Friday, March 27, 2026

ਬਾਲੀਵੱਡ ਕਲਾਕਾਰ ਸਲਮਾਨ ਖਾਨ ਨੂੰ ਪੰਜ ਸਾਲ ਦੀ ਕੈਦ ਤੇ 25 ਹਜ਼ਾਰ ਜੁਰਮਾਨਾ

13 ਸਾਲ ਬਾਅਦ ਆਏ ਫੈਸਲੇ ‘ਚ ਮੁੰਬਈ ਸੈਸ਼ਨ ਕੋਰਟ ਨੇ ਹਿੱਟ ਐਂਡ ਰਨ ਮਾਮਲੇ ‘ਚ ਦਿੱਤਾ ਦੋਸ਼ੀ ਕਰਾਰ

Photo

ਮੁੰਬਈ, 6 ਮਈ (ਪ.ਪ.ਬ) – ਹਿੱਟ ਐਂਡ ਰਨ ਮਾਮਲੇ ਵਿੱਚ 13 ਸਾਲ ਬਾਅਦ ਆਏ ਫੈਸਲੇ ‘ਚ ਬਾਲੀਵੱਡ ਕਲਾਕਾਰ ਸਲਮਾਨ ਖਾਨ ਨੂੰ ਮੁੰਬਈ ਦੀ ਮਾਨਯੋਗ ਸ਼ੈਸ਼ਨ ਕੋਰਟ ਨੇ ਪੰਜ ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।ਅੱਜ ਸ਼ੈਸ਼ਨ ਕੋਰਟ ਦੀ ਹੋਈ ਸੁਣਵਾਈ ਦੌਰਾਨ ਬਚਾਅ ਪੱਖ ਅਤੇ ਸਰਕਾਰੀ ਵਕੀਲਾਂ ਨੇ ਆਪੋ-ਆਪਣੀਆਂ ਦਲੀਲਾਂ ਦਿੱਤੀਆਂ ਅਤੇ ਅਦਾਲਤ ਨੇ ਸਲਮਾਨ ਖਾਨ ਨੂੰ ਲਗਾਈਆਂ ਗਈਆਂ ਸਾਰੀਆਂ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ । ਬਾਅਦ ਦੁਪਿਹਰ ਮਾਨਯੋਗ ਜੱਜ ਸਾਹਿਬਾਨ ਨੇ ਜਦ ਸਲਮਾਨ ਖਾਨ ਨੂੰ ਪੰਜ ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਸੁਣਾਇਆ ਤਾਂ ਫੈਸਲਾ ਸੁਣਦਿਆਂ ਹੀ ਸਲਮਾਨ ਖਾਨ ਰੋ ਪਏ ਅਤੇ ਉਹਨਾਂ ਦੇ ਪਰਿਵਾਰ ਮੈਂਬਰ ਅਤੇ ੇ ਸ਼ੁੱਭ-ਚਿੰਤਕ ਨਿਰਾਸ਼ ਦਿਖਾਈ ਦਿੱਤੇ।ਪੁਲਿਸ ਨੇ ਸਲਮਾਨ ਖਾਨ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮੈਡੀਕਲ ਲਈ ਉਸ ਨੂੰ ਮੁੰਬਈ ਦੇ ਜੇ.ਜੇ. ਹਸਪਤਾਲ ਲਿਜਾਇਆ ਗਿਆ। ਸੂਚਨਾ ਅਨੁਸਾਰ ਸਲਮਾਨ ਖਾਨ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਰੱਖਿਆ ਜਾਵੇਗਾ।
ਉਧਰ ਸਲਮਾਨ ਖਾਨ ਦੇ ਵਕੀਲਾਂ ਦਾ ਕਹਿਣਾ ਹੈ ਕਿ ਅੱਜ ਦੇ ਇਸ ਫੈਸਲੇ ਵਿਰੁੱਧ ਉਹ ਹਾਈਕੋਰਟ ਵਿੱਚ ਅਪੀਲ ਕਰਨਗੇ।ਜਿਕਰਯੋਗ ਹੈ ਕਿ ਅੱਜ ਦੀ ਸੁਣਵਾਈ ਦੌਰਾਨ ਜਿਥੇ ਸਲਮਾਨ ਖਾਨ ਦੇ ਵਕੀਲਾਂ ਨੇ ਇਹ ਕਹਿੰਦਿਆਂ ਘੱਟ ਸਜਾ ਦੀ ਅਪੀਲ ਕੀਤੀ ਸੀ ਕਿ ਸਲਮਾਨ ਖਾਨ ਤੇ ਉਸ ਦੇ ਪਰਿਵਾਰ ਦੀ ਜਿੰਮੇਦਾਰੀ ਹੈ ਅਤੇ ਸਮਾਜ ਵਿੱਚ ਵਿਚਰਦਿਆਂ ਉਹ ਗਰੀਬਾਂ ਦੀ ਮਦਦ ਕਰਦੇ ਰਹਿੰਦੇ ਹਨ ਅਤੇ ਉਹ 42 ਕਰੋੜ ਦਾ ਦਾਨ ਵੀ ਦੇ ਚੁੱਕੇ ਹਨ, ਜਦਕਿ ਸਰਕਾਰੀ ਵਕੀਲਾਂ ਨੇ ਸਲਮਾਨ ਨੂੰ 10 ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ।ਜਦ ਅਦਾਲਤ ਨੇ ਅਪੀਲਾਂ ਖਾਰਜ ਕਰ ਦਿੱਤੀਆਂ ਤਾਂ ਆਖਰੀ ਦਾਅ ਵਜੋਂ ਸਲਮਾਨ ਦੇ ਵਕੀਲ ਨੇ ਮੈਡੀਕਲ ਰਿਪੋਰਟ ਦਾਖਲ ਕੀਤੀ ਕਿ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਦਿਲ ਦੀ ਬਿਮਾਰੀ ਤੋਂ ਪੀੜ੍ਹਤ ਹਨ, ਲੇਕਿਨ ਸਲਮਾਨ ਖਾਨ ਨੇ ਵਕੀਲ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।
ਇਸੇ ਦੌਰਾਨ ਅਦਾਲਤ ਵਿੱਚ ਝੂਠੀ ਗਵਾਹੀ ਦੇਣ ‘ਤੇ ਸਲਮਾਨ ਦੇ ਡਰਾਇਵਰ ਅਸ਼ੋਕ ਸਿੰਘ ਨੂੰ ਹਿਰਾਸਤ ਲਏ ਜਾਣ ਦੀ ਖਬਰ ਹੈ, ਜਿਸ ‘ਤੇ ਦੋਸ਼ ਹੈ ਕਿ ਉਸ ਨੇ ਝੂਠੀ ਗਵਾਹੀ ਦਿੰਦਿਆਂ ਅਦਾਲਤ ਵਿੱਚ ਕਿਹਾ ਸੀ ਕਿ ਘਟਨਾ ਸਮੇਂ ਕਾਰ ਉਹ ਚਲਾ ਰਿਹਾ ਸੀ।
ਦੱਸਣਯੋਗ ਹੈ ਕਿ ਇਹ ਕੇਸ 2002 ਦਾ ਹੈ, ਜਦ ਸਲਮਾਨ ਖਾਂ ਨੇ ਸ਼ਰਾਬੀ ਹਾਲਤ ‘ਚ ਕਾਰ ਚਲਾਉਂਦਿਆਂ ਹੋਇਆਂ ਫੁੱਟਪਾਥ ‘ਤੇ ਰਹਿੰਦੇ 5 ਵਿਅਕਤੀਆਂ ਨੂੰ ਕੁਚਲ ਦਿੱਤਾ ਸੀ ਅਤੇ ਇੰਨਾਂ ਵਿਚੋਂ ਇਕ ਨੂਰ ਉਲਾਹ ਸ਼ਰੀਫ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply