Monday, July 8, 2024

 ਜੱਸੀ ਕਤਲ ਦੀ ਅਦਾਲਤੀ ਜਾਂ ਕੇਂਦਰੀ ਜਾਂਚ ਬਿਊਰੋ ਵਲੋਂ ਸਮਾਂ-ਬੱਧ ਜਾਂਚ ਹੋਵੇ – ਖਹਿਰਾ

ਕਾਂਗਰਸੀ ਖਹਿਰਾ ਤੇ ਡਿਸ਼ ਐਨਟਿਨਾ ਸੰਘ ਦੇ ਪ੍ਰਧਾਨ ਡਾ. ਏ.ਕੇ ਰਸਤੋਗੀ ਹਮਦਰਦੀ ਲਈ ਪੁੱਜੇ

PPN0401201526

ਅੰਮ੍ਰਿਤਸਰ, 1 ਅਪ੍ਰੈਲ  (ਪੰਜਾਬ ਪੋਸਟ ਬਿਊਰੋ) –  ਪੰਜਾਬ ਦੇ ਫੈਲੇ ਕੇਬਲ ਮਾਫੀਆ ਵਲੋਂ ਸਤਾਉਣ ‘ਤੇ  ਮਜਬੂਰ ਹੋ ਕੇ ਸੁਪਰੀਮ ਕੋਰਟ ,ਹਾਈਕੋਰਟ ਅਤੇ ਜਿਲ੍ਹਾ ਸ਼ੈਸ਼ਨ ਜੱਜ ਸਾਹਮਣੇ ਜਹਿਰ ਪੀ ਕੇ ਜੀਵਨ ਲੀਲਾ ਖਤਮ ਕਰਨ ਵਾਲੇ ਕੇਬਲ ਅਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕਰਨ ਪੁੱਜੇ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਹ ਸਾਧਾਰਣ ਮੌਤ ਜਾਂ ਆਤਮ ਹੱਤਿਆ ਨਹੀ ਬਲਕਿ ਜਿਲ੍ਹਾ ਪ੍ਰਸ਼ਾਸ਼ਨ ਦੀ ਨਲਾਇਕੀ ਅਤੇ ਸੂਬੇ ਵਿੱਚ ਕੇਬਲ ਮਾਫੀਆ ਨੂੰ ਉਪ ਮੁੱਖ ਮੰਤਰੀ ਦੇ ਅਸ਼ੀਰਵਾਦ ਕਾਰਣ ਹੋਇਆ ਹੈ।ਇਸ ਕਤਲ ਦੀ ਅਦਾਲਤੀ ਜਾਂ ਕੇਂਦਰੀ ਜਾਂਚ ਬਿਊਰੋ ਵਲੋਂ ਸਮਾਂਬੱਧ ਜਾਂਚ ਅਤੇ ਪ੍ਰੀਵਾਰ ਨੂੰ ਘਟੋ ਘੱਟ 50 ਲੱਖ ਦੀ ਮਾਲੀ ਮਦਦ ਦਿੱਤੀ ਜਾਣੀ ਚਾਹੀਦੀ ਹੈ।ਉਨਾਂ ਇਹ ਵੀ ਕਿਹਾ ਕਿ ਇਹ ਸੱਚ ਵੀ ਸਾਹਮਣੇ ਲਿਆਂਦਾ ਜਾਏ ਕਿ ਪੰਜਾਬ ਦੇ  ਕੇਬਲ ਮਾਫੀਆ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਰਮਿਆਨ ਕੀ ਰਿਸ਼ਤਾ ਹੈ।ਬਾਅਦ ਦੁਪਹਿਰ ਮਰਹੂਮ ਕੇਬਲ ਅਪਰੇਟਰ ਜਸਵਿੰਦਰ ਸਿੰਘ ਜੱਸੀ ਦੇ ਘਰ ਪੁੱਜੇ ਸ੍ਰ. ਖਹਿਰਾ ਨੇ ਉਸ ਦੀ ਵਿਧਵਾ ਬੀਬੀ ਬਲਬੀਰ ਕੌਰ ਨਾਲ ਆਪਣੇ ਤੇ ਪਾਰਟੀ ਵਲੋਂ ਹਮਦਰਦੀ ਪ੍ਰਗਟ ਕਰਦਿਆਂ ਯਕੀਨ ਦਿਵਾਇਆ ਕਿ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪ੍ਰੀਵਾਰ ਦੇ ਨਾਲ ਖੜੀ ਹੈ ।