Thursday, April 30, 2026

ਪਾਸਪੋਰਟ ਇਨਕੁਆਰੀ ਤੇ ਹੋਰ ਵੈਰੀਫਿਕੇਸ਼ਨ ਹੁਣ ਪੁਲਿਸ ਸਾਂਝ ਕੇਂਦਰਾਂ ਦੇ ਮੁਲਾਜ਼ਮ ਕਰਨਗੇ

ਇਨਕੁਆਰੀ ਸਬੰਧੀ ਐੱਸ.ਐੱਮ.ਐੱਸ. ਰਾਹੀਂ ਪ੍ਰਾਥਰੀ ਨੂੰ ਦਿੱਤੀ ਜਾਵੇਗੀ ਅਗਾਊਂ ਸੂਚਨਾ

ਬਟਾਲਾ, 5 ਮਈ (ਨਰਿੰਦਰ ਬਰਨਾਲ) – ਪਾਸਪੋਰਟ ਬਣਾਉਣ ਵੇਲੇ ਹੁੰਦੀ ਪੁਲਿਸ ਇਨਕੁਆਰੀ ਨੂੰ ਹੋਰ ਸੁਖਾਲਾ ਤੇ ਪਾਰਦਰਸ਼ੀ ਬਣਾਉਂਦਿਆਂ ਹੁਣ ਅਹਿਜੀਆਂ ਇਨਕੁਆਰੀ ਦਾ ਜਿੰਮਾਂ ਪੁਲਿਸ ਸਾਂਝ ਕੇਂਦਰਾਂ ਨੂੰ ਦਿੱਤਾ ਗਿਆ ਹੈ। ਪਾਸਪੋਰਟ ਇਨਕੁਆਰੀ, ਸਰਵਿਸ ਇਨਕੁਆਰੀ ਅਤੇ ਚਾਲ-ਚਲਣ ਸਬੰਧੀ ਵੈਰੀਫਿਕੇਸ਼ਨ ਲਈ ਹਰ ਪੁਲਿਸ ਸਾਂਝ ਕੇਂਦਰ ਵਿੱਚ ਵੱਖਰਾ ਸਟਾਫ ਨਿਯੁੱਕਤ ਕੀਤਾ ਗਿਆ ਹੈ ਅਤੇ ਹੁਣ ਪੁਲਿਸ ਮੁਲਾਜ਼ਮ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ‘ਚ ਪ੍ਰਾਥਰੀ ਦੇ ਘਰ ਜਾ ਕੇ ਇਨਕੁਆਰੀ ਕਰਨਗੇ।ਪੰਜਾਬ ਸਰਕਾਰ ਦੇ ਇਸ ਨਵੇਂ ਫੈਸਲੇ ਤੋਂ ਜਾਣੂ ਕਰਾਉਣ ਲਈ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ.ਪੀ. (ਹੈਡਕੁਆਟਰ) ਸ੍ਰੀ ਜਤਿੰਦਰ ਸਿੰਘ ਮੰਡ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਜ਼ਿਲ੍ਹੇ ਦੇ ਸਾਰੇ ਸਾਂਝ ਕੇਂਦਰ ਮੁਖੀਆਂ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਕਮਿਊਨਿਟੀ ਅਫਸਰ ਡੀ.ਐੱਸ.ਪੀ. ਸ੍ਰੀ ਹਰੀਸ਼ਰਨ ਸ਼ਰਮਾਂ ਵੀ ਹਾਜ਼ਰ ਸਨ।

        ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀ ਇਸ ਨਵੀ ਯੋਜਨਾਂ ‘ਤੇ ਚਾਨਣਾ ਪਾਉਂਦਿਆਂ ਐੱਸ.ਪੀ. ਮੰਡ ਨੇ ਦੱਸਿਆ ਕਿ ਸਰਕਾਰ ਦੇ ਇਸ ਨਵੇਂ ਫੈਸਲੇ ਦਾ ਮੁੱਖ ਮਕਸਦ ਲੋਕਾਂ ਦੀ ਏਜੰਟਾਂ ਹੱਥੋਂ ਲੁੱਟ-ਖਸੁੱਟ ਰੋਕਣਾ, ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਅਤੇ ਸਿਸਟਮ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਪੁਲਿਸ ਸਾਂਝ ਕੇਂਦਰ ਵਿੱਚ ਘੱਟੋ-ਘੱਟ 2 ਪੁਲਿਸ ਮੁਲਾਜ਼ਮਾਂ ਨੂੰ ਪਾਸਪੋਰਟ ਤੇ ਹੋਰ ਵੈਰੀਫਿਕੇਸ਼ਨ ਲਈ ਨਿਯੁੱਕਤ ਕੀਤਾ ਗਿਆ ਹੈ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਮੋਟਰਸਾਈਕਲ, ਕੈਮਰੇ ਅਤੇ ਮੋਬਾਇਲ ਫੋਨ ਵੀ ਸਰਕਾਰੀ ਤੌਰ ‘ਤੇ ਮੁਹੱਈਆ ਕਰਾਏ ਜਾਣਗੇ।ਐੱਸ.ਪੀ. ਮੰਡ ਨੇ ਅੱਗੇ ਦੱਸਿਆ ਕਿ ਹੁਣ ਪੁਲਿਸ ਮੁਲਾਜ਼ਮ ਇਨਕੁਆਰੀ ਕਰਨ ਜਾਣ ਤੋਂ ਪਹਿਲਾਂ ਪ੍ਰਾਥਰੀ ਨੂੰ ਸੂਚਿਤ ਕਰਨਗੇ ਤਾਂ ਜੋ ਪ੍ਰਾਥਰੀ ਆਪਣੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਵੀ ਆਪਣੇ ਘਰ ਬੁਲਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਪਾਸਪੋਰਟ ਇਨਕੁਆਰੀ ਦੀ 100 ਰੁਪਏ ਫੀਸ ਲੈ ਕੇ ਉਸਦੀ ਪੱਕੀ ਰਸੀਦ ਦਿੱਤੀ ਜਾਵੇਗੀ ਅਤੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ‘ਚ ਹੀ ਪਾਸਪੋਰਟ ਇਨਕੁਆਰੀ ਜਾਂ ਹੋਰ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਇਸ ਮੌਕੇ ਪੁਲਿਸ ਮੁਲਾਜ਼ਮ ਪ੍ਰਾਥਰੀ ਨਾਲ ਆਪਣੀ ਫੋਟੋ ਖਿੱਚ ਕੇ ਉੱਚ ਅਧਿਕਾਰੀਆਂ ਨੂੰ ਭੇਜਣਗੇ ਤਾਂ ਜੋ ਇਸ ਗੱਲ ਦੀ ਪੁਸ਼ਟੀ ਹੋ ਸਕੇ ਕਿ ਇਨਕੁਆਰੀ ਮੁਲਾਜ਼ਮ ਮੌਕੇ ‘ਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਂਝ ਕੇਂਦਰ ਵੱਲੋਂ ਐੱਸ.ਐੱਮ.ਐੱਸ ਰਾਹੀਂ ਪ੍ਰਾਰਥੀ ਨੂੰ ਇਨਕੁਆਰੀ ਸਬੰਧੀ ਸਮੇਂ-ਸਮੇਂ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਵੇਂ ਸਿਸਟਮ ਨਾਲ ਹੁਣ ਇਨਕੁਆਰੀ ‘ਤੇ ਲੱਗਣ ਵਾਲੇ ਸਮੇਂ ਨੂੰ ਵੀ ਘੱਟ ਕੀਤਾ ਗਿਆ ਹੈ ਅਤੇ ਥਾਣਾ ਸਾਂਝ ਕੇਂਦਰ ਹੁਣ ਸਿੱਧੀ ਫਾਈਲ ਜ਼ਿਲ੍ਹਾ ਸਾਂਝ ਕੇਂਦਰ ਨੂੰ ਭੇਜਣਗੇ। ਐੱਸ.ਪੀ. ਜਤਿੰਦਰ ਸਿੰਘ ਮੰਡ ਨੇ ਪੁਲਿਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਨਵੀਂ ਪ੍ਰਣਾਲੀ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕਰਨ ਤਾਂ ਜੋ ਲੋਕਾਂ ਨੂੰ ਪੁਲਿਸ ਸੇਵਾਵਾਂ ਸਮੇਂ ਸਿਰ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲ ਸਕਣ।ਇਸ ਮੌਕੇ ਜ਼ਿਲ੍ਹਾ ਪੁਲਿਸ ਕਮਿਊਨਿਟੀ ਅਫਸਰ ਡੀ.ਐੱਸ.ਪੀ. ਹਰੀਸ਼ਰਨ ਸ਼ਰਮਾਂ ਨੇ ਵਿਸਥਾਰ ਵਿੱਚ ਪਾਸਪੋਰਟ ਇਨਕੁਆਰੀ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਇਸ ਸਾਰੇ ਅਮਲ ਦੀ ਖੁੱਦ ਨਿਗਰਾਨੀ ਰੱਖ ਰਹੇ ਹਨ ਅਤੇ ਸਮੇਂ ਸਮੇਂ ਉੱਚ ਅਧਿਕਾਰੀਆਂ ਵੱਲੋਂ ਵੀ ਇਸ ਸਬੰਧੀ ਘਰ-ਘਰ ਜਾ ਕੇ ਲੋਕਾਂ ਤੋਂ ਇਸ ਨਵੀ ਸੇਵਾ ਬਾਰੇ ਪੁੱਛਿਆ ਜਾਵੇਗਾ।ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰਾਂ ਵਿੱਚ ਇਸ ਸੇਵਾ ਦੇ ਨਾਲ ਦਿੱਤੀਆਂ ਜਾ ਰਹੀਆਂ 27 ਹੋਰ ਸੇਵਾਵਾਂ ਨੂੰ ਬਿਨਾਂ ਕਿਸੇ ਦੇਰੀ ਲੋਕਾਂ ਨੂੰ ਮੁਹੱਈਆ ਕਰਾਇਆ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply