Sunday, March 15, 2026

ਐਸ.ਡੀ.ਐਮ ਬਟਾਲਾ ਵੱਲੋਂ ਬਟਾਲਾ ਮੰਡੀ ‘ਚ ਕਣਕ ਦਾ ਜਾਇਜਾ

PPN2704201502

ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) -ਬਟਾਲਾ ਮੰਡੀ ਵਿੱਚ ਕਣਕ ਦੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਐੱਸ.ਡੀ.ਐੱਮ. ਬਟਾਲਾ ਸ. ਜਸਪਾਲ ਸਿੰਘ ਵੱਲੋਂ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਤੇ ਆੜ੍ਹਤੀਆਂ ਨਾਲ ਮੀਟਿੰਗ ਕੀਤੀ ਗਈ। ਇਸ ਤੋਂ ਬਾਅਦ ਐੱਸ.ਡੀ.ਐੱਮ. ਵੱਲੋਂ ਮੰਡੀ ਵਿੱਚ ਜਾ ਕੇ ਕਣਕ ਦੀ ਖਰੀਦ ਦਾ ਜਾਇਜਾ ਲਿਆ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਕਿਸਾਨਾਂ ਨਾਲ ਗੱਲ ਕਰਦਿਆਂ ਐੱਸ.ਡੀ.ਐੱਮ. ਜਸਪਾਲ ਸਿੰਘ ਨੇ ਕਿਹਾ ਕਿ ਇਸ ਵਾਰ ਕੁਦਰਤੀ ਕਰੋਪੀ ਕਾਰਨ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਕਣਕ ‘ਚ ਨਮੀਂ ਦੀ ਮਾਤਰਾ ਵੱਧ ਹੋਣ ਦੇ ਨਾਲ ਦਾਣੇ ਬਦਰੰਗ ਅਤੇ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਣਕ ‘ਤੇ ਪਈ ਇਸ ਕੁਦਰਤੀ ਮਾਰ ਤੋਂ ਭਲੀਭਾਂਤ ਜਾਣੂ ਹੈ ਅਤੇ ਰਾਜ ਸਰਕਾਰ ਵੱਲੋਂ ਮੰਡੀਆਂ ‘ਚ ਆਈ ਕਣਕ ਦੇ ਨਮੂਨੇ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ ਤਾਂ ਜੋ ਕਣਕ ਖ੍ਰੀਦ ਸਬੰਧੀ ਮਾਪਦੰਡਾਂ ‘ਚ ਹੋਰ ਢਿੱਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਆਸ ਹੈ ਕਿ ਇੱਕ-ਦੋ ਦਿਨਾਂ ‘ਚ ਕੇਂਦਰ ਸਰਕਾਰ ਵੱਲੋਂ ਨਿਯਮਾਂ ‘ਚ ਹੋਰ ਰਾਹਤ ਦਿੱਤੀ ਜਾ ਸਕਦੀ ਹੈ ਜਿਸ ਕਾਰਨ ਕਿਸਾਨਾਂ ਦੀ ਸਾਰੀ ਫਸਲ ਨੂੰ ਬਿਨ੍ਹਾਂ ਕਿਸੇ ਮੁਸ਼ਕਲ ਦੇ ਖ੍ਰੀਦ ਏਜੰਸੀਆਂ ਖ੍ਰੀਦ ਲੈਣਗੀਆਂ।
ਐੱਸ.ਡੀ.ਐੱਮ. ਜਸਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਕਣਕ ਦੀ ਖ੍ਰੀਦ ਦੇ ਸਾਰੇ ਪ੍ਰਬੰਧ ਪੂਰੇ ਕੀਤੇ ਹੋਏ ਹਨ ਅਤੇ ਕਿਸਾਨਾਂ ਦੀ ਫਸਲ ਨੂੰ ਸਰਕਾਰ ਵੱਲੋਂ ਪੂਰੇ ਭਾਅ ‘ਤੇ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਲ ਨਾ ਆਵੇ ਇਸ ਲਈ ਚੰਡੀਗੜ੍ਹ ਤੋਂ ਸੀਨੀਅਰ ਅਧਿਕਾਰੀਆਂ ਵੱਲੋਂ ਮੰਡੀਆਂ ਦੇ ਦੌਰੇ ਕੀਤੇ ਜਾ ਰਹੇ ਹਨ। ਐੱਸ.ਡੀ.ਐੱਮ. ਜਸਪਾਲ ਸਿੰਘ ਨੇ ਦੱਸਿਆ ਕਿ 27 ਅਪ੍ਰੈਲ ਨੂੰ ਸੀਨੀਅਰ ਆਈ.ਏ.ਐੱਸ. ਅਧਿਕਾਰੀ ਸ੍ਰੀ ਐੱਸ.ਆਰ. ਲੱਧੜ ਵੱਲੋਂ ਤਹਿਸੀਲ ਬਟਾਲਾ ਦੀਆਂ ਮੰਡੀਆਂ ਦਾ ਨਿਰੀਖਣ ਕੀਤੀ ਜਾਵੇਗਾ ਅਤੇ ਕਣਕ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਜਿਨਸ ਦਾ ਪੂਰਾ ਮੁੱਲ ਦੇਣ ਲਈ ਵੱਚਨਬੱਧ ਹੈ ਅਤੇ ਇੱਕ ਦੋ ਦਿਨਾਂ ‘ਚ ਖ੍ਰੀਦ ਸਬੰਧੀ ਛੋਟਾਂ ਵਾਲੀਆਂ ਨਵੀਆਂ ਹਦਾਇਤਾਂ ਆ ਜਾਣਗੀਆਂ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਵੇਚਣ ਉਪਰੰਤ ਆੜ੍ਹਈਆਂ ਕੋਲੋਂ ਜੇ-ਫਾਰਮ ਜਰੂਰ ਲੈਣ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply