Tuesday, September 8, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚਾਰ ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ-97 ਆਰੰਭ

PPN0505201509

ਅੰਮ੍ਰਿਤਸਰ, 5 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸ੍ਰੋਤ ਤੇ ਵਿਕਾਸ ਕੇਂਦਰ ਵੱਲੋਂ ਚਾਰ ਹਫਤਿਆਂ ਦਾ ਓਰੀਐਂਟੇਸ਼ਨ ਪ੍ਰੋਗਰਾਮ-97 ਆਰੰਭ ਹੋ ਗਿਆ। ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 48 ਅਧਿਆਪਕ ਭਾਗ ਲੈ ਰਹੇ ਹਨ।

         ਮਹਾਰਾਜਾ ਰਣਜੀਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ-ਚਾਂਸਲਰ, ਪ੍ਰੋ. ਐਮ.ਪੀ.ਐਸ. ਈਸ਼ਰ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿਚ ਯੂਨੀਵਰਸਿਟੀ ਦੇ ਇਸ ਕੇਂਦਰ ਵੱਲੋਂ ਅਧਿਆਪਕਾਂ ਦੇ ਗਿਆਨ ਵਿਚ ਵਾਧਾ ਕਰਾਉਣ ਵਾਸਤੇ ਕਰਵਾਏ ਜਾ ਰਹੇ ਵੱਖ-ਵੱਖ ਕੋਰਸਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਵਿਦਿਆਰਥੀਆਂ ਵਿਚ ਸਿਰਜਣਾਤਮਕ, ਨਵੀਨਤਾ ਅਤੇ ਜਗਿਆਸਾਭਰਪੂਰ ਨਿਪੁੰਨਤਾ ਦੀ ਅਣਹੋਂਦ ਕਰਕੇ ਸਾਡੀ ਸਿਖਿਆ ਪ੍ਰਣਾਲੀ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਇਨ੍ਹਾਂ ਗੁਣਾਂ ਨਾਲ ਭਰੂਪਰ ਗਿਆਨ ਵੰਡਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਰੁਚੀ ਘੱਟ ਹੋਣ ਕਰਕੇ ਸਾਡੀ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਕੀਤੀ ਜਾਣ ਵਾਲੀ ਖੋਜ ‘ਤੇ ਵੀ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਚੇਰੀ ਸਿਖਿਆ ਦਾ ਮਕਸਦ ਸਿਰਫ ਰੁਜ਼ਗਾਰ ਦਿਵਾਉਣਾ ਹੀ ਨਹੀਂ ਹੋਣਾ ਚਾਹੀਦਾ ਸਗੋਂ ਉੱਚੇ ਅਤੇ ਆਦਰਸ਼ਕ ਨਾਗਰਿਕ ਪੈਦਾ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਆਪਕਾਂ ਨੂੰ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦਾ ਗਿਆਨ ਦੇਣਾ ਚਾਹੀਦਾ ਹੈ।  ਕੇਂਦਰ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਕੌਰ ਨਾਗਪਾਲ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਕੇਂਦਰ ਦੇ ਡਾਇਰੈਕਟਰ, ਡਾ. ਮੋਹਨ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply