ਬਟਾਲਾ, 22 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਲਈ ਦੋ ਦੁਧਾਰੂ ਪਸ਼ੂਆਂ ਦੇ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਵਿਸ਼ੇਸ਼ ਸਬਸਿਡੀ ਦਾ ਐਲਾਨ ਕੀਤਾ ਹੈ। ਇਸ ਤਹਿਤ ਇਕ ਲਾਭਪਾਤਰੀ ਨੂੰ ਕੁੱਲ 79,500 ਰੁਪਏ ਦੀ ਸਬਸਿਡੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ 90 ਲੱਖ ਰੁਪਏ ਦੀ ਰਾਸ਼ੀ ਰਾਜ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਇਹ ਸਕੀਮ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਲਾਗੂ ਕੀਤੀ ਜਾਵੇਗੀ।
ਜ਼ਿਆਦਾ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਦੱਸਿਆ ਕਿ ਦੋ ਦੁਧਾਰੂ ਪਸ਼ੂਆਂ ਦੀ ਖਰੀਦ ‘ਤੇ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਹ ਸਬਸਿਡੀ 60000 ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਤਿੰਨ ਸਾਲ ਦੇ ਬੀਮੇ ‘ਤੇ 100 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਪੱਠੇ ਕੁਤਰਨ ਲਈ ਹੱਥ ਟੋਕਾ ਮਸ਼ੀਨ ਜਿਸਦੀ ਕੀਮਤ 10000 ਰੁਪਏ ਹੈ ਉਸ ਲਈ 75 ਫੀਸਦੀ ਸਬਸਿਡੀ ਅਤੇ ਸਾਫ ਦੁੱਧ ਦੀ ਕਿੱਟ ਸਮੇਤ ਇਕ ਲਾਭਪਾਤਰੀ ਨੂੰ ਕੁੱਲ 79500 ਰੁਪਏ ਦੇ ਲਾਭ ਦਿੱਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਪੰਜਾਬ ਦੇ ਪੇਂਡੂ ਇਲਾਕੇ ਦਾ ਵਸਨੀਕ ਹੋਵੇ ਅਤੇ ਉਸ ਕੋਲ ਲੋੜੀਂਦੀ ਜਗ੍ਹਾ ਹੋਵੇ। ਲਾਭਪਾਤਰੀ ਸਰਕਾਰੀ ਜਾਂ ਅਰਧ ਸਰਕਾਰੀ ਅਦਾਰੇ ਵਿਚ ਨੌਕਰੀ ਨਾ ਕਰਦਾ ਹੋਵੇ ਅਤੇ ਉਸ ਨੇ ਕਿਸੇ ਸਰਕਾਰੀ ਅਦਾਰੇ ਤੋਂ ਪਸ਼ੂ ਪਾਲਣ ਜਾਂ ਡੇਅਰੀ ਦੇ ਧੰਦੇ ਲਈ ਪਿਛਲੇ ਤਿੰਨ ਸਾਲਾਂ ਵਿਚ ਸਬਸਿਡੀ ਦਾ ਲਾਭ ਨਾ ਲਿਆ ਹੋਵੇ।
ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਲਾਭਪਾਤਰੀ ਨੂੰ ਪ੍ਰੋਜੈਕਟ ਲਾਗਤ ਦਾ ਘੱਟੋ-ਘੱਟ 40 ਫੀਸਦੀ ਹਿੱਸਾ ਬੈਂਕ ਕਰਜ਼ੇ ਰਾਹੀਂ ਨਿਵੇਸ਼ ਕਰਨਾ ਹੋਵੇਗਾ ਅਤੇ ਸਬਸਿਡੀ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਰਾਹੀਂ ਪ੍ਰਾਪਤ ਹੋਵੇਗੀ। ਸ੍ਰੀ ਧੁੱਗਾ ਨੇ ਕਿਹਾ ਕਿ ਇਸ ਸਕੀਮ ਨਾਲ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨ ਦੀ ਪੰਜਾਬ ਸਰਕਾਰ ਦੀ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਅਨਸੂਚਿਤ ਜਾਤੀ ਦੇ ਲੋਕਾਂ ਦੀ ਆਮਦਨ ਵਿਚ ਵੀ ਵਾਧਾ ਹੋਣ ਨਾਲ ਉਨ੍ਹਾਂ ਦਾ ਜੀਵਨ ਪੱਧਰ ਹੋਰ ਉੱਚਾ ਹੋਵੇਗਾ। ਸ. ਧੁੱਗਾ ਨੇ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਸੂਬਾ ਸਰਕਾਰ ਦੀ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media