
ਪਠਾਨਕੋਟ, 9 ਮਈ (ਪ.ਪ) – ਪੰਜਾਬ ਅੰਦਰ 50 ਪ੍ਰਤੀਸ਼ਤ ਅਨੁਸੂਚਿਤ ਜਾਤੀ ਦੀ ਵਸੋਂ ਵਾਲੇ ਹਰੇਕ ਪਿੰਡ ਦੇ ਸਰਵਪੱਖੀ ਵਿਕਾਸ ‘ਤੇ 45 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਵਿੱਚ 25 ਲੱਖ ਰੁਪਏ ਕੇਂਦਰ ਸਰਕਾਰ ਅਤੇ 20 ਲੱਖ ਰੁਪਏ ਪੰਜਾਬ ਸਰਕਾਰ ਖਰਚ ਕਰ ਰਹੀ ਹੈ।ਇਹ ਪ੍ਰਗਟਾਵਾ ਭਾਰਤ ਸਰਕਾਰ ਦੇ ਰਾਜ ਮੰਤਰੀ ਸ਼ੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਸ਼੍ਰੀਸਾਈਂ ਗਰੁੱਪ ਇੰਸਟੀਚਿਊਟ ਬਧਾਨੀ ਦੇ ਇੰਡੋਰ ਸਟੇਡੀਅਮ ਵਿਖੇ ਨਹਿਰੂ ਯੁਵਾ ਕੇਂਦਰ ਪਠਾਨਕੋਟ ਵੱਲੋਂ ਪੁਨਰਜਾਗਰਨ ਯਾਤਰਾ ਸਬੰਧੀ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਉਕਤ ਯੋਜਨਾ ਤਹਿਤ ਪਹਿਲੇ ਪੜਾਅ ਅੰਦਰ ਪੰਜਾਬ ਦੇ 112 ਪਿੰਡਾਂ ਵਿੱਚ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਹੋਰ 100 ਪਿੰਡਾਂ ਨੂੰ ਇਸ ਯੋਜਨਾ ਤਹਿਤ ਲਿਆ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।
ਸ਼੍ਰੀ ਸਾਂਪਲਾ ਨੇ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਦੀਆਂ ਭਲਾਈ ਸਕੀਮਾਂ ਸਬੰਧੀ ਜਾਗਰੂਕ ਕਰਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਪਤਾ ਲਗਾਉਣ ਲਈ ਦੇਸ਼ ਦੇ 100 ਪਿੰਡਾਂ ਵਿੱਚ ਇਹ ਪੁਨਰਜਾਗਰਨ ਯਾਤਰਾ ਨਹਿਰੂ ਯੁਵਾ ਕੇਂਦਰਾਂ ਰਾਹੀਂ ਸ਼ੁਰੂ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਤਿੰਨ ਪਠਾਨਕੋਟ, ਰੋਪੜ ਅਤੇ ਮੋਹਾਲੀ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਪਠਾਨਕੋਟ ਜ਼ਿਲ੍ਹੇ ਵਿੱਚ ਪੁਨਰ ਜਾਗਰਨ ਲਈ 100 ਪਿੰਡਾਂ ਦੀ ਚੋਣ ਕਰਕੇ ਕਲਸਟਰ ਕਲੱਬਾਂ ਰਾਹੀਂ ਲੋਕਾਂ ਨੂੰ ਸਰਕਾਰੀ ਭਲਾਈ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਪਿੰਡ ਪੱਧਰ ‘ਤੇ ਹੀ ਯੂਥ ਪਾਰਲੀਮੈਂਟ ਕਰਕੇ ਸਥਾਨਿਕ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਅਤੇ ਪਿੰਡ ਪੱਧਰ ‘ਤੇ ਹੀ ਇੱਕ ਐਕਸ਼ਨ ਪਲਾਨ ਤਿਆਰ ਕੀਤੀ ਗਈ। ਜਿਸ ਦੀ ਘੁੰਡ ਚੁਕਾਈ ਅੱਜ ਇਸ ਸਮਾਗਮ ਵਿੱਚ ਕਰਕੇ ਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸੁਪਨਾ ਹੈ ਕਿ ਦੇਸ਼ ਦੇ ਨਾਗਰਿਕ ਜਾਗਰੂਕ ਹੋਣ ਅਤੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਅਤੇ ਕਿੱਤਾ ਮੁੱਖੀ ਬਣਾਉਣ ਦੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਸਵੱਛ ਭਾਰਤ ਮੁਹਿੰਮ, ਜਨ ਧਨ ਯੋਜਨਾ, ਨਿਰਮਲ ਭਾਰਤ ਯੋਜਨਾ, ਸੰਸਦ ਅਦਰਸ਼ ਯੋਜਨਾ, ਗੈਸ ਸਬਸਿਡੀ ਆਦਿ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਉਹ ਇੰਨ੍ਹਾਂ ਯੋਜਨਾਵਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਮਿਆਰ ਉੱਚਾ ਚੁੱਕ ਸਕਣ। ਸ਼੍ਰੀ ਸਾਂਪਲਾਂ ਨੇ ਇਸ ਮੌਕੇ ਚੰਗਾ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਇਸ ਮੌਕੇ ਨਹਿਰੂ ਯੁਵਾ ਕੇਂਦਰ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਦਿਲਚਸਪੀ ਨਾਲ ਦੇਖਿਆ।
ਇਸ ਮੌਕੇ ਜੋਨਲ ਡਾਇਰੈਕਟਰ ਸ਼੍ਰੀ ਐਸ.ਐਨ ਸ਼ਰਮਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਪੁਨਰ ਜਾਗਰਨ ਦਾ ਰਾਸ਼ਟਰੀ ਪੱਧਰ ‘ਤੇ ਸਮਾਗਮ 25 ਸਤੰਬਰ, 2015 ਨੂੰ ਮੱਥੂਰਾ ਵਿਖੇ ਹੋਵੇਗਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ। ਸ਼੍ਰੀ ਬਿਕਰਮ ਸਿੰਘ ਗਿੱਲ ਜ਼ਿਲ੍ਹਾ ਯੂਥ ਕੋਆਡੀਨੇਟਰ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਹੋਰਨਾਂ ਤੋਂ ਇਲਾਵਾ ਸ਼੍ਰੀ ਨਰਿੰਦਰ ਪਰਮਾਰ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨੌਜਵਾਨਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਾਂਸਲਰ ਐਸ.ਕੇ ਪੁੰਜ, ਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਸ਼੍ਰੀਮਤੀ ਤ੍ਰਿਪਤਾ ਪੁੰਜ ਐਮ.ਡੀ ਸ਼੍ਰੀਸਾਈਂ ਕਾਲਜ ਬਧਾਨੀ, ਗੋਵਰਧਨ ਗੋਪਾਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਵਿਪਨ ਮਹਾਜਨ ਚੇਅਰਮੈਨ ਮਾਰਕੀਟ ਕਮੇਟੀ ਪਠਾਨਕੋਟ, ਸੁਤੰਤਰ ਮੁਰਗਈ, ਆਸ਼ਾ ਭਗਤ, ਅਸ਼ਵਨੀ ਸ਼ਰਮਾ, ਤਰਸੇਮ ਕੌਸ਼ਲ ਅਤੇ ਵੱਖ ਵੱਖ ਯੂਥ ਕਲੱਬਾਂ ਦੇ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media