ਵੱਡੀ ਗਿਣਤੀ ਵਿਚ ਪਹੁੰਚੇ ਸਾਹਿਤ ਪ੍ਰੇਮੀ


ਬਟਾਲਾ, 4 ਅਪ੍ਰੈਲ (ਨਰਿੰਦਰ ਬਰਨਾਲ) – 88ਵੇਂ ਆਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਦੂਸਰੇ ਦਿਨ ਅੱਜ ਇਤਿਹਾਸਕ ਕਸਬਾ ਘੁਮਾਣ ਵਿਖੇ ਭਾਰਤੀ ਭਾਸ਼ਾਵਾਂ ਦੇ ਅਨੁਵਾਦ ਅਤੇ ਪ੍ਰਭਾਵਸ਼ਾਲੀ ਲੇਖਣੀ ਸਬੰਧੀ ਵਿਸ਼ਿਆਂ ‘ਤੇ ਸੈਮੀਨਾਰ ਕਰਵਾਏ ਗਏ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਡਾ. ਉਮਾ ਕੁਲਕਰਨੀ, ਡਾ. ਅਸ਼ੋਕ ਪਲਵੇਕਰ, ਡਾ. ਜਗਦੀਸ਼ ਕਦਮ, ਰੇਖਾ ਦੇਸ਼ਪਾਂਡੇ, ਭਾਲਚੰਦਰ ਜੈਸ਼ੇਟੀ, ਸ਼੍ਰੀਰਾਮ ਪਵਾਰ, ਐਸ.ਐਸ. ਵਿਰਕ, ਉਸ਼ਾ ਵੈਰਾਗਕਰ ਅਠਲੇ ਬਿਲਾਸਪੁਰ, ਡਾ. ਗੁਰਮਿਤ ਬੱਗਾ ਨਾਸਿਕ, ਪ੍ਰਕਾਸ਼ ਦੁਬੇ ਨਾਗਪੁਰ, ਡਾ. ਅਨੂਪਮਾ ਉਜਗਰੇ ਮੁਬਈ, ਡਾ. ਪਦਮਕਰ ਪੰਡਿਤ ਪੂਨੇ ਅਤੇ ਪੰਜਾਬ ਤੇ ਮਹਾਰਾਸ਼ਟਰ ਦੇ ਸਾਹਿਤ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਡਾ. ਉਮਾ ਕੁਲਕਰਨੀ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵੱਖ ਵੱਖ ਰਾਜਾਂ ਵਿੱਚ ਬੋਲੀਆਂ ਜਾਂਦੀਆਂ ਵੱਖ ਵੱਖ ਭਾਸ਼ਾਵਾਂ ਦਾ ਇੱਕ ਦੂਸਰੇ ਨੂੰ ਪੂਰਾ ਮਾਣ ਸਨਮਾਣ ਕਰਨਾ ਚਾਹੀਦਾ ਹੈ ਅਤੇ ਜੋ ਵੀ ਸਾਹਿਤ ਕਿਸੇ ਰਾਜ ਵਿੱਚ ਲਿਖਿਆ ਜਾਂਦਾ ਹੈ ਉਸ ਦਾ ਅਨੁਵਾਦ ਦੂਸਰੇ ਰਾਜਾਂ ਦੀਆਂ ਭਾਸ਼ਾਵਾਂ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਵੱਖ ਵੱਖ ਰਾਜਾਂ ਦੇ ਲੋਕ ਇੱਕ ਦੂਸਰੇ ਰਾਜਾਂ ਦੇ ਸੱਭਿਆਚਾਰ, ਭਾਸ਼ਾ, ਭਗੋਲਿਕ ਅਤੇ ਸੰਸਕ੍ਰਿਤੀ ਨੂੰ ਸਹੀ ਢੰਗ ਨਾਲ ਸਮਝ ਸਕਣ। ਉਨ੍ਹਾਂ ਕਿਹਾ ਕਿ ਭਾਸ਼ਾ ਦਾ ਅਨੁਵਾਦ ਸਹੀ ਸ਼ਬਦਾਂ ਅਤੇ ਸਰਲ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ ਅਤੇ ਅਨੁਵਾਦ ਕਰਨ ਵਾਲੇ ਨੂੰ ਆਪਣੇ ਉੱਪਰ ਪੂਰਾ ਮਾਣ ਹੋਣਾ ਚਾਹੀਦਾ ਹੈ ਕਿ ਉਸ ਨੇ ਜਿਸ ਵੀ ਭਾਸ਼ਾ ਵਿੱਚ ਸਾਹਿਤ ਦਾ ਅਨੁਵਾਦ ਕੀਤਾ ਹੈ। ਉਹ ਬਿਲਕੁਲ ਆਤਮ ਵਿਸ਼ਵਾਸ ਨਾਲ ਠੀਕ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਦੇ ਅਦਾਨ ਪ੍ਰਦਾਨ ਨਾਲ ਜਿੱਥੇ ਇੱਕ ਦੂਸਰੇ ਰਾਜ ਦੀ ਭਾਸ਼ਾ, ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਗਿਆਨ ਹੁੰਦਾ ਹੈ, ਉਥੇ ਸਾਡਾ ਸਮਾਜ ਅਤੇ ਦੇਸ਼ ਮਜ਼ਬੂਤ ਹੁੰਦਾ ਹੈ।
ਇਸ ਮੌਕੇ ਸ਼੍ਰੀਮਤੀ ਰੇਖਾ ਦੇਸ਼ ਪਾਂਡੇ ਨੇ ਆਪਣੇ ਅਨੁਵਾਦ ਦੇ ਅਨੁਭਵ ਬਾਰੇ ਦੱਸਿਆ ਅਤੇ ਸ਼੍ਰੀਰਾਮ ਪਵਾਰ ਨੇ ਦੱਸਿਆ ਕਿ ਅਸਾਮ ਤੇ ਨਾਗਾਲੈਂਡ ਦਾ ਸਾਹਿਤ ਵੀ ਦੂਸਰੇ ਰਾਜਾਂ ਵਿੱਚ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਡਾ. ਅਸ਼ੋਕ ਪਲਵੇਕਰ ਅਤੇ ਡਾ. ਜਗਦੀਸ਼ ਕਦਮ ਨੇ ਵੱਖ ਵੱਖ ਰਾਜਾਂ ਦੇ ਸਾਹਿਤ ਦਾ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਅਦਾਨ ਪ੍ਰਦਾਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਇਸ ਉਪਰੰਤ ਪ੍ਰਭਾਵਸ਼ਾਲੀ ਲੇਖਣੀ ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਵਿੱਚ ਸਰਵਸ਼੍ਰੀ ਐਸ.ਐਸ. ਵਿਰਕ, ਉਸ਼ਾ ਵੈਰਾਗਕਰ ਅਠਲੇ ਬਿਲਾਸਪੁਰ, ਡਾ. ਗੁਰਮਿਤ ਬੱਗਾ ਨਾਸਿਕ, ਪ੍ਰਕਾਸ਼ ਦੁਬੇ ਨਾਗਪੁਰ, ਡਾ. ਅਨੂਪਮਾ ਉਜਗਰੇ ਮੁਬਈ ਅਤੇ ਡਾ. ਪਦਮਕਰ ਪੰਡਿਤ ਪੂਨੇ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੋ ਵੀ ਲੇਖਣੀ ਅਸੀਂ ਲਿਖਦੇ ਹਾਂ ਉਹ ਪ੍ਰਭਾਵਸ਼ਾਲੀ, ਸਾਫ਼ ਸੁਥਰੀ, ਦੇਸ਼ ਅਤੇ ਸਮਾਜ ਨੂੰ ਜੋੜਣ ਵਾਲੀ ਹੋਣੀ ਚਾਹੀਦੀ ਹੈ ਅਤੇ ਉਸ ਵਿੱਚ ਸ਼ਬਦਾਂ ਦੀ ਰੈਪੀਟੇਸ਼ਨ ਨਹੀਂ ਹੋਣੀ ਚਾਹੀਦੀ। ਇਸ ਮੌਕੇ ‘ਤੇ ਵੱਖ ਵੱਖ ਬੁਲਾਰਿਆਂ ਨੂੰ ਆਖਿਲ ਭਾਰਤੀ ਸਾਹਿਤ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media