
ਅੰਮ੍ਰਿਤਸਰ, 13 ਅਪ੍ਰੈਲ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਅੱਜ ਇਥੇ ਦਸਮੇਸ਼ ਆਡੀਟੋਰੀਅਮ ਵਿੱਚ ਆਯੋਜਿਤ 45ਵੇਂ ਸਲਾਨਾ ਖੇਡ ਇਨਾਮ ਵੰਡ ਸਮਾਗਮ ਵਿੱਚ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਆਲ ਇੰਡੀਆ ਇੰਟਰ-ਵਰਸਿਟੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨ ਵਾਲੇ 400 ਤੋਂ ਵੱਧ ਖਿਡਾਰੀਆਂ, ਜਿਨ੍ਹਾਂ ਵਿਚ 225 ਮਹਿਲਾ ਖਿਡਾਰੀ ਵੀ ਸ਼ਾਮਿਲ ਸਨ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ 50 ਲੱਖ ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਦਿੱਤੀਆਂ ਗਈਆਂ।
ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਇਨਾਮ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸਲਾਹ ਦਿੱਤੀ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਪਛਾਣਦੇ ਹੋਏ ਦੂਰ ਕਰਨ ਅਤੇ ਜ਼ਿੰਦਗੀ ਵਿਚ ਵਡਮੁੱਲੀਆਂ ਪ੍ਰਾਪਤੀਆਂ ਕਰਨ। ਵਿਸ਼ਵ ਪ੍ਰਸਿੱਧ ਭਾਰਤੀ ਹਾਕੀ ਖਿਡਾਰੀ ਪਦਮਸ਼੍ਰੀ ਸ. ਅਜੀਤਪਾਲ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ । ਏਸ਼ੀਅਨ ਗੇਮਜ਼ ਇਨਚਿੳੋਨ (ਸਾਉਥ ਕੋਰੀਆ) 2014 ਵਿੱਚ ਸੋਨੇ ਅਤੇ ਚਾਂਦੀ ਦਾ ਤਮਗਾ ਜਿੱਤਣ ਵਾਲੇ ਭਾਰਤ ਦੇ ਚੋਟੀ ਦੇ ਤੀਰਅਂਦਾਜ਼ ਸ਼੍ਰੀ ਅਭਿਸ਼ੇਕ ਵਰਮਾ, ਅਰਜੁਨਾ ਅਵਾਰਡੀ (ਆਰਚਰੀ), ਜੋ ਕਿ ਪਿਛਲੇ ਸਾਲ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਇਸ ਮੋਕੇ ਤੇ ਗੈੇਸਟ ਆਫ ਆਨਰ ਸਨ, ਉਨ੍ਹਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ‘ਤੇ ਪ੍ਰੋ. ਏ.ਐਸ. ਸਿੱਧੂ, ਡੀਨ ਵਿਦਿਆਰਥੀ ਭਲਾਈ ਵੀ ਮੌਜੂਦ ਸਨ। ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਫਿਜਿਕਲ ਵਿਭਾਗਾਂ ਦੇ ਮੁਖੀ, ਖੇਡ ਸ਼ਖਸ਼ੀਅਤਾਂ, ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਪਦਮਸ਼੍ਰੀ ਸ. ਅਜੀਤਪਾਲ ਸਿੰਘ ਨੇ ਇਸ ਮੌਕੇ ਵਿਦਿਆਰਥੀ ਖਿਡਾਰੀਆਂ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦ੍ਰਿੜ ਨਿਸਚੇ ਅਤੇ ਲਗਨ ਨਾਲ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਕੀਤੇ ਗਏ ਉੇਪਰਾਲਿਆਂ ਦੀ ਸ਼ਲਾਘਾ ਕੀਤੀ।
ਡਿਪਟੀ ਡਾਇਰੈਕਟਰ ਸਪੋਰਟਸ ਅਤੇ ਵਿਭਾਗ ਦੇ ਮੁਖੀ, ਡਾ. ਐਚ. ਐਸ. ਰੰਧਾਵਾ ਨੇ ਯੂਨੀਵਰਸਿਟੀ ਦੇੇ ਖੇਡ ਵਿਭਾਗ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਸਾਲਾਨਾ ਖੇਡ ਰਿਪੋਰਟ ਪੇਸ਼ ਕੀਤੀ। ਉਹਨਾਂ ਨੇ ਦਸਿਆ ਕਿ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਸ ਸਾਲ ਅੰਤਰ-ਰਾਸ਼ਟਰੀ ਪੱਧਰ ਤੇ 11 ਸੋਨੇ. 3 ਸਿਲਵਰ ਅਤੇ 1 ਤਾਂਬੇ ਦੇ ਮੈਡਲ ਜਿੱਤੇ । ਡਾ. ਮਹਿਲ ਸਿੰਘ, ਸਪੋਰਟਸ ਕਮੇਟੀ (ਪੁਰਸ਼) ਦੇ ਪ੍ਰਧਾਨ ਅਤੇ ਪ੍ਰਿੰਸੀਪਲ ਖਾਲਸਾ ਕਾਲਜ, ਅੰਮ੍ਰਿਤਸਰ ਨੇ ਮੁੱਖ-ਮਹਿਮਾਨ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ। ਡਾ. ਸੁਖਬੀਰ ਕੌਰ ਮਾਹਲ, ਸਪੋਰਟਸ ਕਮੇਟੀ (ਇਸਤਰੀਆਂ) ਦੀ ਪ੍ਰਧਾਨ ਅਤੇ ਪ੍ਰਿੰਸੀਪਲ ਖਾਲਸਾ ਕਾਲਜ ਫਾਰ ਵੁਮੇਨ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਹਨਾਂ ਤੋਂ ਇਲਾਵਾ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਇਸ ਮੌਕੇ ਤੇ ਹਾਜ਼ਰ ਸਨ।
ਸਨਮਾਨਿਤ ਹੋਣ ਵਾਲੇ ਖਿਡਾਰੀਆਂ ਵਿਚ ਕੌਮੀ ਖੇਡ ਮੁਕਾਬਲਿਆਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਤੋਂ ਇਲਾਵਾ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਤਗਮੇ ਜਿੱਤਣ ਵਾਲੇ ਖਿਡਾਰੀ ਵੀ ਸ਼ਾਮਿਲ ਸਨ। ਇੰਟਰ-ਯੂਨੀਵਰਸਿਟੀ ਮੁਕਾਬਲਿਆਂ ਵਿਚ ਪਹਿਲੇ ਨੰਬਰ ‘ਤੇ ਰਹਿਣ ਵਾਲੇ ਖਿਡਾਰੀਆਂ ਨੂੰ 12000 ਰੁਪਏ, ਦੂਜੇ ਨੰਬਰ ਆਏ ਖਿਡਾਰੀਆਂ ਨੂੰ 10000 ਰੁਪਏ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਖਿਡਾਰੀਆਂ ਨੂੰ 8000 ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਪਹਿਲੇ ਨੰਬਰ ‘ਤੇ ਰਹਿਣ ਵਾਲੇ ਖਿਡਾਰੀਆਂ ਨੂੰ 25000 , ਦੂਜੇ ਨੰਬਰ ਆਏ ਖਿਡਾਰੀਆਂ ਨੂੰ 20000 ਤੀਜੇ ਨੰਬਰ ‘ਤੇ ਆਉਣ ਵਾਲੇ ਖਿਡਾਰੀਆਂ ਨੂੰ 15000 ਰੁਪਏ ਅਤੇ ਚੌਥਾ ਸਥਾਨ ਹਾਸਲ ਕਰਨ ਵਾਲੇ ਨੂੰ 5000 ਰੁਪਏ ਦਿੱਤੇ ਗਏ।
ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਪੁਰਸ਼ਾਂ) ਦੀ ‘ਏ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੀ। ਡੀ.ਏ.ਵੀ, ਕਾਲਜ, ਅੰਮ੍ਰਿਤਸਰ ਦੂਜੇ ਸਥਾਨ ‘ਤੇ ਰਿਹਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਇਸਤਰੀਆਂ) ‘ਏ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੇਨ ਅੰਮ੍ਰਿਤਸਰ ਨੇ ਜਿੱਤੀ। ਐਚ.ਐਮ.ਵੀ, ਕਾਲਜ, ਜਲੰਧਰ ਦੂਜੇ ਸਥਾਨ ‘ਤੇ ਰਿਹਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ-ਕਾਲਜ (ਇਸਤਰੀਆਂ) ‘ਬੀ’ ਡਵੀਜ਼ਨ ਦੀ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਅੇਸ.ਡੀ.ਅੇਸ.ਪੀ.ਅੇਮ. ਰਈਆ ਨੇ ਜਿੱਤੀ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਰਨਰਜ਼ਅਪ ਰਿਹਾ।ਅੰਤਰ-ਕਾਲਜ (ਪੁਰਸ਼ਾਂ) ਦੀ ‘ਬੀ’ ਡਵੀਜ਼ਨ ਓਵਰਆਲ ਜਨਰਲ ਚੈਂਪੀਅਨਸ਼ਿਪ ਟਰਾਫੀ ਜੀ.ਜੀ.ਐਸ. ਖਾਲਸਾ ਕਾਲਜ, ਸਰਹਾਲੀ ਨੇ ਪ੍ਰਾਪਤ ਕੀਤੀ ਅਤੇ ਖਾਲਸਾ ਕਾਲਜ ਫਿਜ਼ੀਕਲ ਐਜੂਕੇਸ਼ਨ, ਹੇਅਰ (ਅੰਮ੍ਰਿਤਸਰ) ਦੂਜੇ ਸਥਾਨ ‘ਤੇ ਰਿਹਾ।
ਸ਼ਹੀਦ ਭਗਤ ਸਿੰਘ ਯਾਦਗਾਰੀ ਓਵਰਆਲ ਚੈਂਪੀਅਨ ਟਰਾਫੀ (2013-2014) ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੇਨ ਅੰਮ੍ਰਿਤਸਰ ਨੂੰ ਦਿੱਤੀ ਗਈ ਅਤੇ ਰੁਪਏ 52,000/- ਰੁਪਏ ਦੇ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਦੋਂਕਿ ਡੀ.ਏ.ਵੀ, ਕਾਲਜ, ਅੰਮ੍ਰਿਤਸਰ ਦੂਜੇ ਸਥਾਨ ‘ਤੇ ਰਿਹਾ।
ਇਸ ਸਾਲ ਦੌਰਾਨ ਯੂਨੀਵਰਸਿਟੀ ਦੇ 10 ਪੁਰਸ਼ ਅਤੇ ਇਸਤਰੀਆਂ ਨੇ ਅੰਤਰ ਰਾਸ਼ਟਰੀ ਖੇਡਾਂ ਵਿਚ ਭਾਰਤ ਦੀ ਨੁੰਮਾਂਇਦਗੀ ਕੀਤੀ । ਆਲ ਇੰਡੀਆ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ (ਲੜਕੇ ਅਤੇ ਲੜਕੀਆ) ਦੀ ਟੀਮਾਂ 10 ਵਿੱਚ ਜੇਤੂ, 7 ਟੀਮਾਂ ਦੂਸਰੇ, 4 ਟੀਮਾਂ ਤੀਸਰੇ ਅਤੇ 5 ਟੀਮਾਂ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ‘ਤੇ ਡੀਨ ਅਕਾਦਮਿਕ ਮਾਮਲੇ, ਰਜਿਸਟਰਾਰ ਅਤੇ ਡੀਨ ਵਿਦਿਆਰਥੀ ਭਲਾਈ ਵੀ ਮੌਜੂਦ ਸਨ । ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਫਿਜਿਕਲ ਵਿਭਾਗਾਂ ਦੇ ਮੁਖੀ, ਖੇਡ ਸ਼ਖਸ਼ੀਅਤਾਂ, ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media