਦੇਸ਼ਾਂ ਨਾਲੋਂ ਕਿਤੇ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਅਮਰੀਕਾ ਵੀ ਪਿਛਲੇ ਛੇ ਸਾਲਾਂ ਤੋਂ ਤਕਰੀਬਨ ਹਰ ਦੇਸ਼ ਵਿਚ ਯੋਗਦਾਨ ਪਾ ਰਿਹਾ ਹੈ। ਸੋ ਅੱਜ ਲੋੜ ਭਾਰਤ ਅਤੇ ਅਮਰੀਕਾ ਤੇ ਹੋਰ ਦੇਸ਼ਾਂ ਨਾਲ ਸਹਿਯੋਗ ਵਧਾਉਣ ਦੀ ਹੈ। ਆਈ ਸੀ ਡਲਬਯੂ ਏ ਦੀ ਪ੍ਰਤਿਨਿਧ ਡਾ. ਸ਼ਰੁਤੀ ਬੈਨਰਜੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਸਕੂਲ ਅਤੇ ਉਚੇਰੀ ਸਿਖਿਆ ਦੇ  ਪੱਧਰ ਉੇਤੇ, ਮੈਡੀਕਲ ਲਾਇਨ ਅਤੇ ਸਿਹਤ ਸੇਵਾਵਾਂ ਬਾਰੇ ਸਹਿਯੋਗ ਅਦਾਨ-ਪ੍ਰਦਾਨ ਹੋ ਚਾਹੀਦਾ ਹੈ ਅਤੇ ਵਿਭਿੰਨ ਪੱਧਰ ਉਤੇ ਐਮ. ਓ. ਯੂ. ਦਸਤਖਤ ਹੋਣੇ ਚਾਹੀਦੇ ਹਨ। ਇਸ ਮੌਕੇ ਪ੍ਰੋ. ਬਰਾੜ ਵੱਲੋਂ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply