
ਪੱਟੀ, 6 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ) – ਪਿਛਲੇ 2 ਦਿਨਾਂ ਤੋਂ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਦੇ ਦੋ ਗਰੁੱਪਾਂ ਵਿਚਕਾਰ ਚੱਲ ਰਹੀ ਕਸ਼ਮਕਸ਼ ਅਜੇ ਸੁਲਝਦੀ ਨਜ਼ਰ ਨਹੀਂ ਆ ਰਹੀ।ਅੱਜ ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਚੂਸਲੇਵੜ੍ਹ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਡੀ. ਐੱਸ. ਪੀ. ਦਫ਼ਤਰ ਪੱਟੀ ਦੇ ਦਫ਼ਤਰ ਬਾਹਰ ਧਰਨਾ ਦਿੱਤਾ।ਇਸ ਮੌਕੇ ਡੀ. ਐੱਸ. ਪੀ. ਪੱਟੀ ਅਤੇ ਐੱਸ. ਐੱਚ. ਓ. ਪੱਟੀ ਦੇ ਬਾਹਰ ਗਏ ਹੋਣ ਕਾਰਨ ਐੱਸ. ਐੱਚ. ਓ. ਵਲਟੋਹਾ ਰਵੀਸ਼ੇਰ ਸਿੰਘ ਨੇ ਯੂਨੀਅਨ ਆਗੂਆਂ ਤੋਂ ਮੰਗ ਪੱਤਰ ਲਿਆ।ਇਸ ਮੌਕੇ ਯੂਨੀਅਨ ਆਗੂਆਂ ਨੇ ਮੰਗ ਪੱਤਰ ਰਾਂਹੀ ਡੀ. ਐੱਫ. ਐੱਸ. ਓ. ਪੱਟੀ ਵਿੱਰੁਧ ਕਾਰਵਾਈ ਦੀ ਮੰਗ ਕੀਤੀ।ਇਸ ਮੌਕੇ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਪੱਟੀ ਮੋੜ ਵਿਖੇ ਲਗਾਏ ਧਰਨੇ ਦੌਰਾਨ ਡੀ. ਐੱਫ. ਐੱਸ. ਓ. ਰਾਜ ਰਿਸ਼ੀ ਮੇਹਰ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਿਵਾਇਆ ਸੀ ਕਿ ਪਨਗ੍ਰੇਨ ਤੇ ਵੇਅਰ ਹਾਊਸ ਦੇ ਗੁਦਾਮਾਂ ਵਿੱਚ ਇਸ ਯੂਨੀਅਨ ਦੇ ਕੰਮ ਵਿਚ ਕੋਈ ਦਖ਼ਲਅੰਦਾਜੀ ਨਹੀਂ ਕੀਤੀ ਜਾਵੇਗੀ ਪਰ ਪੱਟੀ ਦੇ ਆਸਲ ਰੋਡ ਸਥਿਤ ਗੋਦਾਮਾਂ ਵਿੱਚ ਡੀ. ਐੱਫ. ਐੱਸ. ਓ. ਅਤੇ ਸਿਆਸੀ ਸ਼ਹਿ ‘ਤੇ ਦੂਜੀ ਯੂਨੀਅਨ ਵਲੋਂ ਕੰਮ ਵਿਚ ਵਿਘਨ ਪਾਉਂਦਿਆਂ ਹਮਲਾ ਕਰਕੇ ਉਨ੍ਹਾਂ ਦੇ ਕਈ ਸਾਥੀਆਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਮੌਕੇ ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੇ ਜ਼ਖ਼ਮੀ ਸਾਥੀਆਂ ਦਾ ਇਲਾਜ ਸਰਕਾਰੀ ਖਰਚ ‘ਤੇ ਕੀਤਾ ਜਾਵੇ ? ਜੋ ਯੂਨੀਅਨ ਵਰਕਰਾਂ ਦੇ ਮੋਬਾਈਲ ਖੋਹੇ ਗਏ ਹਨ ਤੇ ਪ੍ਰਗਟ ਸਿੰਘ ਦੀ ਪੱਗੜੀ, ਜੋ ਦੂਜੀ ਯੂਨੀਅਨ ਦੇ ਵਰਕਰ ਲੈ ਗਏ ਹਨ, ਵੀ ਵਾਪਿਸ ਦਿਵਾਈ ਜਾਵੇ।ਪੰਜਾਬ ਪ੍ਰਦੇਸ਼ ਗੱਲਾ ਮਜਦੂਰ ਯੂਨੀਅਨ ਚੂਸਲੇਵੜ੍ਹ ਦੇ ਵਰਕਰਾਂ ਦਾ ਜੋ ਸੀਜ਼ਨ ਖਰਾਬ ਕੀਤਾ ਗਿਆ ਹੈ, ਸਰਕਾਰ ਉਸਦਾ ਮੁਆਵਜ਼ਾ ਦੇਵੇ ਤੇ ਜਦੋਂ ਤੱਕ ਦੋਹਾਂ ਯੂਨੀਅਨਾਂ ਦਾ ਸਮਝੌਤਾ ਨਾ ਹੋ ਜਾਵੇ ਉਦੋਂ ਤੱਕ ਗੋਦਾਮਾਂ ਵਿੱਚ ਕੰਮ ਬੰਦ ਕਰਵਾਇਆ ਜਾਵੇ।ਇਸ ਮੌਕੇ ਇਕ ਜ਼ਖ਼ਮੀ ਦੀ ਭੈਣ ਸੰਦੀਪ ਕੌਰ ਜੋ ਪਿਛਲੇ ਦੋ ਦਿਨ ਤੋ ਭੁੱਖ ਹੜਤਾਲ ‘ਤੇ ਬੈਠੀ ਸੀ, ਦੇ ਬੇਹੋਸ਼ ਜਾਣ ਕਾਰਨ ਉਸਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਦਾਖ਼ਲ ਕਰਵਾਇਆ ਗਿਆ।ਇਸ ਮੌਕੇ ਰੂਪ ਸਿੰਘ, ਹਰਬਿੰਦਰ ਕੌਰ ਉਸਮਾ, ਸੁਖਵੰਤ ਸਿੰਘ ਕਾਲੇਕੇ, ਕਸ਼ਮੀਰ ਸਿੰਘ, ਬਲਦੇਵ ਸਿੰਘ, ਰੇਸ਼ਮ ਸਿੰਘ, ਹਰਮਨ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
Punjab Post Daily Online Newspaper & Print Media