ਨਵਨਿਰਮਾਣ ਲਈ ਕੈਰੋਂ ਵੱਲੋਂ 80 ਲੱਖ ਦੀ ਦਿਵਾਈ ਗਈ ਸੀ ਗ੍ਰਾਂਟ
ਪੱਟੀ, 5 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਨਗਰ ਕੌਂਸਲ ਪੱਟੀ ਦੇ ਦਫ਼ਤਰ ਦੀ ਪੁਰਾਣੀ ਇਮਾਰਤ ਨੂੰ ਕਰੀਬ 8-9 ਸਾਲ ਪਹਿਲਾਂ ਢਾਹ ਦਿੱਤਾ ਗਿਆ ਸੀ ਕਿ ਇਥੇ ਨਵੀਂ ਇਮਾਰਤ ਦਾ ਨਿਰਮਾਣ ਇੱਕ ਸਾਲ ਦੇ ਅੰਦਰ ਅੰਦਰ ਕਰ ਲਿਆ ਜਾਵੇਗਾ ਅਤੇ ਨਵੀਂ ਇਮਾਰਤ ਦੇ ਨਿਰਮਾਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਨੇ 80 ਲੱਖ ਰੁਪਏ ਦੀ ਗ੍ਰਾਂਟ ਵੀ ਨਗਰ ਕੌਂਸਲ ਨੂੰ ਦਿਵਾਈ ਸੀ ਪਰ 9 ਵਰ੍ਹੇ ਬੀਤਣ ਉਪਰੰਤ ਵੀ ਨਗਰ ਕੌਂਸਲ ਦਾ ਦਫ਼ਤਰ ਗਾਂਧੀ ਸੱਥ ਪੱਟੀ ਵਿਖੇ ਬਣੀਆਂ ਦੁਕਾਨਾਂ ਵਿੱਚ ਹੀ ਚੱਲ ਰਿਹਾ ਹੈ ਅਤੇ ਇਸਦੀ ਨਵੀਂ ਇਮਾਰਤ ਬਣਨਾ ਤਾਂ ਦੂਰ ਅਜੇ ਤੱਕ ਇਸਦਾ ਨੀਂਹ ਪੱਥਰ ਹੀ ਨਹੀਂ ਰੱਖਿਆ ਜਾ ਸਕਿਆ।ਇਸ ਸਬੰਧੀ ਨਾਂ ਨਾ ਛਾਪਣ ਦੀ ਸ਼ਰਤ ‘ਤੇ ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਦਫ਼ਤਰ ਦੀ ਪੁਰਾਣੀ ਬਿਲਡਿੰਗ ਨੂੰ ਢਾਹ ਤਾਂ ਦਿੱਤਾ ਗਿਆ, ਪਰ ਉੁਦੋਂ ਤੋਂ ਹੀ ਇਹ ਜਗ੍ਹਾ ਗੰਦਗੀ ਦਾ ਅੱਡਾ ਬਣਕੇ ਰਹਿ ਗਈ ਹੈ ਜਿੱਥੇ ਲੋਕ ਕੂੜਾ-ਕਰਕਟ ਸੁੱਟਦੇ ਹਨ ਅਤੇ ਖੁਦ ਨਗਰ ਕੌਂਸਲ ਨੇ ਵੀ ਕੂੜੇ ਦੇ ਡੰਪ ਇਸ ਜਗ੍ਹਾ ‘ਤੇ ਰੱਖੇ ਹੋਏ ਹਨ ਅਤੇ ਸਾਰਾ ਦਿਨ ਸੂਰ ਅਤੇ ਹੋਰ ਜਾਨਵਰ ਇਥੇ ਮੂੰਹ ਮਾਰਦੇ ਫਿਰਦੇ ਹਨ। ਇਸ ਜਗ੍ਹਾ ਦੇ ਅੱਗੇ ਬਣੀ ਗੰਦੇ ਪਾਣੀ ਦੀ ਨਾਲੀ ਵੀ ਹੁਣ ਵੱਡੇ ਨਾਲੇ ਦਾ ਰੂਪ ਧਾਰਨ ਕਰ ਗਈ ਹੈ ਜੋ ਕੂੜੇ ਕਰਕਟ ਨਾਲ ਹੀ ਭਰੀ ਰਹਿੰਦੀ ਹੈ ਅਤੇ ਮੱਖੀ-ਮੱਛਰ ਇਥੇ ਅਰਾਮ ਨਾਲ ਪਲ ਰਿਹਾ ਹੈ। 9 ਵਰ੍ਹੇ ਬੀਤਣ ‘ਤੇ ਵੀ ਨਗਰ ਕੌਂਸਲ ਦਾ ਦਫ਼ਤਰ ਬਣਨ ਦੀ ਕੋਈ ਸੰਭਾਵਨਾ ਨਹੀਂ ਦਿਸ ਰਹੀ। ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਕਾਰਜ ਸਾਧਕ ਅਫ਼ਸਰ ਅਤੇ ਓਵਰਸੀਅਰ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਸ਼ਹਿਰ ਵਾਸੀਆਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਦਫ਼ਤਰ ਦੀ ਇਮਾਰਤ ਦਾ ਕੰਮ ਜਲਦੀ ਤੋਂ ਜਲਦੀ ਆਰੰਭ ਕੀਤਾ ਜਾਵੇ।
Punjab Post Daily Online Newspaper & Print Media
