ਸ਼ਿਵ ਕੁਮਾਰ ਬਟਾਲਵੀ ਦੀ 42 ਵੀਂ ਬਰਸੀ ਮਨਾਈ ਗਈ

ਬਟਾਲਾ, 6 ਮਈ (ਨਰਿੰਦਰ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਬਟਾਲਾ ਦੀਆਂ ਸਮੂਹ ਸਾਹਿਤ ਸਭਾਵਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ 42ਵੀਂ ਬਰਸੀ ‘ਤੇ ਇਕ ਸਫਲ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।ਇਸ ਵਿਚ ਪਦਮ ਸ਼੍ਰੀ ਸੁਰਜੀਤ ਪਾਤਰ ਮੁੱਖ ਮਹਿਮਾਨ ਅਤੇ ਪ੍ਰੋ. ਗੁਰਭਜਨ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਡਾ. ਰਵਿੰਦਰ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ‘ਚ ਪੰਜਾਬੀ ਕਵਿਤਾ ਵਿੱਚ ਵਿਲੱਖਣ ਪਛਾਣ ਬਣਾ ਚੁੱਕੇ ਸ਼ਾਇਰ ਇੰਜੀ. ਜਸਵੰਤ ਜ਼ਫਰ ਨੂੰ ਨਕਦ ਰਾਸ਼ੀ, ਸਨਮਾਨ ਪੱਤਰ, ਪੱਗ ਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮੂਹ ਬੁਲਾਰਿਆਂ ਨੇ ਉਨਖ਼ਾਂ ਦੀ ਕਵਿਤਾ ਨੂੰ ਤਰਕ ਤੇ ਤਨਜ਼ ਦੇ ਸੁਮੇਲ ‘ਚੋਂ ਸਿਰਜਤ ਕਵਿਤਾ ਦੱਸਦਿਆਂ ਜਸਵੰਤ ਜ਼ਫਰ ਨੂੰ ਵਧਾਈਆਂ ਦਿੱਤੀਆਂ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਸ਼ਿਵ ਕੁਮਾਰ ਨੂੰ ਯੁੱਗ ਕਵੀ ਕਿਹਾ ਜਿਸ ਦੇ ਨਾਲ ਹੀ ਸ਼ਿਵ ਬਟਾਲਵੀ ਵਰਗੀ ਕਵਿਤਾ ਦਾ ਯੁੱਗ ਖਤਮ ਹੋ ਗਿਆ। ਉਨਖ਼ਾਂ ਨੇ ਸ਼ਿਵ ਆਡੀਟੋਰੀਅਮ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਤੇ ਇਸ ਨੂੰ ਸਾਹਿਤਕ-ਕਲਾਤਮਕ ਅਤੇ ਵਿਦਿਅਕ ਸਰਗਰਮੀਆਂ ਦੇ ਕੇਂਦਰ ਵਲੋਂ ਵਿਕਸਤ ਕਰਨ ਦੀ ਮੰਗ ਕੀਤੀ। ਪਦਮ ਸ਼੍ਰੀ ਸੁਰਜੀਤ ਪਾਤਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਬੋਲੀ ਦੀ ਖ਼ੂਬਸੂਰਤੀ ਨੂੰ ਜੱਗ ਜ਼ਾਹਿਰ ਕੀਤਾ ਤੇ ਆਪਣੀ ਕਵਿਤਾ ਦੇ ਵਹਿਣ ‘ਚ ਪੰਜਾਬੀ ਜ਼ਿੰਦਗੀ ਦੇ ਨਿੱਕੇ ਨਿੱਕੇ ਵੇਰਵਿਆਂ ਨੂੰ ਵਿਸਰਦੇ ਜਾ ਰਹੇ ਲਫ਼ਜ਼ਾਂ ਤੇ ਹਰ ਅਣਮੋਲੇ ਵਰਤਾਰਿਆਂ ਨੂੰ ਆਪਣੀ ਕਵਿਤਾ ‘ਚ ਵਹਾਅ ਦਿੱਤਾ। ਲੂਣਾ ਕਾਵਿ ਨਾਟ ਵਿੱਚ ਉਸ ਨੇ ਕਾਮਨਾ ਅਤੇ ਆਦਰਸ਼ ਵਿਚਲੇ ਤਣਾਉ ਨੂੰ ਕਮਾਲ ਦੀ ਸ਼ਿੱਦਤ ਨਾਲ ਪੇਸ਼ ਕੀਤਾ।
ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ‘ਚ ਸ਼ਾਮਲ ਹੋਏ ਪ੍ਰੋ. ਗੁਰਭਜਨ ਗਿੱਲ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਧਰਤੀ ਪੁੱਤਰ ਦੱਸਦਿਆਂ ਕਿਹਾ ਕਿ ਉਸ ਨੇ ਧਰਤੀ ਮਾਂ ਦੇ ਜਾਇਆਂ ਦੀ ਪੀੜ ਬਿਆਨ ਕੀਤੀ ਹੈ। ਉਨਖ਼ਾਂ ਕਿਹਾ ਕਿ ਉਸ ਨੇ ‘ਲੂਣਾਂ’ ਮਹਾਂ ਕਾਵਿ ਦੀ ਸਿਰਜਣਾ ‘ਚ ਇਕੋ ਵੇਲੇ ਮਾਂ ਇੱਛਰਾਂ ਤੇ ਨੌਜਵਾਨ ਔਰਤ ਲੂਣਾ ਦੇ ਦਰਦ ਨੂੰ ਜ਼ਬਾਨ ਦਿੱਤੀ ਹੈ। ਖ਼ੁਦ ਸ਼ਿਵ ਕੁਮਾਰ ਪੂਰਨ ਦੇ ਰੂਪ ‘ਚ ਪੇਸ਼ ਹੈ। ਡਾ. ਰਵਿੰਦਰ ਨੇ ਪ੍ਰਧਾਨਗੀ ਭਾਸ਼ਣ ‘ਚ ਕਿਹਾ ਕਿ ਸ਼ਿਵ ਕੁਮਾਰ ਉੱਚ ਦੁਆਲੜਾ, ਪੰਜਾਬੀ ਦਾ ਸਭ ਤੋਂ ਪਿਆਰਾ ਤੇ ਮਕਬੂਲ ਸ਼ਾਇਰ ਸੀ ਜਿਸ ਨੇ ਆਪਣੀ ਕਵਿਤਾ ਨੂੰ ਆਪਣੇ ਸਾਹਾਂ ਤੇ ਲਹੂ ਨਾਲ ਜਵਾਨ ਕੀਤਾ ਅਤੇ ਸਿਖਰ ‘ਤੇ ਪਹੁੰਚ ਕੇ ਲਟ-ਲਟ ਬਲਦੇ ਅਹਿਸਾਸਾਂ ਨਾਲ ਆਪਣੀ ਸ਼ਾਇਰੀ ਦੀ ਮਸ਼ਾਲ ਜਗਦੀ ਛੱਡ ਕੇ ਅੱਜ ਦੇ ਦਿਨ ਭਰਿਆ ਭਰਾਇਆ ਤੁਰ ਗਿਆ।
ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼੍ਰੀ ਪੂਰਨ ਪਿਆਸ ਰਿਟਾ. ਇੰਨਕਮ ਟੈਕਸ ਕਮਿਸ਼ਨਰ, ਸ਼੍ਰੀ ਹਰੀਸ਼ਰਨ ਸ਼ਰਮਾ ਡੀ.ਐਸ.ਪੀ. ਬਟਾਲਾ ਅਤੇ ਡਾ. ਨਰੇਸ਼ ਕੁਮਾਰ ਨੇ ਸ਼ਿਰਕਤ ਕੀਤੀ।ਵਾਰਤਾਕਾਰ ਦੇਵਿੰਦਰ ਦੀਦਾਰ ਦੀ ਕਿਤਾਬ ”ਗੱਲੀਂ ਜੋਗ ਨਾ ਹੋਈ” ਦੇ ਦੂਜੇ ਸੰਸਕਰਨ ਨੂੰ ਲੋਕ ਅਰਪਣ ਵੀ ਕੀਤਾ ਗਿਆ।
ਸ਼ਾਇਰੀ ਦੇ ਦੌਰ ‘ਚ ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਇੰਜੀ. ਜਸਵੰਤ ਜ਼ਫਰ, ਪ੍ਰਿੰ. ਅਵਤਾਰ ਸਿੱਧੂ, ਬੀਬਾ ਬਲਵੰਤ, ਵਰਗਿਸ ਸਲਾਮਤ, ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ, ਮਨਜਿੰਦਰ ਧਨੋਆ, ਮਹੇਸ਼ ਪਾਲ ਫਾਜ਼ਿਲ, ਕੁਲਦੀਪ ਮੱਲੀ, ਸੁਖਦੇਵ ਸਿੰਘ ਪ੍ਰੇਮੀ, ਜਸਵੰਤ ਹਾਂਸ, ਦੇਵਿੰਦਰ ਦੀਦਾਰ, ਸੁਰਿੰਦਰ ਸਿੰਘ ਨਿਮਾਣਾ, ਸੁਲਤਾਨ ਭਾਰਤੀ, ਸੰਧੂ ਬਟਾਲਵੀ, ਰੋਜ਼ੀ ਸਿੰਘ, ਸੁੱਚਾ ਸਿੰਘ ਨਾਗੀ, ਕੁਲਬੀਰ ਸਿੰਘ ਸੱਗੂ, ਡਾ.ਰਮਨਦੀਪ ਸਿੰਘ, ਨਰਿੰਦਰ ਸੰਘਾ, ਡਾ. ਸੈਮੁਅਲ ਗਿੱਲ, ਹਰਭਜਨ ਬਾਜਵਾ, ਤਲਵਿੰਦਰ ਕੌਰ, ਸੁੱਚਾ ਸਿੰਘ ਰੰਧਾਵਾ, ਗੁਰਦਿਆਲ ਪੱਲਾ, ਬਲਵਿੰਦਰ ਗੰਭੀਰ, ਹਰਸਿਮਰਨਜੀਤ, ਹਰਪਾਲ ਨਾਗਰਾ, ਰਾਜਪਾਲ ਸਿੰਘ ਬਾਠ, ਗੁਰਪ੍ਰਤਾਪ ਸਿੰਘ ਕਾਹਲੋੋਂ, ਦੁੱਖਭੰਜਨ ਸਿੰਘ ਰੰਧਾਵਾ, ਓਮ ਪ੍ਰਕਾਸ਼ ਭਗਤ, ਆਦੇਸ਼ ਅੰਕੁਸ਼, ਅਜੀਤ ਕਮਲ, ਫ਼ਿਦਾ ਬਟਾਲਵੀ, ਚਰਨਜੀਤ ਸਿੰਘ ਚੰਨ, ਪ੍ਰੀਤਮ ਸਰਪੰਚ, ਦਲਬੀਰ ਨਠਵਾਲ, ਬਲਦੇਵ ਰੰਧਾਵਾ ਆਦਿ ਹਾਜ਼ਰ ਸਨ।
Punjab Post Daily Online Newspaper & Print Media