
ਬਠਿੰਡਾ, 8 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਸਿੱਖ ਕੌਮ ਦੀ ਤਰਾਸਦੀ ਹੈ ਕਿ ਗੁਰੂ ਸਾਹਿਬਾਨਾਂ ਦੀਆਂ ਚਰਨ ਛੋਹ ਪੁਰਾਤਨ ਨਿਸ਼ਾਨੀਆਂ ਨੂੰ ਕੌਮੀ ਯਾਦਗਾਰਾਂ ਵਜੋਂ ਸੰਭਾਲਣ ਦੀ ਥਾਂ ਉਨ੍ਹਾਂ ਨੂੰ ਕਾਰ ਸੇਵਾ ਦੇ ਨਾਮ ‘ਤੇ ਇੱਕ ਇੱਕ ਕਰਕੇ ਮਿਟਾ ਦਿੱਤਾ ਗਿਆ ਹੈ। ਸੁਚੇਤ ਸਿੱਖਾਂ ਵੱਲੋਂ ਕਾਰ ਸੇਵਾ ਦੇ ਨਾਮ ‘ਤੇ ਪੁਰਾਤਨ ਅਮੋਲਕ ਨਿਸ਼ਾਨੀਆਂ ਨੂੰ ਮਿਟਾਉਣ ਦਾ ਵਿਰੋਧ ਕੀਤੇ ਜਾਣ ਦੇ ਬਾਵਯੂਦ ਵੀ ਪੁਰਾਤਨ ਨਿਸ਼ਾਨੀਆਂ ਨੂੰ ਸੰਭਾਲਣ ਦੀ ਜਿੰਮੇਵਾਰ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਹੀ ਕਾਰ ਸੇਵਾ ਵਾਲੇ ਬਾਬਿਆਂ ਨੂੰ ਖੁਸ਼ ਕਰਨ ਲਈ ਰਹਿੰਦੀਆਂ ਨਿਸ਼ਾਨੀਆਂ ਮਿਟਾਉਣ ਲਈ ਸਾਜਿਸ਼ਾਂ ਜਿਉਂ ਦੀਆਂ ਤਿਉਂ ਜਾਰੀ ਹਨ। ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਪ੍ਰੈੱਸ ਨੂੰ ਜਾਰੀ ਕੀਤੇ ਇੱਕ ਪ੍ਰੈੱਸ ਨੋਟ ਵਿੱਚ ਕਹੇ। ਉਨ੍ਹਾਂ ਕਿਹਾ ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲਿਆਂ ਨੇ ਸ਼੍ਰੋਮਣੀ ਕਮੇਟੀ ਦੀ ਮਿਲੀ ਭੁਗਤ ਨਾਲ ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਨਜ਼ਦੀਕ ਬਾਬਾ ਦੀਪ ਸਿੰਘ ਦੇ ਸਮੇਂ ਦਾ ਬਣਿਆ 300 ਸਾਲਾ ਪੁਰਾਣਾ ਭੋਰਾ ਢਾਹੁਣ ਦੀ ਸਕੀਮ ਤਿਆਰ ਕਰ ਲਈ ਹੈ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਮੈਨੂੰ ਤਖ਼ਤ ਸਾਹਿਬ ਦੀ ਸੇਵਾ ਮਿਲਣ ਤੋਂ ਪਹਿਲਾਂ ਭੋਰੇ ਵਿੱਚ ਬਾਬਾ ਅਜਾਇਬ ਸਿੰਘ ਕਾਰ ਸੇਵਾ ਵਾਲਿਆਂ ਨੇ ਬਾਬਾ ਦੀਪ ਸਿੰਘ ਦੀਆਂ ਵੱਡ ਅਕਾਰੀ ਫੋਟੋਆਂ ਦੇ ਨਜ਼ਦੀਕ ਆਪਣੀ ਗੋਲਕ ਰੱਖੀ ਹੋਈ ਸੀ; ਜਿਸ ਨੂੰ ਉਨ੍ਹਾਂ ਦਾ ਇੱਕ ਸੇਵਾਦਾਰ ਹਰ ਰੋਜ ਖਾਲੀ ਕਰਕੇ ਮਾਇਆ ਲੈ ਜਾਂਦਾ ਸੀ। ਆਪਣੀ ਸੇਵਾ ਦੌਰਾਨ ਮੈਂ ਵੇਖਿਆ ਕਿ ਸੰਗਤਾਂ ਫੋਟੋ (ਮੂਰਤੀਆਂ ਨੂੰ ਮੱਥਾ ਟੇਕਦੀਆਂ ਸਨ ਤੇ ਮਾਇਆ ਗੋਲਕ ਵਿੱਚ ਪਾਈ ਜਾਂਦੀ ਸੀ। ਸੋ ਮੈਂ ਬਾਬੇ ਦੀ ਗੋਲਕ ਸਮੇਤ ਮੂਰਤੀਆਂ ਉਥੋਂ ਚੁਕਵਾ ਦਿੱਤੀਆਂ ਦਿੱਤੀਆਂ ਅਤੇ ਭੋਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਮੇਰੀ ਸੇਵਾ ਨਮ੍ਰਿਤੀ ਤੋਂ ਬਾਅਦ ਮੈਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਰ ਸੇਵਾ ਵਾਲੇ ਬਾਬੇ ਨੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਅਤੇ ਮੈਨੇਜ਼ਰ ਜਗਪਾਲ ਸਿੰਘ ਦੀ ਮਿਲੀ ਭੁਗਤ ਨਾਲ ਭੋਰਾ ਢਾਹੁਣ ਦੀ ਹਰੀ ਝੰਡੀ ਲੈ ਲਈ ਹੈ। ਗਿਆਨੀ ਨੰਦਗੜ੍ਹ ਅਨੁਸਾਰ ਜਿਸ ਸਮੇਂ ਤਖ਼ਤ ਸਾਹਿਬ ਦਾ ਗਲਿਆਰਾ ਬਣ ਰਿਹਾ ਸੀ ਉਸ ਸਮੇਂ ਵੀ ਬਾਬਾ ਅਜਾਇਬ ਸਿੰਘ ਭੋਰੇ ਨੂੰ ਢਾਹ ਕੇ ਸੰਗੇਮਰਮਰ ਪੱਥਰ ਲਾ ਕੇ ਨਵਾਂ ਭੋਰਾ ਬਣਾਉਣਾ ਚਾਹੁੰਦਾ ਸੀ ਜਿਸ ਨੂੰ ਗਿਆਨੀ ਨੰਦਗੜ੍ਹ ਜੀ ਨੇ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਬਾਹਰ ਜੋ ਮਰਜੀ ਕਰੋ ਪਰ ਭੋਰਾ ਇੱਕ ਕੌਮੀ ਨਿਸ਼ਾਨੀ ਹੈ ਇਸ ਲਈ ਇਸ ਦੀ ਅਸਲੀ ਪੁਰਾਤਨਤਾ ਕਾਇਮ ਰੱਖੀ ਜਾਵੇ। ਮੇਰੀ ਸੇਵਾ ਨਮ੍ਰਿਤੀ ਤੋਂ ਬਾਅਦ ਬਾਬਾ ਅਜਾਇਬ ਸਿੰਘ ਨੇ ਇੱਕ ਅਨੋਖੀ ਸਕੀਮ ਤਿਆਰ ਕਰ ਲਈ ਹੈ ਜਿਸ ਅਨੁਸਾਰ ਪਹਿਲਾਂ ਭੋਰੇ ਵਿੱਚ ਪਾਣੀ ਪਾ ਕਿ ਸ਼੍ਰਧਾਲੂਆਂ ਨੂੰ ਵਿਖਾ ਦਿੱਤਾ ਕਿ ਸੇਮ ਰਾਹੀਂ ਭੋਰੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ ਇਸ ਲਈ ਇਸ ਨੂੰ ਢਾਹੁਣਾ ਹੀ ਪਏਗਾ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਆਪਣੀ ਸੇਵਾ ਦੌਰਾਨ ਉਹ ਇਸ ਭੋਰੇ ਵਿੱਚ ਅੰਮ੍ਰਿਤ ਵੇਲੇ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਉਹ ਸਾਲਾਂ ਵੱਧੀ ਨਿੱਤਨੇਮ ਅਤੇ ਸਿਮਰਨ ਕਰਦੇ ਰਹੇ ਸਨ ਤੇ ਜੋਰ ਦੀਆਂ ਬਾਰਸ਼ਾਂ ਦੌਰਾਨ ਵੀ ਉਨ੍ਹਾਂ ਕਦੀ ਵੀ ਭੋਰੇ ਵਿੱਚ ਪਾਣੀ ਨਹੀਂ ਵੇਖਿਆ। ਇਸ ਲਈ ਇਹ ਸਾਰਾ ਪਾਖੰਡ ਭੋਰਾ ਢਾਹੁਣ ਲਈ ਕੀਤੀ ਜਾ ਰਹੀ ਸਾਜਿਸ਼ ਦਾ ਹਿੱਸਾ ਹੈ। ਗਿਆਨੀ ਨੰਦਗੜ੍ਹ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੁਚੇਤ ਕਰਨਾ ਚਾਹੁੰਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਕੌਮੀ ਨਿਸ਼ਾਨੀਆਂ ਸੰਭਾਲਣ ਦੀ ਥਾਂ ਕਾਰ ਸੇਵਾ ਦੇ ਨਾਮ ‘ਤੇ ਕੌਮੀ ਨਿਸ਼ਾਨੀਆਂ ਬਰਬਾਦ ਕਰਕੇ ਪਹਿਲਾਂ ਹੀ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ। ਜੇ ਦਮਦਮਾ ਸਾਹਿਬ ਵਿਖੇ ਰਹਿੰਦੀ ਇੱਕੋ ਇੱਕ ਇਸ ਨਿਸ਼ਾਨੀ ਨਾਲ ਖਿਲਵਾੜ ਕੀਤਾ ਤਾਂ ਕੌਮ ਤੁਹਾਨੂੰ ਕਦੀ ਵੀ ਮੁਆਫ ਨਹੀਂ ਕਰੇਗੀ। ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਤੋਂ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਤੋਂ ਕੋਰਾ ਇਨਕਾਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਅਤੇ ਨਾ ਹੀ ਭੋਰੇ ਦੀ ਕਾਰ ਸੇਵਾ ਦੀ ਕੋਈ ਲੋੜ ਹੀ ਹੈ। ਪਰ ਜਦੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੈਨੇਜ਼ਰ ਜਗਪਾਲ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਮੰਨਿਆ ਕਿ ਉਪਰਲੀਆਂ ਕੰਧਾਂ ਵਿੱਚੋਂ ਸੇਮ ਦਾ ਪਾਣੀ ਆਉਣ ਕਰਕੇ ਭੋਰੇ ਦੀ ਮੁਰੰਮਤ ਕੀਤੀ ਜਾਵੇਗੀ ਪਰ ਇਸ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਿਆ ਜਾਵੇਗਾ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਭੋਰੇ ਦੀਆਂ ਕੰਧਾਂ ਅਤੇ ਛੱਤ ਵਿੱਚੋਂ ਪਾਣੀ ਸਿੰਮਦਾ ਜਰੂਰ ਵੇਖਿਆ ਗਿਆ ਸੀ ਪਰ ਇਸ ਸਮੇਂ ਭੋਰਾ ਬਿਲਕੁਲ ਸੁੱਕਾ ਹੈ ਅਤੇ ਕਿਸੇ ਪਾਸੇ ਤੋਂ ਕੋਈ ਪਾਣੀ ਸਿੰੰਮਦਾ ਵਿਖਾਈ ਨਹੀਂ ਦਿੰਦਾ।
Punjab Post Daily Online Newspaper & Print Media