
ਅੰਮ੍ਰਿਤਸਰ, 3 ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਨੇ ਸਥਾਨਕ ਦਿੱਲੀ ਪਬਲਿਕ ਸਕੂਲ ਵਿਖੇ ਹੋਏ ਸਹੋਦਿਯਾ ਕ੍ਰਿਕੇਟ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਦਿਆ ਚੈਂਪੀਅਨ ਟਰਾਫ਼ੀ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਸੀ. ਬੀ. ਐੱਸ. ਈ. ਨਾਲ ਸਬੰਧਿਤ 20 ਸਕੂਲ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਖ਼ਾਲਸਾ ਸਕੂਲ ਨੇ ਮੇਜ਼ਬਾਨ ਦਿੱਲੀ ਪਬਲਿਕ ਸਕੂਲ ਨੂੰ ਫ਼ਾਈਨਲ ਵਿੱਚ ਮਾਤ ਦਿੱਤੀ।
ਇਸ ਤੋਂ ਪਹਿਲਾਂ ਸਕੂਲ ਨੇ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਨੂੰ ਸੈਮੀਫ਼ਾਈਨਲ ਵਿੱਚ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਕਾਇਮ ਕੀਤੀ ਸੀ। ਪ੍ਰਿੰ: ਡਾ. ਸਰਵਜੀਤ ਕੌਰ ਬਰਾੜ ਨੇ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀ ਸਮਰਜੀਤ ਨੂੰ ਮੈਨ ਆਫ਼ ਟੂਰਨਾਮੈਂਟ ਐਲਾਨਿਆ ਗਿਆ, ਜਦ ਕਿ ਅਰਸ਼ਦੀਪ ਸਿੰਘ ਨੂੰ ਬੈਸਟ ਵਿਕਟ ਕੀਪਰ ਅਤੇ ਸਕੂਲ ਦੇ ਕ੍ਰਿਕੇਟ ਕੋਚ ਕੇਸ਼ਵ ਕੋਹਲੀ ਨੂੰ ਬੈਸਟ ਡੀ. ਪੀ. ਐਵਾਰਡ ਨਾਲ ਨਿਵਾਜਿਆ ਗਿਆ।
ਡਾ. ਬਰਾੜ ਨੇ ਪੂਰੀ ਟੀਮ ਅਤੇ ਕੋਚ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਸ਼ਾਨਦਾਰ ਖ਼ੇਡ ਦਾ ਪ੍ਰਦਰਸ਼ਨ ਕੀਤਾ ਅਤੇ ਟਰਾਫ਼ੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਖੇਡਾਂ ਇਕ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਸਥਾਨ ਰੱਖਦੀਆਂ ਹਨ। ਉਨ੍ਹਾਂ ਨੇ ਮੈਨੇਜ਼ਮੈਂਟ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਸਕੂਲ ਵਿੱਚ ਖ਼ੇਡ ਢਾਂਚਾ ਮਜ਼ਬੂਤ ਹੋਇਆ ਹੈ, ਜਿਸ ਸਦਕਾ ਖੇਡਾਂ ਵਿੱਚ ਵਧੀਆ ਨਤੀਜ਼ੇ ਮਿਲ ਰਹੇ ਹਨ।
Punjab Post Daily Online Newspaper & Print Media