Monday, March 30, 2026

ਨਗਰ ਕੌਂਸਲ ਬਟਾਲਾ ਸ਼ਹਿਰ ਦੇ ਵਿਕਾਸ ‘ਚ ਵਿਤਕਰੇਬਾਜ਼ੀ ਨਾ ਕਰੇ – ਲੋਧੀਨੰਗਲ

ਕਿਹਾ ਸ਼ਹਿਰ ਲਈ 188 ਕਰੋੜ ਰੁਪਏ ਦਾ ਨਵਾਂ ਸੀਵਰੇਜ ਪ੍ਰੋਜੈਕਟ ਮਨਜੂਰ

ਬਟਾਲਾ, 19 ਮਈ (ਨਰਿੰਦਰ ਬਰਨਾਲ)-ਬਟਾਲਾ ਸ਼ਹਿਰ ਦੇ ਬਾਹਰੀ ਇਲਾਕਿਆਂ ਦਾ ਵੀ ਸਰਬਪੱਖੀ ਵਿਕਾਸ ਬਾਦਲ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ, ਸੀਵਰੇਜ ਅਤੇ ਗਲੀਆਂ, ਸੜਕਾਂ ਆਦਿ ਦੀ ਸਹੂਲਤ ਦੇਣ ਲਈ ਪੰਜਾਬ ਮੰਡੀਕਰਨ ਬੋਰਡ ਵੱਲੋਂ ਵਿਸ਼ੇਸ਼ ਸਰਵੇ ਕਰਕੇ ਅਨੁਮਾਨ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਅੱਜ ਬਟਾਲਾ ਵਿਖੇ ਇਹ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਬਟਾਲਾ ਨਗਰ ਕੌਂਸਲ ਨੇ ਸ਼ਹਿਰ ਦੇ ਉਨ੍ਹਾਂ ਖੇਤਰਾਂ ‘ਚ ਜੋ ਕਿ ਬਹੁਤ ਸਾਲ ਪਹਿਲਾਂ ਨਗਰ ਕੌਂਸਲ ਬਟਾਲਾ ਦੀ ਹਦੂਦ ਅੰਦਰ ਆ ਗਏ ਸਨ ਦੇ ਵਿਕਾਸ ਤੋਂ ਕਿਨਾਰਾ ਕਰਦਿਆਂ ਉੱਚ ਅਧਿਕਾਰੀਆਂ ਨੂੰ ਇਹ ਪੱਤਰ ਲਿਖਿਆ ਗਿਆ ਹੈ ਕਿ ਨਗਰ ਕੌਂਸਲ ਇਨ੍ਹਾਂ ਖੇਤਰਾਂ ਦਾ ਵਿਕਾਸ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਇਹ ਪੱਤਰ ਸ਼ਹਿਰ ‘ਚ ਵਿਕਾਸ ਨੂੰ ਲੈ ਕੇ ਹੋ ਰਹੀ ਵਿਤਰਕਰਬਾਜ਼ੀ ਨੂੰ ਪ੍ਰਤੱਖ ਤੌਰ ‘ਤੇ ਦਰਸਾਉਂਦਾ ਹੈ। ਸ. ਲੋਧੀਨੰਗਲ ਨੇ ਨਗਰ ਕੌਂਸਲ ਬਟਾਲਾ ਨੂੰ ਸਵਾਲ ਕੀਤਾ ਹੈ ਕਿ ਕੀ ਜਿਹੜੀਆਂ ਪੰਚਾਇਤਾਂ ਕਈ ਸਾਲ ਪਹਿਲਾਂ ਨਗਰ ਕੌਂਸਲ ਦੀ ਹਦੂਦ ਅੰਦਰ ਆ ਗਈਆਂ ਸਨ ਉਨ੍ਹਾਂ ਦੇ ਵਿਕਾਸ ਦੀ ਜਿੰਮੇਵਾਰੀ ਨਗਰ ਕੌਂਸਲ ਦੀ ਨਹੀਂ ਹੈ? 

           ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਧਿਆਨ ‘ਚ ਇਹ ਸਾਰਾ ਮਾਮਲਾ ਆਇਆ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਸਮੁੱਚੇ ਸ਼ਹਿਰ ਦੇ ਵਿਕਾਸ ਦਾ ਮੁੱਦਾ ਉਠਾਇਆ ਹੈ ਜਿਸਦੇ ਫਲਸਰੂਪ ਹੁਣ ਮੰਡੀਕਰਨ ਬੋਰਡ ਵੱਲੋਂ ਸ਼ਹਿਰ ਦੇ ਬਾਹਰੀ ਖੇਤਰਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਇਸ ਸਬੰਧੀ ਬਕਾਇਦਾ ਪ੍ਰੋਜੈਕਟ ਰਿਪੋਰਟ ਬਣਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਬਟਾਲਾ ਸ਼ਹਿਰ ਦੀ ਸਮੁੱਚੀ ਜਲ ਸਪਲਾਈ ਤੇ ਸੀਵਰੇਜ ਪ੍ਰਣਾਲੀ ਦਾ ਕੰਮ ਨਗਰ ਕੌਂਸਲ ਤੋਂ ਲੈ ਕੇ ਹੁਣ ਸੀਵਰੇਜ ਬੋਰਡ ਦੇ ਸਪੁਰਦ ਸਪੁੱਰਦ ਕਰ ਦਿੱਤਾ ਗਿਆ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਲੋਕਾਂ ਦੀਆਂ ਸੀਵਰੇਜ ਤੇ ਜਲ ਸਪਲਾਈ ਨਾਲ ਸਬੰਧਤ ਮੁਸ਼ਕਲਾਂ ਹੁਣ ਛੇਤੀ ਹੱਲ ਹੋ ਜਾਣਗੀਆਂ। ਸ. ਲੋਧੀਨੰਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਬਟਾਲਾ ਸ਼ਹਿਰ ਲਈ ਸੀਵਰੇਜ ਦਾ ਨਵਾਂ ਪ੍ਰੋਜੈਕਟ ਮਨਜੂਰ ਕੀਤਾ ਗਿਆ ਹੈ, ਜਿਸ ਤਹਿਤ 188 ਕਰੋੜ ਰੁਪਏ ਖਰਚ ਸਮੁੱਚੇ ਸ਼ਹਿਰ ‘ਚ ਸੀਵਰੇਜ ਦੀਆਂ ਲਾਈਨਾਂ ਵਿਛਾਈਆਂ ਜਾਣਗੀਆਂ। ਸ. ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ-ਇੱਕ ਟੀਚਾ ਸ਼ਹਿਰ ਦਾ ਵਿਕਾਸ ਹੈ ਤਾਂ ਜੋ ਦਹਾਕਿਆਂ ਤੋਂ ਸੰਤਾਪ ਭੋਗ ਰਹੇ ਬਟਾਲਾ ਵਾਸੀਆਂ ਦੀਆਂ ਮੁਸ਼ਕਲਾਂ ਦਾ ਅੰਤ ਹੋ ਸਕੇ।
          ਇਸ ਉਪਰੰਤ ਸ. ਲਖਬੀਰ ਸਿੰਘ ਲੋਧੀਨੰਗਲ ਨੇ ਲੋਕ ਨਿਰਮਾਣ ਵਿਭਾਗ ਅਤੇ ਸੀਵਰੇਜ ਬੋਰਡ ਵੱਲੋਂ ਉਮਰਪੁਰਾ ਰੋਡ ‘ਤੇ ਬਣਾਈ ਜਾ ਰਹੀ ਸੜਕ ਅਤੇ ਪਾਣੀ ਦੇ ਨਿਕਾਸ ਸਬੰਧੀ ਕੰਮ ਦਾ ਜਾਇਜਾ ਵੀ ਲਿਆ। ਸ. ਲੋਧੀਨੰਗਲ ਨੇ ਕਿਹਾ ਕਿ ਉਮਰਪੁਰਾ ਰੋਡ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਅਗਲੇ ਦੋ-ਤਿੰਨ ਦਿਨਾਂ ‘ਚ ਇਸ ਰੋਡ ‘ਤੇ ਪ੍ਰੀਮਿਕਸ ਪਾ ਦਿੱਤਾ ਜਾਵੇਗਾ। ਉਨ੍ਹਾਂ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਉਮਰਪੁਰਾ ਦੇ ਇਸ ਖੇਤਰ ਵਿੱਚ ਸੀਵਰੇਜ ਦੀ ਸਮੱਸਿਆ ਦੇ ਪੱਕੇ ਹੱਲ ਲਈ ਵੀ ਕਿਹਾ।  ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਸ. ਹਰਭਜਨ ਸਿੰਘ ਤੂਰ, ਸ. ਇਕਬਾਲ ਸਿੰਘ ਸਹਿਮੀ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਕਰਨਦੀਪ ਸਿੰਘ ਸੋਹਲ, ਜਰਨੈਲ ਸਿੰਘ, ਕੌਂਸਲਰ ਬਲਵਿੰਦਰ ਸਿੰਘ ਚੱਠਾ ਤੋਂ ਇਲਾਵਾ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply