ਜੈ ਮਾਲਾ ਦੌਰਾਨ 5 ਲੱਖ ਦੀ ਕੀਤੀ ਮੰਗ-ਪਰਿਵਾਰ ਨੇ ਕੀਤਾ ਇਨਕਾਰ
ਛੇਹਰਟਾ, 21 ਅਪ੍ਰੈਲ (ਨੋਬਲ) – ਇੰਡੀਆ ਗੇਟ ਦੇ ਨਜ਼ਦੀਕ ਤਾਜ ਪੈਲਸ ਵਿੱਚ ਖੁਸ਼ੀਆਂ ਭਰਿਆ ਮਾਹੌਲ ਅੱਜ ਉਸ ਵੇਲੇ ਗਮ ਵਿਚ ਤਬਦੀਲ ਹੋ ਗਿਆ, ਜਦ ਬਰਾਤ ਲੈ ਕੇ ਆਇਆ ਐਨ.ਆਰ.ਆਈ ਜੈ ਮਾਲਾ ਪਾਉਣ ਤੋਂ ਪਹਿਲਾਂ ਹੀ ਮੰਗੇ ਪੈਸੇ ਨਾ ਮਿਲਣ ਕਾਰਨ ਆਪਣੀ ਬਰਾਤ ਸਮੇਤ ਪੈਲਸ ਵਿੱਚੋਂ ਰੱਫੂ ਚੱਕਰ ਹੋ ਗਿਆ।ਥਾਣਾ ਛੇਹਰਟਾ ਵਿਚ ਦਿੱਤੀ ਲਿਖਤੀ ਸ਼ਿਕਾਇਤ ਵਿਚ ਸ਼ਿਸ਼ਨ ਲਾਲ ਪੁੱਤਰ ਗਿਆਨ ਚੰਦ ਵਾਸੀ ਹਰੀਪੁਰਾ ਨੇ ਦੱਸਿਆਂ ਕਿ ਉਸਦੀ ਲੜਕੀ ਜੋਤੀ ਬਾਲਾ ਦੀ ਮੁਲਾਕਾਤ ਕੁੱਝ ਸਾਲ ਪਹਿਲਾਂ ਭੁਪਿੰਦਰ ਕੁਮਾਰ ਉਰਫ ਬੰਟੀ ਪੁੱਤਰ ਹੋਂਸਲਾ ਪ੍ਰਸਾਦ ਵਾਸੀ ਲਖਨਊ ਨਾਲ ਹੋਈ ਸੀ।ਉਨਾਂ ਦੱਸਿਆ ਕਿ ਇੰਨਾਂ ਦੌਵਾਂ ਨੇ ਕਠੂਆਂ ਵਿਖੈ ਇੱਕਠੇ ਆਈ.ਟੀ.ਆਈ ਕੀਤੀ ਸੀ, ਜਿਸ ਦੌਰਾਨ ਇੰਨਾਂ ਦੌਵਾਂ ਵਿਚਕਾਰ ਪਿਆਰ ਹੋ ਗਿਆ, ਇਸ ਤੋਂ ਬਾਅਦ ਭੁਪਿੰਦਰ ਸਿੰਘ ਨਿਊਜੀਲੈਂਡ ਚੱਲਾ ਗਿਆ ਤੇ ਦੌਵਾਂ ਵਿਚਾਲੇ ਫੇਸਬੁੱਕ ਤੇ ਵੱਟਸਅੱਪ ਰਾਹੀ ਗੱਲਬਾਤ ਹੁੰਦੀ ਰਹੀ, ਜਿਸ ਤਹਿਤ ਉਸ ਨੇ ਲੜਕੀ ਨੂੰ ਬਾਹਰ ਲਿਜਾਣ ਦੇ ਕਈ ਸੁਪਨੇ ਵਿਖਾਏ ਅਤੇ ਉਸ ਦੇ ਪਰਿਵਾਰ ਨੂੰ ਕਿਹਾ ਕਿ ਕੁੱਝ ਪੈਸਿਆਂ ਦਾ ਇੰਤਜ਼ਾਮ ਕਰੋ ਤਾਂ ਜੋ ਮੈਂ ਤੁਹਾਡੀ ਲੜਕੀ ਜੋਤੀ ਬਾਲਾ ਨੂੰ ਵੀ ਐਨਆਰਆਈ ਬਣਾ ਸਕਾਂ।ਉਨਾਂ ਦੱਸਿਆਂ ਕਿ ਆਪਣੀ ਲੜਕੀ ਦੀ ਖੁਸ਼ੀ ਨੂੰ ਵੇਖਦਿਆਂ ਹੋਇਆਂ ਉਨਾਂ ਦੌਵਾਂ ਦਾ ਰਿਸ਼ਤਾ ਤਹਿ ਕਰ ਦਿੱਤਾ।ਲੜਕਾ ਭੁਪਿੰਦਰ ਕੁਮਾਰ 14 ਅਪ੍ਰੈਲ ਨੂੰ ਹੀ ਬਾਹਰੋਂ ਆਇਆ ਸੀ ਤੇ ਮਜੀਠਾ ਰੋਡ ਵਿਖੇ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ।
ਲੜਕੀ ਵਾਲੇ ਇਸ ਐਨ.ਆਰ.ਆਈ ਦੇ ਝਾਂਸੇ ਵਿਚ ਆ ਕੇ ਦੋ ਮਹੀਨੇ ਪਹਿਲਾਂ ਸ਼ਹਿਰ ਦੇ ਇਕ ਰੈਸਟੋਰੈਂਟ ਵਿਚ ਮੰਗਣੀ ਕਰਦਿਆਂ 4 ਲੱਖ ਰੁਪਏ ਖਰਚ ਕਰ ਦਿੱਤੇ ਅਤੇ ਮੰਗਲਵਾਰ ਬਰਾਤ ਲਈ ਇੰਡੀਆ ਗੇਟ ਨਜ਼ਦੀਕ ਤਾਜ ਪੈਲਸ ਕੀਤਾ ਗਿਆ, ਇਸ ਸਮੇਂ ਪੂਰਾ ਖੁਸ਼ੀਆਂ ਭਰਿਆ ਮਾਹੌਲ ਸੀ ਅਤੇ ਲੜਕੀ ਪਰਿਵਾਰ ਵੱਲੋਂ ਬਰਾਤ ਦੇ ਸਵਾਗਤ ਲਈ ਹਰ ਤਰ੍ਹਾਂ ਦੇ ਤਿਆਰੀ ਕੀਤੀ ਗਈ ਅਤੇ ਜਦ ਹੀ ਲੜਕੇ ਨੂੰ ਮੁੰਦਰੀ ਪਾਈ ਗਈ ਤਾਂ ਉਸ ਨੇ ਕਿਹਾ ਕਿ ਇਕੱਲੀ ਮੁੰਦਰੀ ਨਾਲ ਹੀ ਨਹੀਂ ਸਰਨਾ, ਕਿਉਂਕਿ ਲੜਕੀ ਨੂੰ ਬਾਹਰ ਲਿਜਾਣ ਲਈ 5 ਲੱਖ ਰੁਪਏ ਦੀ ਜ਼ਰੂਰਤ ਹੈ ਅਤੇ ਇਸ ਦਾ ਇੰਤਜ਼ਾਮ ਕਰੋ।ਇੰਨੀ ਗੱਲ ਸੁਣਦਿਆਂ ਹੀ ਲੜਕੀ ਮੌਕੇ ਤੇ ਬੇਹੋਸ਼ ਹੋ ਗਈ ਤੇ ਉਸ ਦੀ ਹਾਲਤ ਕਾਫੀ ਗੰਭੀਰ ਹੋ ਗਈ। ਐਨ.ਆਰ.ਆਈ ਭੁਪਿੰਦਰ ਕੁਮਾਰ ਮਾਮਲਾ ਵਿਗੜਦਾ ਵੇਖ ਕੇ ਆਪਣੀ ਬਰਾਤ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਲੜਕੀ ਦੇ ਪਿਤਾ ਸ਼ਿਸ਼ਨ ਲਾਲ ਨੇ ਇਸ ਦੀ ਜਾਣਕਾਰੀ ਛੇਹਰਟਾ ਪੁਲਿਸ ਨੂੰ ਦਿੱਤੀ।ਇਸ ਸਬੰਧੀ ਜਦੋਂ ਥਾਣਾ ਛੇਹਰਟਾ ਦੇ ਐਸ.ਐਚ.ਓ ਹਰੀਸ਼ ਬਹਿਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਲੜਕੀ ਦੀ ਹਾਲਤ ਗੰਭੀਰ ਹੈ ਅਤੇ ਉਸ ਦੇ ਬਿਆਨਾਂ ‘ਤੇ ਹੀ ਲੜਕੇ ਪਰਿਵਾਰ ਤੇ ਕਾਰਵਾਈ ਕੀਤੀ ਜਾਵੇਗੀ।
Punjab Post Daily Online Newspaper & Print Media
