
ਪੱਟੀ, 11 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)- ਬੀਤੀ ਸ਼ਾਮ ਕਰੀਬ ਪੌਣੇ ਛੇ ਵਜੇ ਪੱਟੀ ਦੀ ਪਾਸ਼ ਕਲੋਨੀ ਵਜੋਂ ਜਾਣੀ ਜਾਂਦੀ ਗਾਰਡਨ ਕਲੋਨੀ ਵਿਖੇ ਘਰ ਦਾ ਦਰਵਾਜਾ ਖੋਲ੍ਹ ਰਹੀ ਇੱਕ ਅਧਿਆਪਕਾ ਨੂੰ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਪਰਸ ਖੋਹ ਕੇ ਗੋਲੀ ਮਾਰ ਦਿੱਤੀ ਜਿਸਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਪੱਟੀ ਵਿਖੇ ਇਲਾਜ ਲਈ ਲਿਜਾਇਆ ਗਿਆ ਜਿਥੇ ਡਾਕਟਰਾਂ ਉਸਨੂੰ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਂਚਲ ਸ਼ਰਮਾ ਪਤਨੀ ਪੰਕਜ ਸ਼ਰਮਾ ਜੋ ਕਿ ਮਮਤਾ ਨਿਕੇਤਨ ਸਕੂਲ ਤਰਨਤਾਰਨ ਵਿਖੇ ਅਧਿਆਪਕਾ ਵਜੋਂ ਨੌਕਰੀ ਕਰਦੀ ਹੈ, ਉਹ ਜਦ ਸ਼ਾਮ ਕਰੀਬ ਪੌਣੇ ਛੇ ਵਜੇ ਆਪਣੇ ਘਰ ਜਾ ਰਹੀ ਸੀ, ਜਦੋਂ ਉਹ ਆਪਣੇ ਘਰ ਦਾ ਦਰਵਾਜਾ ਖੋਲ੍ਹਣ ਲੱਗੀ ਤਾਂ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ‘ਤੇ ਆਏ ਜਿੰਨ੍ਹਾਂ ਆਉਾਂਦਿਆਂ ਉਸਦਾ ਪਰਸ ਖੋਹ ਲਿਆ ਅਤੇ ਜਾਂਦੇ ਹੋਏ ਉਸਦੇ ਪੇਟ ਵਿੱਚ ਪਿਸਤੌਲ ਨਾਲ ਗੋਲੀ ਮਾਰ ਦਿੱਤੀ। ਜਿਸਨੂੰ ਜ਼ਖਮੀ ਹਾਲਤ ਵਿੱਚ ਉਸਦਾ ਪਤੀ ਪੰਕਜ ਸ਼ਰਮਾ ਅਤੇ ਹੋਰ ਗੁਆਂਢੀ ਸਰਕਾਰੀ ਹਸਪਤਾਲ ਪੱਟੀ ਲੈ ਗਏ ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ। ਇਸ ਮੌਕੇ ‘ਤੇ ਡਾਕਟਰਾਂ ਦੇ ਦੱਸਿਆ ਕਿ ਆਂਚਲ ਸ਼ਰਮਾ ਦੇ ਲੱਗੀ ਗੋਲੀ ਪੇਟ ਵਿੱਚੋਂ ਹੇਠਲੇ ਹਿੱਸੇ ਵਿੱਚ ਚਲੀ ਗਈ ਹੈ, ਜਿਸ ਕਰਕੇ ਫੌਰੀ ਅਪ੍ਰੇਸ਼ਨ ਦੀ ਜ਼ਰੂਰਤ ਮਹਿਸੂਸ ਹੋਣ ਕਾਰਨ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ. ਪੱਟੀ ਦਵਿੰਦਰ ਸਿੰਘ, ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ, ਏ.ਐਸ.ਆਈ. ਗੁਰਸ਼ਰਨ ਸਿੰਘ ਪੁਲਸ ਪਾਰਟੀ ਸਮੇਤ ਸਰਕਾਰੀ ਹਸਪਤਾਲ ਪੁੱਜੇ ਅਤੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ। ਇਸ ਮੌਕੇ ਤੇ ਡੀ.ਐਸ.ਪੀ. ਪੱਟੀ ਨੇ ਕਿਹਾ ਕਿ ਇਲਾਕੇ ਦੀ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਦੇ ਪਰਸ ਵਿੱਚ ਮੋਬਾਇਲ, ਨਗਦੀ, ਜ਼ੇਵਰਾਤ ਅਤੇ ਜ਼ਰੂਰੀ ਕਾਗਜ਼ਾਤ ਸਨ।
Punjab Post Daily Online Newspaper & Print Media