ਹੁਣ 24 ਮਈ ਜ਼ਿਲਾ ਗੁਰਦਾਸਪੁਰ ਵਿੱਚ ਪਹੁੰਚੇਗੀ ਧਾਰਮਿਕ ਦਰਸ਼ਨ ਯਾਤਰਾ
ਤਿੰਨ ਦਿਨ ਜ਼ਿਲਾ ਗੁਰਦਾਸਪੁਰ ਦੀਆਂ ਸੰਗਤਾਂ ਕਰਨਗੀਆਂ ਦਰਸ਼ਨ
ਬਟਾਲਾ, 9 ਮਈ (ਨਰਿੰਦਰ ਬਰਨਾਲ) – ਗੁਰੁ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਣ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਸ਼ੁਰੂ ਕੀਤੀ ਗਈ ਧਾਰਮਿਕ ਦਰਸ਼ਨ ਯਾਤਰਾ ਦੌਰਾਨ ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਹੋਇਆਂ ਦੇ ਯਾਤਰਾ ਦੇ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ। ਨਵੇਂ ਪ੍ਰੋਗਰਾਮ ਮੁਤਾਬਕ ਧਾਰਮਿਕ ਦਰਸ਼ਨ ਯਾਤਰਾ ਹੁਣ 24 ਮਈ ਨੂੰ ਜ਼ਿਲਾ ਗੁਰਦਾਸਪੁਰ ਵਿੱਚ ਦਾਖਲ ਹੋਵੇਗੀ ਅਤੇ ਤਿੰਨ ਦਿਨ ਜ਼ਿਲੇ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਏ ਜਾਣਗੇ।
ਨਵੇਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਦੱਸਿਆ ਕਿ 24 ਮਈ ਨੂੰ ਧਾਰਮਿਕ ਦਰਸ਼ਨ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਵਾਇਆ ਕੱਥੂਨੰਗਲ ਹੁੰਦੀ ਹੋਈ ਬਾਅਦ ਦੁਪਹਿਰ ਜ਼ਿਲਾ ਗੁਰਦਾਸਪੁਰ ਵਿੱਚ ਪ੍ਰਵੇਸ਼ ਕਰੇਗੀ ਅਤੇ ਸ਼ਾਮ ਨੂੰ ਬਟਾਲਾ ਸ਼ਹਿਰ ਵਿਖੇ ਪਹੁੰਚੇਗੀ। ਬਟਾਲਾ ਵਿਖੇ ਰਾਤ ਨੂੰ ਯਾਤਰਾ ਦਾ ਠਹਿਰਾਅ ਹੋਵੇਗਾ ਅਤੇ ਅਗਲੇ ਦਿਨ 25 ਮਈ ਨੂੰ ਧਾਰਮਿਕ ਦਰਸ਼ਨ ਯਾਤਰਾ ਬਟਾਲਾ ਤੋਂ ਸ਼ੁਰੂ ਹੋ ਕੇ ਉਮਰਪੁਰਾ, ਪੰਜਗਰਾਈਆਂ, ਧੰਦੋਈ, ਊਧਨਵਾਲ ਰਸਤੇ ਸੰਗਤਾਂ ਨੂੰ ਗੁਰੁ ਸਾਹਿਬ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਾਉਂਦੀ ਹੋਈ ਸ਼ਾਮ ਨੂੰ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚੇਗੀ। ਸ੍ਰੀ ਹਰਗੋਬਿੰਦਪੁਰ ਵਿਖੇ ਹੀ ਯਾਤਰਾ ਦਾ ਰਾਤ ਦਾ ਠਹਿਰਾਅ ਹੋਵੇਗਾ ਅਤੇ ਅਗਲੇ ਦਿਨ 26 ਮਈ ਨੂੰ ਇਹ ਯਾਤਰਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੁਰੂ ਹੋ ਕੇ ਵਾਇਆ ਹਰਚੋਵਾਲ, ਕਾਹਨੂੰਵਾਨ ਰਾਹੀਂ ਸ਼ਾਮ ਨੂੰ ਗੁਰਦੁਆਰਾ ਛੋਟਾ ਘੱਲੂਘਾਰਾ ਵਿਖੇ ਪਹੁੰਚੇਗੀ, ਜਿਥੇ ਯਾਤਰਾ ਦਾ ਰਾਤ ਦਾ ਠਹਿਰਾਅ ਹੋਵੇਗਾ। 27 ਮਈ ਨੂੰ ਯਾਤਰਾ ਸਵੇਰੇ ਗੁਰਦੁਆਰਾ ਘੱਲੂਘਾਰਾ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਸ਼ਹਿਰ ਪਹੁੰਚੇਗੀ ਅਤੇ ਫਿਰ ਵਾਪਸ ਮੁਕੇਰੀਆਂ ਰਸਤੇ ਜ਼ਿਲਾ ਹੁਸ਼ਿਆਰਪੁਰ ਰਵਾਨਾ ਹੋ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਧਾਰਮਿਕ ਦਰਸ਼ਨ ਯਾਤਰਾ ਦੀ ਪਵਿੱਤਰਤਾ ਅਤੇ ਸੰਗਤਾਂ ਦੇ ਉਤਸ਼ਾਹ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਯਾਤਰਾ ਦੌਰਾਨ ਸੰਗਤਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਯਾਤਰਾ ਦੇ ਰਾਤ ਠਹਿਰਾਅ ਦੇ ਪ੍ਰਬੰਧ ਵੀ ਕੀਤੇ ਗਏ ਹਨ ਅਤੇ ਸੰਗਤਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਡਾ. ਤ੍ਰਿਖਾ ਨੇ ਕਿਹਾ ਕਿ ਧਾਰਮਿਕ ਦਰਸ਼ਨ ਯਾਤਰਾ ਦੇ ਸਾਰੇ ਮਾਰਗ ਦੀ ਮੁਰੰਮਤ ਤੇ ਸਫਾਈ ਕੀਤੀ ਜਾ ਰਹੀ ਹੈ ਅਤੇ ਜ਼ਿਲੇ ‘ਚ ਯਾਤਰਾ ਦਾ ਹਰ ਥਾਂ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨਾਂ ਜ਼ਿਲੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਦਰਸ਼ਨ ਯਾਤਰਾ ਦੇ ਦਰਸ਼ਨਾਂ ਦੌਰਾਨ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਸੁਭਾਗੇ ਬਨਾਉਣ।
Punjab Post Daily Online Newspaper & Print Media