Friday, March 6, 2026

ਬਟਾਲਾ ਦੇ ਉਸਾਰੀ ਕਿਰਤੀਆਂ ਨੂੰ ਭਲਾਈ ਯੋਜਨਾਵਾਂ ਤਹਿਤ 3917900 ਦਾ ਦਿੱਤਾ ਵਿੱਤੀ ਲਾਭ

ਉਸਾਰੀ ਕਿਰਤੀ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਮੈਂਬਰ ਬਨਣ – ਸਿੱਧੂ

ਬਟਾਲਾ, 5 ਮਈ (ਨਰਿੰਦਰ ਬਰਨਾਲ) – ਸੂਬਾ ਸਰਕਾਰ ਵੱਲੋਂ ਗਠਤ ਕੀਤੇ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦਾ ਉਸਾਰੀ ਕਿਰਤੀਆਂ ਨੂੰ ਵੱਡਾ ਫਾਇਦਾ ਹੋਇਆ ਹੈ ਅਤੇ ਇਸ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਪੂਰੀ ਸਫਲਤਾ ਨਾਲ ਉਸਾਰੀ ਕਿਰਤੀਆਂ ਤੱਕ ਪਹੁੰਚ ਰਿਹਾ ਹੈ। ਸਹਾਇਕ ਕਿਰਤ ਕਮਿਸ਼ਨਰ ਦਫਤਰ ਬਟਾਲਾ ਵੱਲੋਂ ਬੋਰਡ ਨਾਲ ਰਜ਼ਿਸਟਰ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਭਲਾਈ ਯੋਜਨਾਵਾਂ ਤਹਿਤ ਹੁਣ ਤੱਕ 3917900 ਰੁਪਏ ਦਾ ਵਿੱਤੀ ਲਾਭ ਦਿੱਤਾ ਗਿਆ ਹੈ।

