
ਨਵੀਂ ਦਿੱਲੀ, 3 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿੱਚ ਬਲਾਤਕਾਰ, ਭ੍ਰਿਸ਼ਟਾਚਾਰ ਅਤੇ ਹਿੰਸਕ ਘਟਨਾਵਾਂ ਵਿੱਚ ਲਗਾਤਾਰ ਹੋੋ ਰਹੇ ਵਾਧੇ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਪੰਜਾਬ ਵਿੱਚ ਬਲਾਤਕਾਰ ਅਤੇ ਮਾਸੂਮ ਕੁੜੀਆਂ ਦੀਆਂ ਹੱਤਿਆਵਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ, ਇਹ ਆਖ ਕੇ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਦੇਸ਼ ਦੇ ਦੂਸਰੇ ਹਿਸਿਆਂ ਵਿੱਚ ਵੀ ਤਾਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਪੰਜਾਬ ਵਿੱਚ ਉਨ੍ਹਾਂ ਤੋਂ ਕੋਈ ਵੱਖਰਾ ਨਹੀਂ ਹੋ ਰਿਹਾ। ਜਸਟਿਸ ਸੋਢੀ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਪੰਜਾਬ ਦੀ ਸਥਿਤੀ ਦੇਸ਼ ਦੇ ਦੂਸਰੇ ਹਿਸਿਆਂ ਤੋਂ ਇਸ ਕਰਕੇ ਵੱਖਰੀ ਹੈ, ਕਿਉਂਕਿ ਪੰਜਾਬ ਉਨ੍ਹਾਂ ਸਤਿਗੁਰਾਂ ਦੀ ਚਰਨ ਛਹੁ ਪ੍ਰਾਪਤ ਧਰਤੀ ਹੈ, ਜਿਨ੍ਹਾਂ ਮਨੁੱਖ ਨੂੰ ਨਾ ਕੇਵਲ ਸੱਚਾ-ਸੁੱਚਾ ਜੀਵਨ ਜੀਣ ਦਾ ਸੰਦੇਸ਼ ਦਿੱਤਾ, ਸਗੋਂ ਰਾਜਿਆਂ ਤਕ ਦੀ ਜਨਮਦਾਤੀ ਔਰਤ ਦੀ ਇੱਜ਼ਤ ਅਤੇ ਉਸ ਦੇ ਸਨਮਾਨ ਦੀ ਰੱਖਿਆ ਲਈ ਵੀ ਉਸ ਨੂੰ ਵਚਨਬੱਧ ਕੀਤਾ।ਜਸਟਿਸ ਸੋਢੀ ਨੇ ਕਿਹਾ ਕਿ ਇਤਿਹਾਸ ਗੁਆਹ ਹੈ ਕਿ ਕੋਈ ਵੀ ਵਿਦੇਸ਼ੀ ਲੁਟੇਰਾ, ਭਾਵੇਂ ਉਹ ਕਿਤਨਾ ਹੀ ਵੱਡਾ ਅਤੇ ਸ਼ਕਤੀਸ਼ਾਲੀ ਕਿਉਂ ਨਹੀਂ ਸੀ, ਦੇਸ਼ ਦੀ ਇੱਜ਼ਤ ਲੁੱਟ ਸੁਰੱਖਿਅਤ ਆਪਣੇ ਦੇਸ ਵਾਪਸ ਨਹੀਂ ਸੀ ਮੁੜ ਸਕਿਆ।ਅੱਜ ਸਤਿਗੁਰਾਂ ਦੀ ਨਿਵਾਜੀ ਉਸੇ ਧਰਤੀ ‘ਤੇ ਦਿਨ-ਦਿਹਾੜੇ ਮਾਸੂਮ ਬੱਚੀਆਂ ਦੀ ਇੱਜ਼ਤ ਨਾਲ ਖਿਲਵਾੜ ਅਤੇ ਉਨ੍ਹਾਂ ਦੀਆਂ ਹਤਿਆਵਾਂ ਹੋਣਾ ਸਮੁੱਚੇ ਪੰਜਾਬੀਆਂ, ਵਿਸ਼ੇਸ਼ ਕਰ ਸਿੱਖਾਂ ਲਈ ਬਹੁਤ ਹੀ ਸ਼ਰਮਨਾਕ ਹੈ।
ਜਸਟਿਸ ਸੋਢੀ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਜਾਪਦਾ ਹੈ ਕਿ ਸ਼ਰੀਫ ਤੇ ਇਮਾਨਦਾਰ ਆਪਣੀ ਇੱਜ਼ਤ ਅਤੇ ਜਾਨ ਬਚਾਈ ਰਖਣ ਲਈ, ਡਰਦੇ ਮੂੰਹ ਖੋਲਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ, ਤੇ ਸਮਾਜ-ਵਿਰੋਧੀ ਸਮੁੱਚੇ ਪੰਜਾਬ ਵਿੱਚ ਹਰਲ-ਹਰਲ ਕਰਦੇ ਫਿਰ ਰਹੇ ਹਨ, ਉਨ੍ਹਾਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਕਾਨੂੰਨ ਦੇ ਰਾਖੇ ਸੁਰੱਖਿਆ ਬਲਾਂ ਅਤੇ ਸਰਕਾਰ ਦਾ।ਉਨ੍ਹਾਂ ਇਸ ਗੱਲ ‘ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਭਾਜਪਾ ਦੇ ਆਗੂ, ਜੋ ਗੈਰ-ਭਾਜਪਾ ਰਾਜਾਂ ਵਿੱਚ ਹੋਣ ਵਾਲੀਆਂ ਅਜਿਹੀਆਂ ਹੀ ਘਟਨਾਵਾਂ ਦੇ ਵਿਰੁੱਧ ਆਏ ਦਿਨ ਮੁਜ਼ਾਹਰੇ ਅਤੇ ਅੰਦੋਲਣ ਕਰਨ ਲਈ ਚੜ੍ਹੇ ਫਿਰਦੇ ਹਨ, ਪੰਜਾਬ ਵਿੱਚ ਉਨ੍ਹਾਂ ਆਪਣੇ ਮੂੰਹਾਂ ‘ਤੇ ਪੱਟੀਆਂ ਬੰਨ੍ਹ ਰੱਖੀਆਂ ਹਨ।
Punjab Post Daily Online Newspaper & Print Media