ਸਿੱਖਿਅਕ ਪ੍ਰਬੰਧਾਂ ਦੀ ਦਸ਼ਾ ਤੇ ਦਿਸ਼ਾ ਸਬੰਧੀ ਕਰਵਾਇਆ ਤੀਜਾ ਸਰਬ ਭਾਰਤੀ ਸਰਵੇ – ਡਾ. ਤਿਆਗੀ

ਅੰਮ੍ਰਿਤਸਰ 3, ਅਪਰੈਲ (ਜਗਦੀਪ ਸਿੰਘ ਸੱਗੁ) – ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿੱਚ ਨੈਸ਼ਨਲ ਯੂਨੀਵਰਸਿਟੀ ਆਫ਼ ਐਜੂਕੇਸ਼ਨਲ ਪਲੈਨਿੰਗ ਐਂਡ ਐਡਮੀਨਿਸਟਰੇਸ਼ਨ, ਨਵੀਂ ਦਿੱਲੀ ਵਲੋਂ ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ, ਪੰਜਾਬ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਦਿਅਕ ਪ੍ਰਬੰਧ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਅਜੋਕੇ ਸਮੇਂ ਵਿੱਚ ਬਦਲ ਰਹੀਆਂ ਲੋੜਾਂ ਦੇ ਸੰਦਰਭ ਵਿਚ ਸਿੱਖਿਆ ਪ੍ਰਬੰਧ ਦੀ ਦਸ਼ਾ ਅਤੇ ਦਿਸ਼ਾ ਸਬੰਧੀ ਤੀਜਾ ਸਰਬ ਭਾਰਤੀ ਸਰਵੇ ਕਰਵਾਇਆ ਗਿਆ ਅਤੇ ਉਪਰੰਤ ਵਿਚਾਰ ਚਰਚਾ ਕੀਤੀ ਗਈ। ਵਰਕਸ਼ਾਪ ਦੀ ਜ਼ਿਲ੍ਹਾ ਕੋਆਰਡੀਨੇਟਰ ਤੇ ਸਕੂਲ ਪਿ੍ਰੰਸੀਪਲ ਸ੍ਰੀਮਤੀ ਮਨਦੀਪ ਕੌਰ ਤੇ ਤਰਨਤਾਰਨ ਜ਼ਿਲ੍ਹੇ ਦੇ ਕੁਆਰਡੀਨੇਟਰ ਸ. ਬਲਰਾਜ ਸਿੰਘ ਢਿਲੋਂ ਨੇ ਦਸਿਆ ਕਿ ਰਾਸ਼ਟਰੀ ਪੱਧਰ ਦੇ ਇਸ ਸਰਵੇ ਲਈ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮੁਹਾਲੀ, ਅੰਮ੍ਰਿਤਸਰ ਤੇ ਤਰਨਤਾਰਨ ਦੀ ਚੋਣ ਕੀਤੀ ਗਈ ਹੈ।
ਵਰਕਸ਼ਾਪ ਮੌਕੇ ਐਸ.ਸ਼ੀ.ਈ.ਆਰ.ਟੀ ਦੇ ਡਿਪਟੀ ਡਾਇਰੈਕਟਰ ਅਤੇ ਸਟੇਟ ਕੋਆਰਡੀਨੇਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਵਿਦਿਅਕ ਪ੍ਰਬੰਧਾਂ ਸਬੰਧੀ ਅਨੇਕਾਂ ਮਸਲੇ ਸਨਮੁੱਖ ਆਏ ਹਨ ਅਤੇ ਇਨ੍ਹਾਂ ਦੇ ਸਮਾਧਾਨ ਲਈ ਠੋਸ ਭਵਿੱਖਮਈ ਨੀਤੀਆਂ ਦੀ ਜ਼ਰੂਰਤ ਹੈ।ਐਨ.ਯੂ.ਈ.ਪੀ.ਏ ਨਵੀਂ ਦਿੱਲੀ ਦੇ ਡਾ. ਆਰ. ਐਸ. ਤਿਆਗੀ ਨੇ ਕਿਹਾ ਕਿ ਸਿਖਿਅਕ ਪ੍ਰਬੰਧਾਂ ਸਬੰਧੀ ਤੱਥਾਂ ਆਧਾਰਿਤ ਇਹ ਸਰਵੇ ਯਕੀਨਨ ਵਿਦਿਆ ਸਬੰਧੀ ਉਸਾਰੂ ਤੇ ਨਿੱਗਰ ਨੀਤੀ ਬਣਾਉਣ ਵਿੱਚ ਸਹਾਇਕ ਹੋਵੇਗਾ। ਜ਼ਿਲ੍ਹਾ ਸਿਖਿਆ ਅਫਸਰ ਸ. ਸਤਿੰਦਰਬੀਰ ਸਿੰਘ ਨੇ ਆਸ ਪ੍ਰਗਟਾਈ ਕਿ ਵਰਕਸ਼ਾਪ ਦੇ ਸਿੱਟੇ ਵਿਦਿਅਕ ਪ੍ਰਬੰਧਾਂ ਦੇ ਸੁਧਾਰ ਵਿੱਚ ਯੋਗਦਾਨ ਪਾਉਣਗੇ।
ਇਸ ਵਰਕਸ਼ਾਪ ਵਿਚ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਸਤਿੰਦਰਬੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਸ. ਜੁਗਰਾਜ ਸਿੰਘ, ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ.ਪਰਮਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਤਰਨਤਾਰਨ ਸ. ਜਸਪਾਲ ਸਿੰਘ ਤੋਂ ਇਲਾਵਾ 25 ਦੇ ਕਰੀਬ ਪ੍ਰਿੰਸੀਪਲ, ਮੁੱਖ ਅਧਿਆਪਕਾਂ ਅਤੇ ਹੈਡ ਟੀਚਰਾਂ ਨੇ ਸ਼ਿਰਕਤ ਕੀਤੀ।ਇਸ ਮੌਕੇ ਐਸ.ਸੀ.ਈ.ਆਰ.ਟੀ ਦੇ ਕੁਲਦੀਪ ਵਰਮਾ, ਨਿਰਮਲ ਕੌਰ, ਸੁਨੀਲ ਕੁਮਾਰ, ਸੰਦੀਪ ਕਟਾਰੀਆ ਅਤੇ ਸ਼ਿਵਾਨੀ ਨੇ ਵਰਕਸ਼ਾਪ ਆਯੋਜਨ ਵਿੱਚ ਯੋਗਦਾਨ ਪਾਇਆ।
Punjab Post Daily Online Newspaper & Print Media