ਉਨ੍ਹਾਂ ਭਰੋਸਾ ਦੱਿਤਾ ਕਿ ਇਨਸਾਫ ਲਈ ਜੇਕਰ ਪ੍ਰੀਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣ ਦਾ ਫੈਸਲਾ ਵੀ ਲੈਂਦਾ ਹੈ ਤਾਂ ਕਾਂਗਰਸ ਪਾਰਟੀ ਹਰ ਸੰਭਵ ਮਦਦ ਕਰੇਗੀ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਖਹਿਰਾ ਨੇ ਕਿਹਾ ਕਿ ਜਿਥੇ ਪੀ.ਟੀ.ਸੀ. ਚੈਨਲ ਨੈੱਟਵਰਕ ਨੂੰ ਬਾਦਲ ਪ੍ਰੀਵਾਰ ਦੀ ਸਿੱਧੀ ਸਰਪ੍ਰਸਤੀ ਪ੍ਰਾਪਤ ਹੈ, ਉਥੇ ਫਾਸਟ ਵੇਅ ਕੇਬਲ ਵਿੱਚ ਸੁਖਬੀਰ ਬਾਦਲ ਦਾ ਬੇਨਾਮੀ ਪੈਸਾ ਲੱਗਾ ਹੋਇਆ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਜਿਸ ਬਹੁਚਰਚਿਤ ਸਿਟੀ ਕੇਬਲ ਸੈਕਸ ਰੈਕੇਟ ਮਾਮਲੇ ਵਿੱਚ ਜਸਵਿੰਦਰ ਸਿੰਘ ਜੱਸੀ ਗਵਾਹ ਸੀ, ਉਸ ਬਾਰੇ ਕੇਂਦਰੀ ਜਾਂਚ ਬਿਊਰੋ ਦੇ ਜੁਆਇੰਟ ਡਾਇਰੈਕਟਰ ਮਿਸਟਰ ਨਰਾਇਣਨ ਨੇ ਤਾਂ ਐਸ.ਐਸ.ਪੀ ਅੰਮ੍ਰਿਤਸਰ ਨੂੰ ਸਾਲ 2008 ਵਿਚ ਇਕ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਕੇਸ ਦੇ ਗਵਾਹਾਂ ਨੂੰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜਰ ਹਰੇਕ ਗਵਾਹ ਨੂੰ ਸੁਰੱਖਿਆ ਮੁੱਹਈਆ ਕਰਵਾਈ ਜਾਵੇ ।ੳਨਂ੍ਹਾ ਦੱਸਿਆ ਕਿ ਇਸ ਦੇ ਉਲਟ ਜਿਲ੍ਹਾ ਪੁਲਿਸ ਨੇ ਕੇਬਲ ਮਾਫੀਆ ਦੇ ਇਕ ਅਹਿਮ ਸਰਗਣੇ ਸਰਬਜੀਤ ਸਿੰਘ ਰਾਜੂ ਨੂੰ ਹੀ 4 ਗੰਨਮੈਨ ਦੇ ਦਿੱਤੇ ।