
ਹੁਸ਼ਿਆਰਪੁਰ, 11 ਮਈ (ਸਤਵਿੰਦਰ ਸਿੰਘ) – ਮੁਲਕ ਅੰਦਰ ਹਾਲ ਹੀ ‘ਚ ਸ਼ੁਰੂ ਹੋਈਆਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾਵਾਂ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਆਪਣਾ ਨਾਂ ਦਰਜ ਕਰਵਾਇਆ ਗਿਆ।ਡਿਪਟੀ ਕਮਿਸ਼ਨਰ ਦੀ ਇਨ੍ਹਾਂ ਬੀਮਾ ਯੋਜਨਾਵਾਂ ਤਹਿਤ ਇਨਰੋਲਮੈਂਟ ਪੰਜਾਬ ਨੈਸ਼ਨਲ ਬੈਂਕ ਰਾਹੀਂ ਕੀਤੀ ਗਈ ਅਤੇ ਇਸ ਮੌਕੇ ਤੇ ਐਲ ਡੀ ਐਮ ਸ੍ਰੀ ਆਰ.ਸੀ. ਸ਼ਰਮਾ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਬੀਮਾ ਯੋਜਨਾਵਾਂ ਦਾ ਲਾਭ ਲੈਣ ਲਈ ਆਪਣੇ ਨਾਂ ਦਰਜ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵਿੱਚ ਹਾਦਸਾਗ੍ਰਸਤ ਮੌਤ-ਕਮ-ਅਪੰਗਤਾ ਬੀਮਾ 2,00,000 ਰੁਪਏ ਤੱਕ ਕੀਤਾ ਜਾਵੇਗਾ ਅਤੇ 18 ਤੋਂ 70 ਸਾਲ ਤੱਕ ਦੀ ਉਮਰ ਦੇ ਲੋਕ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਹਰ ਸਾਲ ਦਾ ਪ੍ਰੀਮਿਅਮ ਮਾਤਰ 12 ਰੁਪਏ ਹੋਵੇਗਾ। ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੀ ਬੀਮਾ ਰਾਸ਼ੀ 2 ਲੱਖ ਰੁਪਏ ਅਤੇ ਸਲਾਨਾ ਪ੍ਰੀਮਿਅਮ 330 ਰੁਪਏ ਹੋਵੇਗਾ। ਇਸ ਵਿੱਚ 18 ਤੋਂ 50 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਬੀਮਾ ਕਵਰ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੈਂਕਰਜ਼, ਸੀ ਡੀ ਪੀ ਓਜ਼ ਅਤੇ ਬੀ ਡੀ ਪੀ ਓਜ਼ ਤੋਂ ਇਲਾਵਾ ਜ਼ਿਲ੍ਹੇ ਅੰਦਰ ਕੰਮ ਕਰ ਰਹੇ ਫੀਲਡ ਸਟਾਫ਼ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਦਿਲੋਂ ਯਤਨ ਕਰਨਗੇ ਤਾਂ ਜੋ ਸਮਾਜ ਦੇ ਸਮੁਚੇ ਵਰਗਾਂ ਖਾਸ ਕਰ ਆਰਥਿਕ ਪੱਖੋਂ ਕਮਜ਼ੋਰ ਪ੍ਰੀਵਾਰ ਇਨ੍ਹਾਂ ਬੀਮਾ ਯੋਜਨਾਵਾਂ ਦਾ ਲਾਭ ਲੈ ਸਕਣ।
Punjab Post Daily Online Newspaper & Print Media