ਬਟਾਲਾ ਪੁਲਿਸ ਨਸ਼ਿਆਂ ਖਿਲਾਫ ਖੜ੍ਹੀ ਕਰੇਗੀ ਲੋਕ-ਲਹਿਰ- ਐਸ.ਐਸ.ਪੀ ਇੰਦਰਬੀਰ ਸਿੰਘ

ਬਟਾਲਾ, 16 ਜੂਨ (ਨਰਿੰਦਰ ਸਿੰਘ ਬਰਨਾਲ) – ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਵਹਿਣ ‘ਚ ਰੁੜਣੋਂ ਬਚਾਉਣ ਲਈ ਪੰਜਾਬ ਪੁਲਿਸ ਵੱਲੋਂ ਜਿਥੇ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਨੂੰਨੀ ਸਿਕੰਜਾ ਕੱਸਿਆ ਹੋਇਆ ਹੈ ਉਥੇ ਨੌਜਵਾਨਾਂ ਦੀ ਸੋਚ ਬਦਲ ਕੇ ਉਨ੍ਹਾਂ ਨੂੰ ਸਹੀ ਸੇਧ ਦੇਣ ਲਈ ਤਾਕਤਵਰ ਪੁਰਾਤਨ ਮੀਡੀਆ ‘ਨਾਟਕਾਂ’ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਸ. ਇੰਦਰਬੀਰ ਸਿੰਘ ਦੀ ਪ੍ਰੇਰਨਾ ਸਦਕਾ ਬਟਾਲਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਇੱਕ ਨਾਟਕ ਮੰਡਲੀ ਤਿਆਰ ਕੀਤੀ ਗਈ ਹੈ ਜੋ ਨਾਟਕਾਂ ਰਾਹੀਂ ਸਮਾਜ ‘ਚੋਂ ਨਸ਼ੇ ਖਤਮ ਕਰਨ ਦਾ ਹੋਕਾ ਦੇ ਰਹੀ ਹੈ। ਪੰਜਾਬ ਪੁਲਿਸ ਦੀ ਨਾਟਕ ਮੰਡਲੀ ਵੱਲੋਂ ਨਸ਼ਿਆਂ ਖਿਲਾਫ ਤਿਆਰ ਕੀਤਾ ਗਿਆ ਨਾਟਕ ‘ਮਾਂ ਦਾ ਲਾਡਲਾ’ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਜਿੰਮੇਵਾਰ ਸ਼ਹਿਰੀ ਬਣਨ ਦੀ ਪ੍ਰੇਰਨਾ ਦੇ ਰਿਹਾ ਹੈ। ਨਾਟਕ ਮੰਡਲੀ ਦੇ ਸਾਰੇ ਕਲਾਕਾਰ ਆਪਣੇ ਰੋਲ ਨੂੰ ਇਸ ਬਾਖੂਬੀ ਨਾਲ ਨਿਭਾਉਂਦੇ ਹਨ ਕਿ ਖੇਡਿਆ ਜਾ ਰਿਹਾ ਨਾਟਕ ਸਾਰੀ ਹਕੀਕਤ ਬਿਆਨ ਕਰ ਜਾਂਦਾ ਹੈ। ਲੋਕਾਂ ਵੱਲੋਂ ਵੀ ਪੁਲਿਸ ਦੀ ਪੇਸ਼ਕਾਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਬਟਾਲਾ ਪੁਲਿਸ ਦੀ ਲੋਕਾਂ ਦੇ ਦਿਲਾਂ ‘ਚ ਉਤਰਨ ਦੀ ਇਹ ਨਵੀਂ ਕੋਸ਼ਿਸ਼ ਕਾਮਯਾਬ ਹੋਈ ਹੈ।
ਐਸ.ਐਸ.ਪੀ. ਬਟਾਲਾ ਸ. ਇੰਦਰਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ‘ਚ ਨਾਟਕਾਂ ਦਾ ਇਹ ਤਜ਼ਰਬਾ ਬੇਹੱਦ ਕਾਮਯਾਬ ਰਿਹਾ ਹੈ ਅਤੇ ਪੰਜਾਬ ਪੁਲਿਸ ਸਧਾਰਨ ਲੋਕਾਂ ਤੱਕ ਆਪਣਾ ਸੁਨੇਹਾ ਪੁੰਹਚਾਉਣ ‘ਚ ਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਵੱਲੋਂ ਸਮਾਜ ਵਿੱਚ ਨਸ਼ਿਆਂ ਖਿਲਾਫ ਚੇਤਨਾ ਲਿਆਉਣ ਲਈ ਵਿਆਪਕ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਸ ਤਹਿਤ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਰਾਹੀਂ ਮੋਹਤਬਰ ਵਿਅਕਤੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਲੋਕ ਲਹਿਰ ਪੈਦਾ ਕੀਤੀ ਜਾ ਰਹੀ ਹੈ। ਸ. ਇੰਦਰਬੀਰ ਸਿੰਘ ਨੇ ਕਿਹਾ ਨਾਟਕਾਂ ਰਾਹੀਂ ਦਿੱਤਾ ਜਾਂਦਾ ਸੁਨੇਹਾ ਲੋਕਾਂ ਦੇ ਦਿਲਾਂ ਤੱਕ ਪੁਹੰਚਦਾ ਹੈ ਅਤੇ ਨਾਟਕ ਰਾਹੀਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਪਰਿਵਾਰਾਂ ਤੇ ਸਮਾਜ ਦੀ ਪੀੜ੍ਹ ਨੂੰ ਜਿਆਦਾ ਬੇਹਤਰ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਐੱਸ.ਐੱਸ.ਪੀ. ਸ. ਇੰਦਰਬੀਰ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਦੀ ਇਸ ਨਾਟਕ ਮੰਡਲੀ ਵਿੱਚ 8 ਮੈਂਬਰ ਹਨ, ਜਿਨ੍ਹਾਂ ‘ਚ ਏ.ਐਸ.ਆਈ ਗੁਰਨਾਮ ਸਿੰਘ, ਹੌਲਦਾਰ ਨਿਰਮਲ ਸਿੰਘ, ਹੌਲਦਾਰ ਗੁਰਸ਼ਰਨ ਸਿੰਘ, ਹੌਲਦਾਰ ਤ੍ਰਿਪਤ ਸਿੰਘ, ਹੌਲਦਾਰ ਬਲਦੀਪ ਸਿੰਘ, ਮਹਿਲਾ ਸਿਪਾਹੀ ਲਖਵਿੰਦਰ ਕੌਰ ਤੇ ਮਨਦੀਪ ਕੌਰ ਤੋਂ ਇਲਾਵਾ ਪੰਜਾਬ ਹੋਮਗਾਰਡ ਦਾ ਜਵਾਨ ਮੰਗੀ ਰਾਮ ਸ਼ਾਮਲ ਹਨ।’ਮਾਂ ਦਾ ਲਾਡਲਾ’ ਨਾਟਕ ਦੇ ਡਾਇਲਗ ਜ਼ਿਲ੍ਹਾ ਕਮਿਊਨਿਟੀ ਅਫਸਰ ਡੀ.ਐੱਸ.ਪੀ. ਸ੍ਰੀ ਹਰੀਸ਼ਰਨ ਸ਼ਰਮਾਂ ਨੇ ਲਿਖੇ ਹਨ ਅਤੇ ਨਾਟਕ ਦਾ ਨਿਰਦੇਸ਼ਨ ਵੀ ਡੀ.ਐੱਸ.ਪੀ. ਸ਼ਰਮਾਂ ਵੱਲੋਂ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਦੀ ਨਾਟਕ ਮੰਡਲੀ ਵੱਲੋਂ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਵਿਖੇ ਨਸ਼ਿਆਂ ਖਿਲਾਫ ਨਾਟਕ ‘ਮਾਂ ਦਾ ਲਾਡਲਾ’ ਦੀ ਸਫਲ ਪੇਸ਼ਕਾਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਘੁਮਾਣ ਅਤੇ ਪੁਲਿਸ ਲਾਈਨ ਬਟਾਲਾ ‘ਚ ਵੀ ਇਸ ਨਾਟਕ ਦੀਆਂ ਸਫਲ ਪੇਸ਼ਕਾਰੀਆਂ ਕੀਤੀਆਂ ਗਈਆਂ ਹਨ।
Punjab Post Daily Online Newspaper & Print Media