Sunday, March 15, 2026

ਜਥੇ: ਅਵਤਾਰ ਸਿੰਘ ਵੱਲੋਂ ਬਰਮਿੰਘਮ ‘ਚ ਸਿੱਖ ‘ਤੇ ਹੋਏ ਨਸਲੀ ਹਮਲੇ ਦੀ ਨਿਖੇਧੀ

ਬਰਮਿੰਘਮ ਘਟਨਾ ਸਬੰਧੀ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 1 ਅਪ੍ਰੈਲ (ਗੁਰਪ੍ਰੀਤ ਸਿੰਘ) – ਬਰਮਿੰਘਮ ਸ਼ਹਿਰ ਦੀ ਬ੍ਰੋਡ ਸਟਰੀਟ ਵਿਖੇ ਇਕ ਸਿੱਖ ਤੇ ਹੋਏ ਨਸਲੀ ਹਮਲੇ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਿਦੇਸ਼ੀ ਸਰਕਾਰਾਂ ਨਾਲ ਗੱਲਬਾਤ ਕਰਕੇ ਸਿੱਖਾਂ ਉੱਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਿਆ ਜਾਵੇ ਤੇ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਬ੍ਰਿਟਿਸ਼ ਦੂਤ ਘਰ ਨੂੰ ਵੀ ਇਸ ਸਬੰਧੀ ਪੱਤਰ ਲਿਖ ਕੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਰਲੀਕਰਨ ਲਈ ਉਚੇਚੇ ਯਤਨ ਕਰਨ ਲਈ ਮੰਗ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਿਛਲੇ ਦਿਨੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਦਿੱਤੇ ਗਏ ਯਾਦ ਪੱਤਰ ਵਿੱਚ ਵੀ ਇਹ ਗੱਲ ਪ੍ਰਮੁੱਖਤਾ ਨਾਲ ਉਠਾਈ ਗਈ ਸੀ ਕਿ ਵਿਦੇਸ਼ਾਂ ਵਿੱਚ ਸਿੱਖਾਂ ਉੱਪਰ ਹੁੰਦੇ ਨਸਲੀ ਹਮਲੇ ਰੁਕਵਾਏ ਜਾਣ ਅਤੇੇ ਅੰਮ੍ਰਿਤਧਾਰੀ ਸਿੱਖਾਂ ਨੂੰ ਵਿਦੇਸ਼ਾਂ ‘ਚ ਕਕਾਰ ਪਹਿਨਣ ਸਬੰਧੀ ਆਉਂਦੀ ਮੁਸ਼ਕਲ ਨੂੰ ਵੀ ਦੂਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਸਿੱਖ ਮਸਲਿਆਂ ਨੂੰ ਹੱਲ ਕਰਨ ਸਬੰਧੀ ਸਾਕਾਰਾਤਮਕ ਹਾਮੀ ਭਰੀ ਸੀ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੁਪਰੀਮ ਸੰਸਥਾ ਹੈ । ਦੇਸ਼ ਵਿਦੇਸ਼ਾਂ ਵਿੱਚ ਜੇਕਰ ਕਿਸੇ ਸਿੱਖ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸੰਸਥਾ ਉਸ ਨਾਲ ਚਟਾਨ ਵਾਂਗ ਖੜੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਵਿਦੇਸ਼ਾਂ ਦੀਆਂ ਸਰਕਾਰਾਂ ਸਿੱਖਾਂ ਨੂੰ ਹਰ ਥਾਂ ਪੁਰ ਕਕਾਰ ਪਹਿਨਣ ਤੇ ਦਸਤਾਰ ਸਜਾਉਣ ਦੀ ਇਜਾਜਤ ਦੇ ਰਹੀਆਂ ਹਨ ਤੇ ਦੂਸਰੇ ਪਾਸੇ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਨਕਸਲੀ ਵਿਤਕਰੇ ਦਾ ਬੀਜ ਬੋ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖ ਅਮਨ ਪਸੰਦ ਕੌਮ ਹੈ । ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾਂ ਹੀ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸਿੱਖ ਧਰਮ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਨਾ ਹੀ ਧਰਮ, ਜਾਤ ਅਤੇ ਨਸਲ ਦਾ ਭਿੰਨ ਭੇਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿਸ ਦੇਸ਼ ਵਿੱਚ ਵੀ ਗਏ ਹਨ ਉਸ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ  ਹੈ। ਪਰ ਅਫਸੋਸ ਕਿ ਗਲਤ ਪਹਿਚਾਣ ਕਰਕੇ ਇਸ ਤੋਂ ਪਹਿਲਾਂ ਵੀ ਵੱਖੁਵੱਖ ਦੇਸ਼ਾਂ ਵਿੱਚ ਸਿੱਖਾਂ ਤੇ ਨਸਲੀ ਹਮਲੇ ਹੋਏ ਹਨ ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਰਮਿੰਘਮ ਵਿਖੇ ਵਾਪਰੀ ਇਸ ਘਟਨਾ ਨੇ ਜਿੱਥੇ ਇੰਗਲੈਂਡ ਦੀ ਸਕਿਉਰਟੀ ਨੂੰ ਕਟਿਹਰੇ ‘ਚ ਖੜਾ ਕੀਤਾ ਹੈ ਓਥੇ ਸਮੁੱਚੇ ਸਿੱਖਾਂ ਵਿੱਚ ਵੀ ਇਸ ਹਮਲੇ ਪ੍ਰਤੀ ਰੋਸ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਵਿਦੇਸ਼ੀ ਸਰਕਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੀਆਂ ਹਨ ਦੂਜੇ ਪਾਸੇ ਸਿੱਖਾਂ ਤੇ ਨਸਲੀ ਹਮਲੇ ਹੋ ਰਹੇ ਹਨ ਜੋ ਅਤਿ ਨਿੰਦਣਯੋਗ ਹਨ।
ਉਨ੍ਹਾਂ ਇੰਗਲੈਂਡ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਿਹਰੇ ‘ਚ ਖੜਾ ਕੀਤਾ ਜਾਵੇ ਤੇ ਅੱਗੇ ਤੋਂ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply