ਅਜੋਕੇ ਸਮੇਂ ਵਿੱਚ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨਾ ਮੁੱਖ ਮਨੋਰਥ – ਡਾ. ਢਿੱਲੋਂ


ਅੰਮ੍ਰਿਤਸਰ, 5 ਅਪ੍ਰੈਲ (ਪ੍ਰੀਤਮ ਸਿੰਘ) – ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ਇੰਡੀਅਨ ਐਸੋਸੀਏਸ਼ਨ ਆਫ ਟੀਚਰ ਐਜ਼ੂਕੇਟਰਜ਼ (ਏ.ਆਈ. ਟੀ. ਈ.) ਦੁਆਰਾ ਇਕ ਰੋਜ਼ਾ ‘ਨੈਸ਼ਨਲ ਕੌਂਸਲ ਆਫ਼ ਟੀਚਰ ਐਜ਼ੂਕੇਸ਼ਨ-2014 (ਐੱਨ. ਸੀ. ਟੀ. ਈ.) : ਨਵੇਂ ਸਿਲੇਬਸ’ ਦੇ ਵਿਸ਼ੇ ‘ਤੇ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ‘ਅਧਿਆਪਕਾਂ ਦੀ ਸਿੱਖਿਆ ਵਿੱਚ ਅਜੋਕੇ ਸਿਲੇਬਸ ਵਿੱਚ ਤਬਦੀਲੀਆਂ ਸਬੰਧੀ ਇਸ ਕਾਨਫ਼ਰੰਸ ਵਿੱਚ ਦੇਸ਼ ਭਰ ‘ਤੋਂ ਵਫ਼ਦਾਂ ਨੇ ਭਾਗ ਲਿਆ।
ਆਪਣੇ ਕੁੰਜੀਵਤ ਭਾਸ਼ਣ ਵਿੱਚ ਏ. ਆਈ. ਟੀ. ਈ. ਦੇ ਪ੍ਰਧਾਨ ਅਤੇ ਇਲਾਹਾਬਾਦ ਯੂਨੀਵਰਸਿਟੀ ਤੋਂ ਪ੍ਰੋ: ਪੀ. ਕੇ. ਸਾਹੂ ਨੇ ਵਿੱਦਿਆ ਦੇ ਬਦਲਦੇ ਸਰੂਪ ਅਤੇ ਵਿਸ਼ਵੀਕਰਨ ਦੇ ਯੁੱਗ ਵਿੱਚ ਸਿੱਖਿਆ ਨੂੰ ਦੁਨੀਆਂ ਭਰ ਵਿੱਚ ਦਰਪੇਸ਼ ਚੁਣੌਤੀਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੇਸ਼ ਵਿੱਚ ਵਿੱਦਿਆ ਸਬੰਧੀ ਨਵੇਂ ਸਿਲੇਬਸਾਂ ਦੇ ਉਸਾਰੀਕਰਨ ਜਿਸ ਵਿੱਚ ਸਮਾਜ ਪ੍ਰਤੀ ਅਧਿਆਪਕਾਂ ਦੀ ਵਚਨਬੱਧਤਾ ਅਤੇ ਇਸ ਨਾਲ ਸਬੰਧਿਤ ਉਨ੍ਹਾਂ ਮੂਹਰੇ ਪ੍ਰਤੱਖ ਮੁੱਦਿਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਦਿਆ ਨੂੰ ਕਿੱਤਾਮੁੱਖੀ ਅਤੇ ਸਖ਼ਸ਼ੀਅਤ ਦਾ ਨਿਰਮਾਣ ਕਰਨ ‘ਤੇ ਜ਼ੋਰ ਦਿੱਤਾ।
ਕਾਨਫ਼ਰੰਸ ਵਿੱਚ ਜਾਮੀਆ ਮਿਲੀਆ ਇਸਲਾਮੀਆ ਦੀ ਪ੍ਰੋਫੈਸਰ ਅਤੇ ਏ. ਆਈ. ਟੀ. ਈ. ਦੀ ਜਨਰਲ ਸਕੱਤਰ ਡਾ. ਅਨੀਤਾ ਰਸਤੋਗੀ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਦਿਅਕ ਅਦਾਰਿਆਂ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇ ਪ੍ਰਤੀ ਆਤਮ-ਨਿਰਭਰ ਅਤੇ ਉੱਚ ਕੋਟੀ ਦਾ ਬਣਾਉਣ ‘ਤੇ ਬਲ ਦਿੱਤਾ। ਉਨ੍ਹਾਂ ਨੇ ਅਧਿਆਪਕਾਂ ਨੂੰ ਅਧਿਆਪਨ ਨੂੰ ਇਕ ਕਲਾ ਦੇ ਤੌਰ ‘ਤੇ ਅਪਨਾਉਣ ਲਈ ਵੀ ਕਿਹਾ, ਤਾਂ ਕਿ ਵਿੱਦਿਆ ਪ੍ਰਸਾਰ ਨਾਲ ਸੁਹਿਰਦ ਸਮਾਜ ਸਿਰਜਿਆ ਜਾ ਸਕੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਆਰ. ਕੇ. ਮਹਾਜਨ ਨੇ ਯੂਨੀਵਰਸਿਟੀ ਦੁਆਰਾ ਅਧਿਆਪਕਾਂ ਦੀ ਸਿੱਖਿਆ ਪ੍ਰਤੀ ਲਏ ਫੈਸਲਿਆਂ ਦਾ ਜ਼ਿਕਰ ਕੀਤਾ।
ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਾਨਫ਼ਰੰਸ ਵਿੱਚ ਪਹੁੰਚੇ ਵਫ਼ਦਾਂ ਦਾ ਨਿੱਘਾ ਸਵਾਗਤ ਕਰਦਿਆਂ ਅਜੋਕੇ ਸਮੇਂ ਵਿੱਚ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਅਤੇ ਗੋਸ਼ਟੀਆਂ ਮੌਜ਼ੂਦਾਂ ਸਮੇਂ ਵਿੱਚ ਵਿੱਦਿਆ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲੱਭਣ ਲਈ ਸਹਾਈ ਸਿੱਧ ਹੁੰਦੀਆਂ ਹਨ, ਉਨ੍ਹਾਂ ਨੇ ਆਏ ਹੋਏ ਮਾਹਿਰਾਂ ਮਹਿਮਾਨਾਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਨੂੰ ਸਲਾਹਿਆ।
ਇਸ ਮੌਕੇ ਜੰਮੂ ਯੂਨੀਵਰਸਿਟੀ ਦੀ ਪ੍ਰੋ: ਰੇਣੂ ਨੰਦਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋ: ਐੱਸ. ਕੇ. ਬਾਵਾ, ਜੀ. ਐਚ. ਜੀ. ਕਾਲਜ ਆਫ਼ ਐਜ਼ੂਕੇਸ਼ਨ, ਸੁਧਾਰ ਤੋਂ ਪ੍ਰੋ: ਮਨੂੰ ਚੌਧਰੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਡੀਨ ਐਜ਼ੂਕੇਸ਼ਨ ਡਾ. ਅਮਿਤ ਕੌਤਸ ਆਦਿ ਵੀ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਕਾਨਫਰੰਸ ਮੌਕੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਤੋਂ ਇਲਾਵਾ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।
Punjab Post Daily Online Newspaper & Print Media