ਸ੍ਰ. ਖਹਿਰਾ ਨੇ ਸਵਾਲ ਕੀਤਾ ਕਿ ਆਖਿਰ ਇਕ ਗੁਨਾਹਗਾਰ ਵਿਅਕਤੀ ਜਿਸ ਖਿਲਾਫ ਕੇਂਦਰੀ ਜਾਂਚ ਬਿਊਰੋ ਦੀ ਅਦਾਲਤ ਵਿੱਚ ਕੇਸ ਚੱਲਦੇ ਹੋਣ ਜਿਲ੍ਹਾ ਪੁਲਿਸ ਨੇ ਉਸ ਨੂੰ ਸਰਕਾਰੀ ਗੰਨਮੈਨ ਕਿਵੇਂ ਦੇ ਦਿੱਤੇ? ਸ੍ਰ. ਖਹਿਰਾ ਨੇ ਕਿਹਾ ਕਿ ਕੇਬਲ ਅਪਰੇਟਰਾਂ ਦੀਆਂ ਮੁਸ਼ਕਿਲਾਂ ਸੁਨਣ ਪੁਜੇ ਸੁਪਰੀਮ ਕੋਰਟ, ਹਾਈਕੋਰਟ ਅਤੇ ਜਿਲ੍ਹਾ ਸੈਸ਼ਨ ਜੱਜ ਨੂੰ ਜੱਸੀ ਨੇ ਪਹਿਲਾਂ ਆਪਣਾ ਦੁੱਖ ਦੱਸਿਆ ਤੇ ਜਦ ਸੁਣਵਾਈ ਨਾ ਹੋਈ ਤਾਂ ਆਤਮ ਹੱਤਿਆ ਨੋਟ ਦੇ ਕੇ ਜਹਿਰ ਨਿਘਲਿਆ, ਅਜਿਹੇ ਵਿੱਚ ਅਜੇ ਤੱਕ ਜੱਜ ਸਾਹਿਬਾਨ ਨੇ ਆਪਣੇ ਤੌਰ ਤੇ ਆਪਣੇ ਸਾਹਮਣੇ ਵਾਪਰੇ ਇਸ ਕਤਲ ਬਾਰੇ ਕੋਈ ਸਿੱਧੀ ਪਹਿਲ ਕਿਉਂ ਨਹੀ ਕੀਤੀ, ਇਹ ਚਿੰਤਾ ਦਾ ਵਿਸ਼ਾ ਹੈ ।ਉਨ੍ਹਾਂ ਕਿਹਾ ਕਿ ਇਹ ਜਾਂਚ ਅਦਾਲਤੀ ਹੋਵੇ ਜਾਂ ਕੇਂਦਰੀ ਜਾਂਚ ਬਿਊਰੋ ਹੀ ਕਰੇ ਲੇਕਿਨ ਇਹ ਜਰੂਰ ਵੇਖਿਆ ਜਾਵੇ ਕਿ ਪੰਜਾਬ ਵਿੱਚ ਇਸ ਕੇਬਲ ਮਾਫੀਆ ਦੀ ਪਿੱਠ ਤੇ ਕੌਣ ਕੌਣ ਖੜਾ ਹੈ, ਪੈਸੇ ਕਿਸ ਦੇ ਲੱਗੇ ਹਨ ਤੇ ਇਸ ਵਿੱਚ ਸੁਖਬੀਰ ਸਿੰਘ ਬਾਦਲ ਦਾ ਬੇਨਾਮੀ ਪੈਸਾ ਕਿਤਨਾ ਹੈ।ਜੱਸੀ ਦੇ ਪ੍ਰੀਵਾਰ ਦੀ ਮਾੜੀ ਹਾਲਤ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਪੱਧਰ ਤੇ ਵੀ ਪ੍ਰੀਵਾਰ ਦੀ ਆਰਥਿਕ ਮਦਦ ਕਰੇਗੀ ਲੇਕਿਨ ਪੰਜਾਬ ਸਰਕਾਰ ਨੂੰ ਘੱਟ-ਘੱਟ 50 ਲੱਖ ਰੁਪਏ ਮੁਆਵਜੇ ਵਜੋਂ ਪ੍ਰੀਵਾਰ ਨੂੰ ਦੇਣੇ ਚਾਹੀਦੇ ਹਨ ।
ਇਸੇ ਦੌਰਾਨ ਆਲ ਇੰਡੀਆ ਅਵਿਸ਼ਕਾਰ ਡਿਸ਼ ਐਨਟਿਨਾ ਸੰਘ ਦੇ ਪ੍ਰਧਾਨ ਡਾ. ਏ. ਕੇ ਰਸਤੋਗੀ ਵੀ ਪ੍ਰੀਵਾਰ ਨਾਲ ਹਮਦਰਦੀ ਕਰਨ ਪੁੱਜੇ।ਉਨ੍ਹਾਂ ਦੱਸਿਆ ਕਿ ਜੱਸੀ ਨੇ ਕੁੱਝ ਹਫਤੇ ਪਹਿਲਾਂ ਹੀ ਆਪਣੇ ਸਾਰੇ ਮਾਮਲੇ ਦੀ ਗੱਲ ਟੈਲੀਫੂਨ ਤੇ ਦੱਸੀ ਸੀ ਤੇ ਮਿਲ ਰਹੀਆਂ ਧਮਕੀਆਂ ਦੀ ਰਿਕਾਰਡਿੰਗ ਵੀ ਸੁਣਾਈ ਸੀ ।