8 ਜੂਨ ਨੂੰ ਡੀ.ਸੀ. ਦਫ਼ਤਰ ਅੱਗੇ ਧਰਨੇ ਦਾ ਐਲਾਨ
ਪੱਟੀ, 5 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਕੇਂਦਰ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੀ ਦੇਰ ਤੋਂ ਲਟਕਦੀ ਆ ਰਹੀ ਮੰਗ ‘ਇੱਕ ਰੈਂਕ ਇੱਕ ਪੈਨਸ਼ਨ’ ਨਾ ਮਨਜ਼ੂਰ ਕਰਨ ਦੇ ਰੋਸ ਵਜੋਂ ਅੱਜ ਪੈਨਸ਼ਨਰਾਂ ਵੱਲੋਂ ਸਾਬਕਾ ਸੂਬੇਦਾਰ ਮੇਜਰ ਮੁਖਤਿਆਰ ਸਿੰਘ ਦੀ ਪ੍ਰਧਾਨਗੀ ਹੇਠ ਐਸ.ਡੀ.ਐਮ. ਪੱਟੀ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੀ.ਬੀ.ਓ.ਆਰਜ਼ ਨੂੰ 35 ਤੋਂ 40 ਸਾਲ ਦੀ ਉਮਰ ਵਿੱਚ ਰਿਟਾਇਰਡ ਹੋਣ ਤੋਂ ਬਾਅਦ ਜ਼ਿਆਦਾਤਰ ਮੁਲਾਜਮ ਬੇਰੁਜ਼ਗਾਰ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ।ਸਿਵਲੀਅਨ ਕਰਮਚਾਰੀ 60 ਸਾਲ ਦੀ ਉਮਰ ਤੱਕ 33 ਸਾਲ ਕੁਆਲੀਫਾਇੰਗ ਨੌਕਰੀ ਕਰਕੇ ਆਪਣੇ ਆਖਰੀ ਤਨਖਾਹ ਸਕੇਲ ‘ਤੇ ਪਹੁੰਚ ਕੇ ਰਿਟਾਇਰ ਹੁੰਦੇ ਹਨ।ਸਰਕਾਰ ਇਹ ਸ਼ਰਤ ਫੌਜੀਆਂ ‘ਤੇ ਲਾ ਕੇ ਇਨ੍ਹਾਂ ਦੀਆਂ ਪੈਨਸ਼ਨਾਂ ਘੱਟ ਕਰ ਦਿੰਦੀ ਹੈ। ਫੌਜੀ 24 ਘੰਟੇ ਡਿਊਟੀ ਕਰਦੇ ਹਨ ਜੋ ਕਿ ਸਿਵਲੀਅਨਜ਼ ਦੀਆਂ ਤਿੰਨ ਸ਼ਿਫਟਾਂ ਬਣਦੀਆਂ ਹਨ। ਬੁਲਾਰਿਆਂ ਨੇ ਕਿਹਾ ਕਿ ਅਸੀਂ ਬੜੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਫੌਜੀਆਂ ਨੂੰ 45 ਸਾਲ ਕੁਆਲੀਫਾਇੰਗ ਨੌਕਰੀ ਦੀ ਤਨਖਾਹ ਅਤੇ ਪੈਨਸ਼ਨ ਮੰਜ਼ੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਦਸੰਬਰ 1982 ਵਿੱਚ ਇੱਕ ਰੈਂਕ ਇੱਕ ਪੈਨਸ਼ਨ ਲਾਗੂ ਕਰਨ ਵਾਸਤੇ ਹੁਕਮ ਜਾਰੀ ਕੀਤੇ ਸਨ ਕਿ ਮਹਿੰਗਾਈ ਸਾਰਿਆਂ ਲਈ ਬਰਾਬਰ ਹੈ ਪਰ ਸਮੇਂ ਸਮੇਂ ‘ਤੇ ਦੇਸ਼ ਦੀਆਂ ਸਰਕਾਰਾਂ ਨੇ ਇਸ ਹੁਕਮ ਨੂੰ ਲਾਗੂ ਨਹੀਂ ਕੀਤਾ ਅਤੇ ਮੌਜੂਦਾ ਐਨ.ਡੀ.ਏ. ਸਰਕਾਰ ਵੀ ਟਾਲ ਮਟੋਲ ਵਾਲਾ ਵਤੀਰਾ ਅਪਨਾ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਇੱਕ ਰੈਂਕ ਇੱਕ ਪੈਨਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਇਸ ਮੌਕੇ ‘ਤੇ ਵਰੰਟ ਅਫ਼ਸਰ ਦਲੀਪ ਸਿੰਘ, ਤਾਰਾ ਸਿੰਘ, ਜਸਮੇਲ ਸਿੰਘ, ਬਲਬੀਰ ਸਿੰਘ, ਕੈਪਟਨ ਸਰਦੂਲ ਸਿੰਘ, ਸਤਪਾਲ ਸਿੰਘ, ਗੁਰਮੀਤ ਸਿੰਘ, ਹਰਬੰਸ ਸਿੰਘ, ਸੂਬੇਦਾਰ ਗੁਰਮੁਖ ਸਿੰਘ, ਪੂਰਨ ਸਿੰਘ, ਗੁਰਲਾਲ ਸਿੰੰਘ, ਰੁਲਦਾ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਬੁਲਾਰਿਆਂ ਨੇ 8 ਜੂਨ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ।
Punjab Post Daily Online Newspaper & Print Media
