
ਅੰਮ੍ਰਿਤਸਰ, 12 ਮਈ (ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਹਰਿਆਵਲ ਦਸਤੇ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਵਰਕਰਾਂ ਨੂੰ ਲਾਮਬੰਦ ਕਰਨ ਹਿੱਤ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। 13 ਮਈ ਨੂੰ ਯੂਥ ਅਕਾਲੀ ਦਲ ਮਾਝਾ ਜੋਨ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸz: ਬਿਕਰਮ ਸਿੰਘ ਮਜੀਠੀਆ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸz: ਇੰਦਰਬੀਰ ਸਿੰਘ ਬੁਲਾਰੀਆ ਨੇ ਦੱਸਿਆ ਕਿ 13 ਮਈ ਨੂੰ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਵਿੱਚ ਮੁੱਖ ਮਹਿਮਾਨ ਸz: ਬਿਕਰਮ ਸਿੰਘ ਮਜੀਠੀਆ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮਾਗਮ ਗਿੱਲ ਫਾਰਮ, ਜੀ.ਟੀ. ਰੋਡ, ਦੋਬੁੁਰਜੀ ਵਿਖੇ ਸਵੇਰੇ 10:00 ਵਜੇ ਹੋਵੇਗਾ, ਜਿਸ ਵਿੱਚ ਮਜੀਠੀਆ ਤੋਂ ਇਲਾਵਾ ਮਾਝੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਸ਼ਿਰਕਤ ਕਰੇਗੀ। ਬੁਲਾਰੀਆ ਨੇ ਵਰਕਰਾਂ ਨੂੰ ਲਾਮਬੰਦ ਕਰਨ ਤੇ ਭਰਤੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਮਾਝੇ ਨਾਲ ਸਬੰਧਿਤ ਯੂਥ ਅਕਾਲੀ ਆਗੂਆਂ ਦੀ ਭਰਵੀਂ ਮੀਟਿੰਗ ਸਥਾਨਕ ਬਚਤ ਭਵਨ ਵਿਖੇ ਕੀਤੀ, ਜਿਸ ਵਿੱਚ ਭਰਤੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਗੂਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਬੁਲਾਰੀਆ ਨੇ ਦੱਸਿਆ ਕਿ ਇਸ ਵਾਰ ਭਰਤੀ ਮੁਹਿੰਮ ਇੱਕ ਨਿਵੇਕਲੀ ਕਿਸਮ ਦੀ ਹੋਵੇਗੀ। ਹਰ ਹਲਕੇ ਵਿੱਚ ਕੰਪਿਊਟਰ ਸਣੇ ਟੀਮਾਂ ਭੇਜੀਆਂ ਜਾਣਗੀਆਂ, ਜਿਹੜੀਆਂ ਬੂਥ ਪੱਧਰ ਤੇ ਜਾ ਕੇ ਵਰਕਰਾਂ ਦੀ ਭਰਤੀ ਕਰਨਗੀਆਂ ਤੇ ਉਨ੍ਹਾਂ ਨਾਲ ਮੁਕੰਮਲ ਰਿਕਾਰਡ ਕੰਪਿਊਟਰ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸ਼ਨਾਖਤੀ ਕਾਰਡਾਂ ਲਈ ਵੀ ਹੁਣ ਇੰਤਜ਼ਾਰ ਕਰਨ ਦੀ ਲੋੜ ਨਹੀਂ ਪਵੇਗੀ ਤੇ ਮੌਕੇ ਤੇ ਸ਼ਨਖਾਤੀ ਕਾਰਡ ਜਾਰੀ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਹਰ ਹਲਕੇ ਵਿੱਚ ਇੱਕ ਟੀਮ ਭੇਜੀ ਜਾਵੇਗੀ, ਜਿਹੜੀ ਹਰ ਰੋਜ਼ 4-5 ਬੂਥ ਕਵਰ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੇ ਗੇੜ ਵਿੱਚ 7 ਟੀਮਾਂ 7 ਵਿਧਾਨ ਸਭਾ ਹਲਕੇ ਕਵਰ ਕਰਨਗੀਆਂ। ਉਸ ਮਗਰੋਂ ਦੂਜੇ ਗੇੜ ਵਿੱਚ ਮਾਝੇ ਦੇ ਅਗਲੇ 7 ਵਿਧਾਨ ਸਭਾ ਹਲਕੇ ਕਵਰ ਕੀਤੇ ਜਾਣਗੇ। ਹਲਕਾ ਪੂਰਬੀ ਤੋਂ ਇਲਾਵਾ 14 ਮਈ ਨੂੰ ਹਲਕਾ ਖੇਮਕਰਨ, 15 ਮਈ ਨੂੰ ਅਜਨਾਲਾ, 16 ਮਈ ਨੂੰ ਫਤਿਗੜ੍ਹ ਚੂੜੀਆਂ, 17 ਨੂੰ ਗੁਰਦਾਸਪੁਰ ਸ਼ਹਿਰ, 18 ਨੂੰ ਬਟਾਲਾ ਸ਼ਹਿਰ ਭਰਤੀ ਮੁਹਿੰਮ ਤਹਿਤ ਹਲਕਿਆਂ ਨੂੰ ਕਵਰ ਕੀਤਾ ਜਾਵੇਗਾ। ਮੀਟਿੰਗ ਵਿੱਚਪੰਜਾਬ ਦੇ ਮੁੱਖ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਜੋਧ ਸਿੰਘ ਸਮਰਾ, ਨਵਦੀਪ ਸਿੰਘ ਗੋਲਡੀ, ਗੁਰਸ਼ਰਨ ਸਿੰਘ ਛੀਨਾ, ਰਾਣਾ ਰਣਬੀਰ ਸਿੰਘ ਲੋਪੋਕੇ, ਗੁਰਪ੍ਰਤਾਪ ਸਿੰਘ ਟਿੱਕਾ, ਗੌਰਵਦੀਪ ਸਿੰਘ ਵਲਟੋਹਾ, ਅਮਰਪ੍ਰੀਤ ਸਿੰਘ ਅਮੂ ਗੁਮਟਾਲਾ, ਅਮਰਬੀਰ ਸਿੰਘ ਢੋਟ, ਹਰਜੀਤ ਸਿੰਘ ਮੀਆਂਵਿੰਡ, ਸਿਆਸੀ ਸਲਾਹਕਾਰ ਵਿਧਾਇਕ ਮਨਜੀਤ ਸਿੰਘ ਮੰਨਾ, ਸੋਨੂੰ ਮੰਜ਼ਿਲ, ਸਤਿੰਦਰਪਾਲ ਸਿੰਘ ਰਿੰਕੀ ਤੋਂ ਇਲਾਵਾ ਹੋਰ ਵੀ ਯੂਥ ਆਗੂ ਹਾਜ਼ਰ ਸਨ।
Punjab Post Daily Online Newspaper & Print Media