ਡਾ: ਰਸਤੋਗੀ ਨੇ ਮੰਨਿਆ ਕਿ ਸੰਘ ਵਲੋਂ ਜੱਸੀ ਦੀ ਮਦਦ ਕਰਨ ਵਿੱਚ ਦੇਰੀ ਹੋ ਗਈ, ਲੇਕਿਨ ਉਨ੍ਹਾਂ ਯਕੀਨ ਦਿਵਾਇਆ ਕਿ ਸੰਘ ਭਵਿੱਖ ਵਿੱਚ ਐਸੀ ਕਿਸੇ ਹੋਰ ਘਟਨਾ ਨੂੰ ਰੋਕਣ ਲਈ ਇਕ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕਰੇਗਾ।ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਸਾਲ 2011 ਵਿੱਚ ਹੋਂਦ ਵਿੱਚ ਲਿਆਂਦੇ ਡਿਜ਼ੀਟਲ ਕੇਬਲ ਨੈਟਵਰਕ ਬਿੱਲ ਅਨੁਸਾਰ ਤਾਂ ਕੋਈ ਵੀ ਐਸਾ ਵਿਅਕਤੀ ਕੇਬਲ ਲਾਇਸੈਂਸ ਹਾਸਿਲ ਨਹੀ ਕਰ ਸਕਦਾ, ਜਿਸ ਖਿਲਾਫ ਕੋਈ ਅਦਾਲਤੀ ਕੇਸ ਚੱਲਦਾ ਹੋਵੇ, ਇਸ ਲਈ ਸੰਘ ਸ੍ਰ. ਸਰਬਜੀਤ ਸਿੰਘ ਰਾਜੂ ਦੇ ਫਾਸਟ ਵੇਅ ਨਾਲ ਗੈਰ ਕਾਨੂੰਨੀ ਸਬੰਧਾਂ ਦੀ ਜਾਣਕਾਰੀ ਲੋਕਾਂ ਸਾਂਹਵੇਂ ਜਰੂਰ ਰੱਖੇਗਾ।ਉਨ੍ਹਾਂ ਕਿਹਾ ਕਿ ਜੱਸੀ ਵਲੋਂ ਆਪਣੀ ਜਾਨ ਦੇ ਕੇ ਬੁਲੰਦ ਕੀਤੀ ਕਰਾਂਤੀ ਦੀ ਜੋਤੀ ਨੂੰ ਆਲ ਇੰਡੀਆ ਅਵਿਸ਼ਕਾਰ ਡਿਸ਼ ਐਨਟਿਨਾ ਸੰਘ ਬੁੱਝਣ ਨਹੀ ਦੇਵੇਗਾ ਅਤੇ ਪ੍ਰੀਵਾਰ ਨੂੰ ਇਨਸਾਫ ਦਿਵਾ ਕੇ ਰਹੇਗਾ।ਇਸ ਮੌਕੇ ਕੌਂਸਲਰ ਕੰਵਲਨੈਨ ਸਿੰਘ ਗੁਲੂ, ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਵਾਲੀਆ, ਗਾਡ ਫਾਦਰ ਕੇਬਲ ਨੈਟੱਵਰਕ ਦੇ ਗਰਦੇਵ ਸਿੰਘ ਭੁੱਲਰ ਵੀ ਮੌਜੂਦ ਸਨ।ਡਾ. ਏ.ਕੇ ਰਸਤੋਗੀ ਨੇ ਨਿੱਜੀ ਹੈਸੀਅਤ ਵਿੱਚ ਪ੍ਰੀਵਾਰ ਨੂੰ 10 ਹਜਾਰ ਰੁਪਏ ਦੀ ਆਰਥਿਕ ਮਦਦ ਦਿੰਦਿਆਂ ਯਕੀਨ ਦਿਵਾਇਆ ਕਿ ਸੰਘ ਪ੍ਰੀਵਾਰ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਹਰ ਸੂਬੇ ਤੋਂ ਆਰਥਿਕ ਮਦਦ ਸਿੱਧੀ ਪ੍ਰੀਵਾਰ ਦੇ ਬੈਂਕ ਖਾਤੇ ਵਿੱਚ ਜਮਾਂ ਕਰਵਾਈ ਜਾਵੇਗੀ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply