ਤੰਬਾਕੂ ਨੋਸ਼ੀ ਕਰਨ ਵਾਲਿਆਂ ਦਾ ਚਲਾਨ ਕੱਟਿਆ ਜਾਵੇ
ਪਠਾਨਕੋਟ, 21 ਮਈ (ਪ.ਪ) – ਜ਼ਿਲ੍ਹਾ ਪਠਾਨਕੋਟ ਵਿਖੇ ਤੰਬਾਕੂ ਕੰਟਰੋਲ ਐਕਟ 2003 ਸਬੰਧੀ ਰੀਵਿਊ ਮੀਟਿੰਗ ਮਾਨਯੋਗ ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਵੀਵਿੰਮ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ. ਅਨਿਲ ਮਹਿੰਦਰ ਸਿਵਲ ਸਰਜਨ, ਡਾ. ਤਰਸੇਮ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਭੁਪਿੰਦਰ ਸਿੰਘ ਐਸ.ਐਮ.ਓ, ਡਾ. ਚੰਦਰ ਮੋਹਨ ਡਿਪਟੀ ਡਾਇਰੈਕਟ, ਹਰਬੰਸ ਸਿੰਘ ਖਜ਼ਾਨਾ ਅਫ਼ਸਰ, ਸਲਿੰਦਰ ਸਿੰਘ ਅਤੇ ਰਾਜੇਸ਼ਵਰ ਸਿੰਘ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਆਪਣੇ ਅਦਾਰਿਆਂ ਵਿੱਚ ਵੱਧ ਤੋਂ ਵੱਧ ਚਲਾਨ ਕੱਟੇ ਜਾਣ ਅਤੇ ਇਸ ਦੀ ਰਿਪੋਰਟ ਸਿਹਤ ਵਿਭਾਗ ਨੂੰ ਭੇਜੀ ਜਾਵੇ ਤਾਂ ਜੋ ਸਰਕਾਰ ਕੋਲ ਸਹੀ ਰਿਪੋਰਟ ਜਾ ਸਕੇ।ਉਨ੍ਹਾਂ ਕਿਹਾ ਅਦਾਰਿਆਂ ਅੰਦਰ ਤੰਬਾਕੂ ਨੋਸ਼ੀ ਨਾ ਕਰਨ ਸਬੰਧੀ ਬੋਰਡ ਲਾਏ ਜਾਣ, ਜੇਕਰ ਫਿਰ ਵੀ ਕੋਈ ਤੰਬਾਕੂ ਨੋਸ਼ੀ ਕਰਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ। ਉਨ੍ਹਾਂ ਕਿਹਾ ਜੇਕਰ ਸ਼ਹਿਰ ਅੰਦਰ ਹੁੱਕਾ ਵਾਰ ਚੱਲਦਾ ਹੋਵੇ ਤਾਂ ਉਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਮੁੱਖ ਤੌਰ ‘ਤੇ ਸਿਹਤ ਸੰਸਥਾਵਾਂ, ਸਕੂਲ, ਕਾਲਜ, ਸਰਕਾਰੀ ਬਿਲਡਿੰਗਾਂ, ਹੋਟਲ, ਢਾਬੇ, ਰੈਸਟੋਰੈਂਟਾਂ ਅਤੇ ਟਰਾਂਸਿਟ ਪੁਆਇੰਟ (ਬਸ ਅੱਡੇ/ਰੇਲਵੇ ਸਟੇਸ਼ਨ) ਦੀ ਸਮੇਂ ਸਮੇਂ ਚੈਕਿੰਗ ਕੀਤੀ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਸਥਾਈ ਰੂਪ ਵਿੱਚ ਤੰਬਾਕੂ ਮੁਕਤ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਐਨ.ਜੀ.ਓ. ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਤੰਬਾਕੂ ਨੋਸ਼ੀ ਨਾ ਕਰਨ ਲਈ ਲੋਕਾਂ ਨੂੰ ਵੱਧ ਵੱਧ ਜਾਗਰੂਕ ਵੀ ਕੀਤਾ ਜਾਵੇ। ਇਸ ਲਈ 29 ਮਈ 2015 ਨੂੰ ਵੱਖ-ਵੱਖ ਵਿਭਾਗਾਂ, ਸਕੂਲਾਂ, ਕਾਲਜਾਂ ਵਿੱਚ ਐਂਟੀ ਤੰਬਾਕੂ ਹਸਤਾਖਰ ਮੁਹਿੰਮ ਚਲਾਈ ਜਾਵੇਗੀ।ਇਸ ਤੋਂ ਇਲਾਵਾ 1 ਜੂਨ 2015 ਨੂੰ ਵਿਸ਼ਾਲ ਤੰਬਾਕੂ ਵਿਰੋਧੀ ਜਾਗਰੂਕ ਰੈਲੀ ਕੱਢੀ ਜਾ ਰਹੀਂ ਹੈ, ਜੋ ਸਵੇਰੇ 9-00 ਵਜੇ ਰਾਮ ਲੀਲਾ ਗਰਾਂਊਡ ਤੋਂ ਚੱਲ ਕੇ ਸਿਵਲ ਹਸਪਤਾਲ ਵਿਖੇ ਸਮਾਪਤ ਹੋਵੇਗੀ।
Punjab Post Daily Online Newspaper & Print Media
