ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਜੋ ਗੁਰਦੁਆਰਾ ਸਿੰਘ ਸਭਾ, ਕਿਸ਼ਤਵਾਰ (ਜੰਮੂ ਕਸ਼ਮੀਰ) ਵਿਖੇ ਘਿਨੌਣੀ ਘਟਨਾ ਵਾਪਰੀ ਹੈ ਅਤਿ ਨਿੰਦਣਯੋਗ ਹੈ।ਕਿਉਂਕਿ ਇਸ ਜਗ੍ਹਾ ਦਾ ਮੁਕੱਦਮਾ ਅਦਾਲਤ ਵਿਚ ਚੱਲ ਰਿਹਾ ਹੈ, ਪ੍ਰੰਤੂ ਸ਼ਰਾਰਤੀ ਅਨਸਰਾਂ ਨੇ ਅਦਾਲਤ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਘਿਨੌਣੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂਧਰੇ ਗਏ ਹਨ।ਪੁਰਤਨ ਸਮੇਂ ਵਿਚ ਗੁਰੂ-ਘਰਾਂ ਨੂੰ ਧਰਮਸ਼ਾਲਾ ਕਹਿ ਕੇ ਬੁਲਾਇਆ ਜਾਂਦਾ ਸੀ। ਧਰਮਸ਼ਾਲਾ ਦਾ ਮਤਲਬ ਇਹੋ ਹੈ ਕਿ ਜਿਸ ਜਗ੍ਹਾ ਉਪਰ ਧਰਮ ਦੀ ਸਿੱਖਿਆ ਦਿੱਤੀ ਜਾਵੇ ਅਤੇ ਗੁਰਮਤਿ ਸਬੰਧੀ ਵਿਚਾਰਾਂ ਕੀਤੀਆਂ ਜਾਣ।ਸ਼ਰਾਰਤੀ ਅਨਸਰਾਂ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਰਕੇ ਦੋਹਾਂ ਫਿਰਕਿਆਂ ਵਿਚ ਤਕਰਾਰ ਨੂੰ ਵਧਾਉਣ ਦੀ ਕੋਝੀ ਸ਼ਰਾਰਤ ਕੀਤੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਇਸ ਸਬੰਧੀ ਇੰਚਾਰਜ ਸਿੱਖ ਮਿਸ਼ਨ ਜੰਮੂ ਕਸ਼ਮੀਰ ਸ੍ਰ: ਸਵਰਨ ਸਿੰਘ ਦੀ ਡਿਊਟੀ ਲਗਾਈ ਗਈ ਹੈ ਕਿ ਸੰਗਤਾਂ ਨਾਲ ਮੇਲ-ਮਿਲਾਪ ਕਰਕੇ ਸਾਰੀ ਸਥਿਤੀ ਬਾਰੇ ਜਾਇਜਾ ਲੈਣ ਅਤੇ ਇਤਲਾਹ ਭੇਜਣ।ਜਿਸ ਉਪਰੰਤ ਅਗਲੀ ਕਾਰਵਾਈ ਲਈ ਕੇਸ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਸ ਅਸਥਾਨ ਦਾ ਕਬਜਾ ਸਿੱਖ ਸੰਗਤਾਂ ਕੋਲ ਹੋਣ ਕਰਕੇ ਦੁਬਾਰਾ ਕਬਜਾ ਸਿੱਖ ਸੰਗਤਾਂ ਨੂੰ ਦਿਵਾਇਆ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਇਹ ਘਿਨੌਣੀ ਕਾਰਵਾਈ ਕੀਤੀ ਹੈ, ਓਨਾਂ ਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਵੀ ਵਿਗਾੜਨ ਦਾ ਯਤਨ ਕੀਤਾ ਹੈ।ਇਸ ਲਈ ਅਜਿਹੇ ਵਿਅਕਤੀਆਂ ਉਪਰ ਤੁਰੰਤ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।ਜਿਸ ਨਾਲ ਸੂਬੇ ਵਿਚ ਅਮਨ-ਸ਼ਾਂਤੀ ਬਣੇ ਰਹੇ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media