ਮੁੱਖ ਮਕਸਦ ਲੋਕਾਂ ਦੀ ਖੱਜਲ-ਖੁਆਰੀ ਰੋਕਣਾ – ਧੁੱਗਾ
ਬਟਾਲਾ, 16 ਅਪ੍ਰੈਲ (ਨਰਿੰਦਰ ਬਰਨਾਲ) – ਸੂਚਨਾ ਤਕਨੌਲਜੀ ਦੇ ਇਸ ਯੁੱਗ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਫੌਰੀ ਤੇ ਅਸਾਨ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਦੇ ਟੋਲ ਫ੍ਰੀ ਹੈਲਪ ਲਾਈਨ ਨੰਬਰ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ‘ਤੇ ਕਾਲ ਕਰਕੇ ਲੋਕ ਆਪਣੀ ਸ਼ਿਕਾਇਤ ਦਰਜ ਕਰਾਉਣ ਦੇ ਨਾਲ ਵਿਭਾਗਾਂ ਦੀਆਂ ਯੋਜਨਾਵਾਂ ਦਾ ਲਾਭ ਵੀ ਲੈ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸz. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵੱਖ-ਵੱਖ ਹੈਲਪ-ਲਾਈਨਾਂ ਦਾ ਮਕਸਦ ਲੋਕਾਂ ਦੀ ਖੱਜਲ-ਖੁਆਰੀ ਨੂੰ ਖਤਮ ਕਰਕੇ ‘ਰਾਜ ਨਹੀਂ ਸੇਵਾ’ ਦਾ ਵਾਅਦਾ ਨਿਭਾਉਣਾ ਹੈ।
ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਹੈਲਪ ਲਾਈਨਾਂ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਐਮਰਜੈਂਸੀ ਹਾਲਤ ਲਈ 108 ਹੈਲਪ ਲਾਈਨ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਸ ਹੈਲਪ ਲਾਈਨ ਦੇ ਕਾਰਨ ਸੂਬੇ ਦੇ ਲੱਖਾਂ ਲੋਕਾਂ ਨੂੰ ਹੰਗਾਮੀ ਹਾਲਤ ‘ਚ ਮੈਡੀਕਲ ਸਹਾਇਤਾ ਮਿਲ ਸਕੀ ਹੈ। ਇਸੇ ਤਰਾਂ ਹੀ ਸਿਹਤ ਵਿਭਾਗ ਵੱਲੋਂ ਡਾਕਟਰੀ ਸਲਾਹ ਮਸ਼ਵਰੇ ਲਈ ਇੱਕ ਹੋਰ ਮੁਫਤ ਹੈਲਪ ਲਾਈਨ 104 ਸ਼ੁਰੂ ਕੀਤੀ ਗਈ ਹੈ ਜਿਸ ‘ਤੇ ਕਿਸੇ ਵੀ ਬਿਮਾਰੀ ਸਬੰਧੀ ਮਾਹਿਰ ਡਾਕਟਰਾਂ ਤੋਂ ਸਲਾਹ ਲਈ ਜਾ ਸਕਦੀ ਹੈ। ਤੰਬਾਕੂ ਕੰਟਰੋਲ ਲਈ 1800110456 ਟੋਲ ਫ੍ਰੀ ਨੰਬਰ ਚਲਾਇਆ ਜਾ ਰਿਹਾ ਹੈ। ਔਰਤਾਂ ਖਿਲਾਫ ਜੁਲਮਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਮਹਿਲਾ ਹੈਲਪ ਲਾਈਨ 181 ਸ਼ੁਰੂ ਕੀਤੀ ਗਈ ਹੈ ਅਤੇ ਇਸ ਹੈਲਪ ਲਾਈਨ ਦੇ ਵੀ ਸਕਰਾਤਮਕ ਸਿੱਟੇ ਸਾਹਮਣੇ ਆਏ ਹਨ। ਪੁਲਿਸ ਐਮਰਜੈਂਸੀ ਲਈ 100 ਨੰਬਰ ਦੀ ਹੈਲਪ ਲਾਈਨ ਵੀ ਚੱਲ ਰਹੀ ਹੈ। ਫਾਇਰ ਬ੍ਰਿਗੇਡ ਦਾ ਹੈਲਪ ਲਾਈਨ ਨੰਬਰ 101 ਹੈ।
ਸ੍ਰੀ ਦੇਸਰਾਜ ਸਿੰਘ ਧੁੱਗਾ ਨੇ ਅੱਗੇ ਦੱਸਿਆ ਕਿ ਮਹਿਲਾਵਾਂ ਅਤੇ ਬੱਚਿਆਂ ਨਾਲ ਸਬੰਧਤ ਇੱਕ ਹੋਰ ਹੈਲਪ ਲਾਈਨ 1091 ਚੱਲ ਰਹੀ ਹੈ। ਬਿਜਲੀ ਨਾਲ ਸਬੰਧਤ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਲਈ 1912 ਡਾਇਲ ਕੀਤਾ ਜਾ ਸਕਦਾ ਹੈ। ਸਿੱਖਿਆ ਵਿਭਾਗ ਦਾ ਹੈਲਪ ਲਾਈਨ ਨੰਬਰ 18001372215 ਹੈ, ਜਦਕਿ ਜਲ ਸਪਲਾਈ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ 18001802468 ਨੰਬਰ ‘ਤੇ ਦਰਜ ਕਰਾਈਆਂ ਜਾ ਸਕਦੀਆਂ ਹਨ। ਪ੍ਰਵਾਸੀ ਭਾਰਤੀ ਆਪਣੀ ਕੋਈ ਵੀ ਮੁਸ਼ਕਲ 0172-2298543 ‘ਤੇ ਦੱਸ ਸਕਦੇ ਹਨ। ਸ੍ਰੀ ਧੁੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਵੀ ਖਤਮ ਕਰਨ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਕਿਸੇ ਅਧਿਕਾਰੀ ਜਾਂ ਕਰਮਚਾਰੀ ਖਿਲਾਫ ਭ੍ਰਿਸ਼ਟਾਚਾਰ ਖਿਲਾਫ ਸ਼ਿਕਾਇਤ 180018001000 ਟੋਲ ਫ੍ਰੀ ਨੰਬਰ ‘ਤੇ ਦਰਜ ਕਰਾਈ ਜਾ ਸਕਦੀ ਹੈ। ਸ੍ਰੀ ਧੁੱਗਾ ਨੇ ਲੋਕਾਂ ਨੂੰ ਸੂਬਾ ਸਰਕਾਰ ਦੀਆਂ ਇਨ੍ਹਾਂ ਵੱਖ-ਵੱਖ ਹੈਲਪ ਲਾਈਨਾਂ ਦਾ ਫਾਇਦਾ ਉਠਾਉਣ ਦੀ ਅਪੀਲ ਕੀਤੀ ਹੈ।
Punjab Post Daily Online Newspaper & Print Media