ਕਿਹਾ ਕਾਂਗਰਸ ਦਾ ਸਾਥ ਦੇ ਕੇ ਬਰਨਾਲਾ ਪਰਿਵਾਰ ਨੇ ਆਪਣੇ ਲਈ ਸਿਆਸੀ ਕਬਰ ਖੋਦੀ

ਅੰਮ੍ਰਿਤਸਰ, 3 ਅਪਰੈਲ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਨੇ ਕਿਹਾ ਕਿ ਧੂਰੀ ਉਪ ਚੋਣ ਵਿੱਚ ਅਕਾਲੀ ਭਾਜਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਜਿੱਤ ਯਕੀਨੀ ਹੈ। ਭਾਈ ਲੌਂਗੋਵਾਲ ਦੇ ਹੱਕ ਵਿੱਚ ਪਿੰਡ ਬੁਰਜ ਗੋਹਰਾ ਵਿਖੇ ਚੋਣ ਪ੍ਰਚਾਰ ਕਰ ਰਹੇ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਅੰਦਰ ਕੀਤੇ ਗਏ ਵਿਕਾਸ ਕਾਰਜਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਨੂੰ ਲੋਕਾਂ ਵਲੋਂ ਭਰਪੂਰ ਉਤਸ਼ਾਹ ਅਤੇ ਹਮਾਇਤ ਮਿਲ ਰਹੀ ਹੈ।ਉਹਨਾਂ ਕਿਹਾ ਕਿ ਅਕਾਲੀ ਉਮੀਦਵਾਰ ਅੱਗੇ ਕੋਈ ਵੀ ਵਿਰੋਧੀ ਨਹੀਂ ਟਿਕ ਸਕੇਗਾ।ਉਹਨਾਂ ਕਿਹਾ ਕਿ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਚੋਣ ਮੈਦਾਨ ਵਿੱਚ ਹੈ ਜਿੱਥੇ ਕਾਂਗਰਸ ਕੋਲ ਕੋਈ ਮੁੱਦਾ ਹੀ ਨਹੀਂ ਹੈ।ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਜੋ ਵਿਕਾਸ ਪੰਜਾਬ ਦਾ ਕਰਾਇਆ ਕਾਂਗਰਸ ਦੀਆਂ ਸਰਕਾਰਾਂ ਨੇ ਕਦੀ ਸੋਚਿਆ ਵੀ ਨਹੀਂ ਸੀ।ਉਹਨਾਂ ਕਿਹਾ ਕਿ ਕਾਂਗਰਸ ਦਾ ਦੇਸ਼ ਭਰ ਵਿੱਚੋਂ ਸਫਾਇਆ ਹੋ ਚੁੱਕਿਆ ਹੈ ਤੇ ਪੰਜਾਬ ਵਿੱਚ ਵੀ ਇਹਨਾਂ ਦੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਅੱਜ ਕਾਂਗਰਸ ਨੂੰ ਉਪ ਚੋਣ ਲੜਨ ਲਈ ਵੀ ਪਾਰਟੀ ਤੋਂ ਬਾਹਰੋਂ ਉਮੀਦਵਾਰ ਲਿਆਉਣਾ ਪੈ ਰਿਹਾ ਹੈ।ਉਹਨਾਂ ਬਰਨਾਲਾ ਪਰਿਵਾਰ ‘ਤੇ ਚੋਟ ਮਾਰਦਿਆਂ ਕਿਹਾ ਕਿ ਬਰਨਾਲਾ ਪਰਿਵਾਰ ਅਕਾਲੀ ਦਲ ਦਾ ਅਹਿਸਾਨ ਚੁਕਾਉਣ ਦੀ ਥਾਂ ਕਾਂਗਰਸ ਦਾ ਸਾਥ ਦੇ ਕੇ ਅਕਾਲੀ ਦਲ ਅਤੇ ਪੰਜਾਬ ਨਾਲ ਹੀ ਧ੍ਰੋਹ ਕਮਾਉਣ ਤੁਰ ਪਿਆ ਹੈ, ਅਜਿਹਾ ਕਰ ਕੇ ਬਰਨਾਲਾ ਪਰਿਵਾਰ ਨੇ ਆਪਣੇ ਲਈ ਸਿਆਸੀ ਕਬਰ ਖੋਦ ਲਈ ਹੈ।
ਉਹਨਾਂ ਲੋਕਾਂ ਨੂੰ ਸੰਤ ਲੌਂਗੋਵਾਲ ਦੀ ਪ੍ਰੇਰਨਾ ਸਦਕਾ ਸੱਚ ਦਾ ਪੱਲਾ ਫੜ ਕੇ ਇਲਾਕੇ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਰਹੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾ ਕੇ ਉਹਨਾਂ ਨੂੰ ਵਿਧਾਨ ਸਭਾ ਵਿੱਚ ਭੇਜਣ ਦੀ ਅਪੀਲ ਕੀਤੀ।ਇਸ ਮੌਕੇ ਲੋਕਾਂ ਨੇ ਭਾਈ ਲੌਂਗੋਵਾਲ ਦਾ ਪੂਰਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਵੀਰ ਸਿੰਘ ਲੋਪੋਕੇ, ਵਿਰਸਾ ਸਿੰਘ ਵਲਟੋਹਾ, ਇਜ਼ਹਾਰ ਆਲਮ, ਅਬਦਲ ਗੁਫਾਰ, ਮਨਜੀਤ ਸਿੰਘ ਮੰਨਾ, ਰਵਿੰਦਰ ਸਿੰਘ ਬ੍ਰਹਮਪੁਰਾ, ਹਰਮੀਤ ਸਿੰਘ ਸੰਧੂ, ਇੰਦਰਬੀਰ ਸਿੰਘ ਬੁਲਾਰੀਆ, ਸੰਤਾ ਸਿੰਘ ਉਮੈਦਪੁਰੀ, ਬਲਜੀਤ ਸਿੰਘ ਜਲਾਲ ਉਸਮਾਂ, ਤਲਬੀਰ ਸਿੰਘ ਗਿੱਲ, ਗੁਰਪ੍ਰਤਾਪ ਸਿੰਘ ਟਿਕਾ, ਪ੍ਰਮਿੰਦਰ ਸਿੰਘ ਬਰਾੜ ਅਤੇ ਗੁਰਪਾਲ ਸਿੰਘ ਧੂਰੀ ਆਦਿ ਮੌਜੂਦ ਸਨ।
Punjab Post Daily Online Newspaper & Print Media