           ਬਟਾਲਾ ਦਫਤਰ ਵੱਲੋਂ ਉਸਾਰੀ ਮਜਦੂਰਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਵਜ਼ੀਫਾ ਸਕੀਮ ਤਹਿਤ ਉਸਾਰੀ ਕਿਰਤੀਆਂ ਦੇ 475 ਬੱਚਿਆਂ ਨੂੰ 1880000 ਰੁਪਏ ਦੀ ਰਕਮ ਵਜ਼ੀਫੇ ਵਜੋਂ ਵੰਡੀ ਜਾ ਚੁੱਕੀ ਹੈ। ਇਸਤੋਂ ਇਲਾਵਾ ਉਸਾਰੀ ਕਿਰਤੀਆਂ ਦੀਆਂ 49 ਲੜਕੀਆਂ ਦੇ ਵਿਆਹ ਮੌਕੇ ਪੰਜਾਬ ਸਰਕਾਰ ਵੱਲੋਂ 10 ਲੱਖ 29 ਹਜ਼ਾਰ ਰੁਪਏ ਸ਼ਗਨ ਦਿੱਤਾ ਗਿਆ ਹੈ। ਉਸਾਰੀ ਕਿਰਤੀਆਂ ਦੇ ਮੁਫਤ ਇਲਾਜ ਦੀ ਸਹੂਲਤ ਤਹਿਤ ਸੂਬਾ ਸਰਕਾਰ ਵੱਲੋਂ 94102 ਰੁਪਏ ਖਰਚ ਕੇ 8 ਉਸਾਰੀ ਕਿਰਤੀਆਂ ਦੀ ਜਰਨਲ ਸਰਜਰੀ ਕਰਾਈ ਗਈ ਹੈ। ਹਾਦਸੇ ਦੀ ਸੂਰਤ ‘ਚ ਐਕਸਗਰੇਸੀਆ ਸਕੀਮ ਤਹਿਤ 6 ਉਸਾਰੀ ਕਿਰਤੀਆਂ ਨੂੰ 9 ਲੱਖ ਰੁਪਏ ਦਿੱਤੇ ਗਏ ਹਨ ਅਤੇ 10 ਉਸਾਰੀ ਕਿਰਤੀਆਂ ਦੀ ਮੌਤ ‘ਤੇ 1 ਲੱਖ ਰੁਪਏ ਦਾਹ ਸੰਸਕਾਰ ਲਈ ਖਰਚ ਕੀਤੇ ਹਨ। ਇਸ ਤੋਂ ਇਲਾਵਾ ਇੱਕ ਉਸਾਰੀ ਕਿਰਤੀ ਨੂੰ ਦੰਦ ਲਗਵਾਉਣ ਲਈ 5 ਹਜ਼ਾਰ ਰੁਪਏ ਵੀ ਰਾਜ ਸਰਕਾਰ ਵੱਲੋਂ ਦਿੱਤੇ ਗਏ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਹਾਇਕ ਕਿਰਤ ਕਮਿਸ਼ਨਰ ਬਟਾਲਾ ਸ. ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਦੇਣ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸ ਬੋਰਡ ‘ਚ ਕੋਈ ਵੀ ਉਸਾਰੀ ਕਿਰਤੀ ਜਿਸ ਦੀ ਉਮਰ 18 ਤੋਂ 60 ਸਾਲ ਦਰਮਿਆਨ ਹੈ ਅਤੇ ਉਸ ਨੇ ਪਿਛਲੇ ਇੱਕ ਸਾਲ ਦੌਰਾਨ ਪੰਜਾਬ ਵਿੱਚ ਘੱਟੋ-ਘੱਟ 90 ਦਿਨ ਬਤੌਰ ਉਸਾਰੀ ਮਜਦੂਰ ਕੰਮ ਕੀਤਾ ਹੋਵੇ ਬੋਰਡ ਦਾ ਮੈਂਬਰ ਬਣ ਕੇ ਸਹੂਲਤਾਂ ਦਾ ਲਾਭ ਲੈ ਸਕਦਾ ਹੈ।ਸ. ਸਿਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਲਈ ਮੁਫਤ ਮੈਡੀਕਲ ਸਹਾਇਤਾ ਸ਼ੁਰੂ ਕੀਤੀ ਗਈ ਹੈ ਅਤੇ ਉਸਾਰੀ ਮਜਦੂਰ ਦੇ ਪਰਿਵਾਰ ਦੇ 5 ਮੈਂਬਰਾਂ ਨੂੰ 30,000 ਰੁਪਏ ਪ੍ਰਤੀ ਸਾਲ ਮੁਫਤ ਇਲਾਜ ਸਹੂਲਤ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਦੇ ਪਰਿਵਾਰਾਂ ਨੂੰ ਖਤਰਨਾਕ ਬਿਮਾਰੀਆਂ ਕੈਂਸਰ, ਦਿਲ ਦਾ ਦੌਰਾ, ਗੁਰਦੇ ਆਦਿ ਦਾ ਬਦਲਣਾ ਦੇ ਇਲਾਜ ਲਈ 1 ਲੱਖ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਉਸਾਰੀ ਕਿਰਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਰਨਲ ਸਰਜਰੀ ਲਈ 20000 ਰੁਪਏ, ਐਨਕਾਂ ਲਗਾਉਣ ਲਈ 800 ਰੁਪਏ, ਦੰਦ ਲਗਾਉਣ ਲਈ 5000 ਰੁਪਏ ਅਤੇ ਸੁਣਨ ਯੰਤਰ ਲਗਾਉਣ ਲਈ 6000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬੋਰਡ ਦੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜ਼ੀਫਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ ਅਤੇ ਉਸਾਰੀ ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਪੰਜਾਬ ਸਰਕਾਰ ਵੱਲੋਂ 21,000 ਰੁਪਏ ਸ਼ਗਨ ਦੇਣ ਦੀ ਯੋਜਨਾ ਵੀ ਚੱਲ ਰਹੀ ਹੈ।ਸਹਾਇਕ ਕਿਰਤ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਲਈ ਐੱਲ.ਟੀ.ਸੀ. ਦੀ ਸੁਵਿਧਾ ਵੀ ਸ਼ੁਰੂ ਕੀਤੀ ਹੈ ਅਤੇ ਹਰ ਚਾਰ ਸਾਲਾਂ ਉਪਰੰਤ ਕਿਰਤੀਆਂ ਨੂੰ 2000 ਰੁਪਏ ਸੈਰ ਸਪਾਟੇ ਲਈ ਐੱਲ.ਟੀ.ਸੀ. ਦਿੱਤੀ ਜਾਇਆ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਸਭ ਤੋਂ ਇਲਾਵਾ ਜੇਕਰ ਕਿਸੇ ਉਸਾਰੀ ਕਿਰਤੀ ਦੀ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਜਾਂ ਉਹ ਪੂਰੀ ਤਰਾਂ ਨਕਾਰਾ ਹੋ ਜਾਂਦਾ ਹੈ ਤਾਂ ਉਸਦੇ ਪਰਿਵਾਰ ਨੂੰ ਐਕ-ਗ੍ਰੇਸ਼ੀਆ ਸਕੀਮ ਤਹਿਤ 1 ਲੱਖ ਰੁਪਏ ਦਿੱਤੇ ਜਾਣਗੇ ਅਤੇ ਜੇਕਰ ਉਹ ਅੰਸ਼ਕ ਤੌਰ ‘ਤੇ ਅਪੰਗ ਹੋ ਜਾਂਦਾ ਹੈ ਤਾਂ ਉਸ ਨੂੰ 50000 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ। ਸਹਾਇਕ ਕਿਰਤ ਕਮਿਸ਼ਨਰ ਸ. ਇਕਬਾਲ ਸਿੰਘ ਸਿੱਧੂ ਨੇ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਬਿਲਡਿੰਗ ਐਂਡ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਮੈਂਬਰ ਬਣਕੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ ਉਠਾਉਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply