ਕਿਸੇ ਕੀਮਤ ‘ਤੇ ਚੱਲਣ ਨਹੀਂ ਦਿੱਤੀ ਜਾਵੇਗੀ ਨਾਨਕ ਸ਼ਾਹ ਫਕੀਰ ਫਿਲਮ-ਢੋਟ

ਕੈਪਸ਼ਨ : ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੂੰ ਮੰਗ ਪੱਤਰ ਸੌਪਦੇ ਹੋਏ ਫੈਡਰੇਸ਼ਨ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ, ਨਾਲ ਹਨ ਗੁਰਪ੍ਰਤਾਪ ਸਿੰਘ ਟਿੱਕਾ, ਮਨਦੀਪ ਸਿੰਘ ਖਾਲਸਾ, ਰਜਿੰਦਰ ਸਿੰਘ ਮਰਵਾਹਾ ਤੇ ਹੋਰ ।
ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ ) – ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਜਿਲ੍ਹਾ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ ਦੀ ਅਗਵਾਈ ਹੇਠ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਵਿਵਾਦਾਂ ਵਿੱਚ ਘਿਰੀ ਫਿਲਮ ਨਾਨਕ ਸ਼ਾਹ ਫਕੀਰ ਦੇ ਪ੍ਰਦਰਸ਼ਨ ਤੇ ਪੂਰੇ ਦੇਸ਼ ਵਿੱਚ ਰੋਕ ਲਗਵਾਉਣ ਲਈ ਉਪਰਾਲੇ ਕਰਨ ਦੀ ਮੰਗ ਕਰਦਿਆਂ ਇਕ ਮੰਗ ਪੱਤਰ ਸੌਪਿਆ ਗਿਆ।
ਮੰਗ ਪੱਤਰ ਦੇਣ ਉਪਰੰਤ ਢੋਟ ਨੇ ਦੱਸਿਆ ਹੈ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਬਨਾਉਣ ਸਮੇਂ ਸਿੱਖ ਰਵਾਇਤਾਂ ਅਣਗੌਲਿਆ ਕਰਕੇ ਮਰਿਆਦਾ ਨੂੰ ਛਿੱਕੇ ਟੰਗ ਕੇ ਬਣਾਈ ਗਈ ਹੈ, ਜਿਸ ਦੇ ਫੈਡਰੇਸ਼ਨ (ਮਹਿਤਾ) ਤੇ ਹੋਰ ਸਿੱਖ ਸੰਸਥਾਵਾਂ ਦੇ ਭਾਰੀ ਵਿਰੋਧ ਦੇ ਬਾਵਜ਼ੂਦ ਵੀ ਸੈਂਂਸਰ ਬੋਰਡ ਤੇ ਕੇਂਦਰ ਸਰਕਾਰ ਇਸ ਦੀ ਰਲੀਜ਼ ਰੋਕਣ ਸਬੰਧੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ।ਅਮਰਬੀਰ ਸਿੰਘ ਢੋਟ ਨੇ ਦੱਸਿਆ ਕਿ ਨਾਨਕ ਸ਼ਾਹ ਫਕੀਰ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੀ ਭੈਣ ਬੇਬੇ ਨਾਨਕੀ, ਪਿਤਾ ਮਹਿਤਾ ਕਾਲੂ, ਮਾਤਾ ਤ੍ਰਿਪਤਾ ਜੀ ਦੇ ਕਿਰਦਾਰ ਫਿਲਮੀ ਐਕਟਰਾਂ ਵੱਲੋਂ ਨਿਭਾਏ ਗਏ ਹਨ ਜੋ ਕਿ ਅੱਜ ਤੱਕ ਕਦੇ ਵੀ ਨਹੀਂ ਹੋਇਆ।ਉਹਨਾਂ ਕਿਹਾ ਕਿ ਫਿਲਮ ਵਿੱਚ ਮਨੁੱਖਾਂ ਦੁਆਰਾ ਨਿਭਾਏ ਗਏ ਕਿਰਦਾਰਾਂ ਨੂੰ ਸਿਨੇਮਾਂ ਘਰਾਂ ਵਿੱਚ ਵਿਖਾਉਣ ਦੀ ਹਰਗਿਜ਼ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ। ਪੰਜਾਬ ਸਰਕਾਰ ਵੱਲੋਂ ਦੋ ਮਹੀਨਿਆਂ ਲਈ ਪੰਜਾਬ ਦੇ ਸਿਨੇਮਾਂ ਘਰਾਂ ਵਿੱਚ ਫਿਲਮ ਦੇ ਪ੍ਰਦਰਸ਼ਨ ਤੇ ਲਗਾਈ ਰੋਕ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਫੈਡਰੇਸ਼ਨ ਦੇ ਕੌੰਮੀ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਮੇਜਰ ਸਿੰਘ ਖਾਲਸਾ ਅਤੇ ਜਿਲਾ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਭਾਜਪਾ ਸਰਕਾਰ ਹੈ, ਇਸ ਲਈ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅਤੇ ਆਪਣੇ ਰਸੂਖ ਦੀ ਵਰਤੋਂ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਤੇ ਦਬਾਅ ਬਨਾਉਣ ਅਤੇ ‘ਨਾਨਕ ਸ਼ਾਹ ਫਕੀਰ’ ਫਿਲਮ ਦੇ ਪੂਰੇ ਭਾਰਤ ਵਿੱਚ ਪ੍ਰਦਰਸ਼ਨ ‘ਤੇ ਤੁਰੰਤ ਰੋਕ ਲਗਵਾਉਣ, ਜੋ 17 ਅਪ੍ਰੈਲ 2015 ਨੂੰ ਰਲੀਜ਼ ਹੋ ਰਹੀ ਹੈ।
ਢੋਟ ਨੇ ਕਿਹਾ ਕਿ ਅਗਰ ਇਹ ਫਿਲਮ ਕਿਸੇ ਵੀ ਸਿਆਸੀ ਦਬਾਅ ਹੇਠ ਸਿਨੇਮਾ ਹਾਲਾਂ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਇਸ ਦਾ ਭਾਰੀ ਵਿਰੋਧ ਕਰੇਗੀ ਅਤੇ ਕਿਸੇ ਵੀ ਸਿਨੇਮਾ ਹਾਲ ਵਿੱਚ ਫਿਲਮ ਚੱਲਣ ਨਹੀਂ ਦੇਵੇਗੀ।ਅਤੇ ਇਸ ਤੋਂ ਨਿਕਲਣ ਵਾਲੇ ਸਿਟਿਆਂ ਲਈ ਕੇਂਦਰੀ ਗ੍ਰਹਿ ਵਿਭਾਗ, ਸੈਂਸਰ ਬੋਰਡ ਅਤੇ ਫਿਲਮ ਸਰਟੀਫੀਕੇਸ਼ਨ ਬੋਰਡ ਜਿੰਮੇਵਾਰ ਹੋਵੇਗਾ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਰਜਿੰਦਰ ਸਿੰਘ ਮਰਵਾਹਾ, ਫੈਡਰੇਸ਼ਨ ਦੇ ਸੀਨੀ: ਮੀਤ ਪ੍ਰਧਾਨ ਮਨਦੀਪ ਸਿੰਘ ਖਾਲਸਾ, ਯੁਵਰਾਜ ਸਿੰਘ ਚੌਹਾਨ, ਮੀਤ ਪ੍ਰਧਾਨ ਸਿਮਰਨਜੀਤ ਸਿੰਘ ਭੁਲਰ, ਸਰਬਜੀਤ ਸਿੰਘ ਛੱਬਾ, ਮਨਜੀਤ ਸਿੰਘ ਬੂਟਾ, ਬਾਬਾ ਰਾਜੂ ਅਤੇ ਹੋਰ ਫੈਡਰੇਸ਼ਨ ਆਗੂ ਹਾਜਰ ਸਨ।
Punjab Post Daily Online Newspaper & Print Media