
ਪਠਾਨਕੋਟ, 16 ਜੂਨ (ਪ.ਪ) – ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 2019 ਤੱਕ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਿੰਡਾਂ ਵਿੱਚ ਪਖਾਨੇ ਬਣਾਏ ਜਾਣਗੇ ਅਤੇ ਇਸ ਸਾਲ 95 ਪਿੰਡਾਂ ਵਿੱਚ ਪਖਾਨੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ।ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਆਯੋਜਿਤ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ, ਸਰਵਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ., ਬਲਬੀਰ ਰਾਜ ਸਿੰਘ ਸਹਾਇਕ ਕਮਿਸ਼ਨਰ ਜਨਰਲ, ਪ੍ਰਵੀਨ ਕੁਮਾਰ ਐਕਸੀਅਨ, ਯਸ਼ਪਾਲ ਸ਼ਰਮਾ ਤਹਿਸੀਲਦਾਰ, ਅਸ਼ੋਕ ਈ.ਟੀ.ਓ., ਡਾ. ਭੁਪਿੰਦਰ ਸਿੰਘ ਐਸ.ਐਮ.ਓ., ਹਰਬੰਸ ਸਿੰਘ ਖਜ਼ਾਨਾ ਅਫ਼ਸਰ, ਸੁਖਦੇਵ ਰਾਜ, ਮੋਹਨ ਸਿੰਘ, ਦਰਸ਼ਨ ਸਿੰਘ (ਤਿੰਨੋ ਬੀ.ਡੀ.ਪੀ.ਓਜ਼), ਰਾਜੇਸ਼ ਗੁਪਤਾ ਚੀਫ਼ ਲੀਡ ਜ਼ਿਲ੍ਹਾ ਮੈਨੇਜਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 589 ਪਿੰਡ ਹਨ। ਜਿੰਨ੍ਹਾਂ ਵਿੱਚ 79048 ਘਰ ਹਨ ਅਤੇ 29139 ਘਰਾਂ ਵਿੱਚ ਪਖਾਨੇ ਨਹੀਂ ਹਨ। ਉਨ੍ਹਾਂ ਕਿਹਾ ਕਿ ਖੁਲੇ ਵਿੱਚ ਜੰਗਲ ਪਾਣੀ ਜਾਣ ਦੀ ਪ੍ਰਵਿਰਤੀ ਨੂੰ ਖਤਮ ਕਰਨ ਲਈ ਇਸ ਸਾਲ ਦੌਰਾਨ 95 ਪਿੰਡਾਂ ਵਿੱਚ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਲਈ 5014 ਪਖਾਨੇ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਪਖਾਨੇ ਬਣਾਉਣ ਲਈ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਤਕਨੀਕੀ ਜਾਣਕਾਰੀ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਵਾਲੇ ਲੋਕਾਂ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨਾਲ ਸਬੰਧਤ ਪਰਿਵਾਰਾਂ ਨੂੰ ਪਖਾਨੇ ਬਣਾਉਣ ਲਈ 15000 ਰੁਪਏ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਵੇਗੀ। ਜਿਸ ਵਿੱਚ 9000 ਰੁਪਏ ਕੇਂਦਰ ਸਰਕਾਰ ਵੱਲੋਂ ਅਤੇ 6000 ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਸਫ਼ਲਤਾਂ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਸੈਨੀਟੇਸ਼ਲ ਯੂਨਿਟ, ਬਲਾਕ ਪੱਧਰ ‘ਤੇ ਬਲਾਕ ਸੈਨੀਟੇਸ਼ਨ ਯੂਨਿਟ, ਪਿੰਡ ਪੱਧਰ ‘ਤੇ ਗ੍ਰਾਮ ਪੰਚਾਇਤ ਵਾਟਰ ਸੈਨੀਟੇਸ਼ਨ ਕਮੇਟੀ, ਸਵੱਛਤਾ ਦੂਤ ਬਣਾਏ ਜਾਣਗੇ ਅਤੇ ਇਸ ਤੋਂ ਇਲਾਵਾ ਪਰਕਿਊਰਮੈਂਟ ਕਮੇਟੀ(ਖਰੀਦ ਕਮੇਟੀ), ਨਿਗਰਾਨ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਹ ਕਮੇਟੀਆਂ ਲੋਕਾਂ ਨੂੰ ਪਖਾਨੇ ਬਣਾਉਣ ਲਈ ਅਤੇ ਇੰਨ੍ਹਾਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਜਾਣਗੇ ਅਤੇ ਪਿੰਡਾਂ ਵਿੱਚ ਚੇਤਨਾਂ ਰੈਲੀਆਂ ਕੱਢੀਆਂ ਜਾਣਗੀਆਂ।
ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ 22 ਤੋਂ 26 ਜੂਨ, 2015 ਤੱਕ ਸਫ਼ਾਈ ਮੁਹਿੰਮ ਸਪਤਾਹ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰਾਂ ਦੀ ਸਫ਼ਾਈ, ਦਫ਼ਤਰ ਦੇ ਬਾਹਰ ਦੇ ਏਰੀਏ ਦੀ ਸਫ਼ਾਈ, ਕੰਡਮ ਵਹੀਕਲ, ਟੁੱਟਿਆਂ ਭੱਜਿਆ ਫਰਨੀਚਰ ਅਤੇ ਹੋਰ ਸਮਾਨ ਨੂੰ ਨਿਯਮਾਂ ਅਨੁਸਾਰ ਰਾਈਟ ਆਫ਼ ਅਤੇ ਪੁਰਾਣਾ ਦਫ਼ਤਰੀ ਰਿਕਾਰਡ ਵੀਡ ਆਉਂਟ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਸਪਤਾਹ ਦੌਰਾਨ ਆਪਣੇ ਆਪਣੇ ਦਫ਼ਤਰਾਂ ਅਤੇ ਦਫ਼ਤਰ ਦੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਆਪਣੀ ਰਿਪੋਰਟ 26 ਜੂਨ, 2015 ਨੂੰ ਸ਼ਾਮ ਤੱਕ ਡੀ.ਸੀ. ਦਫ਼ਤਰ ਨੂੰ ਭੇਜਣ ਤਾਂ ਜੋ ਇਹ ਰਿਪੋਰਟ ਸਰਕਾਰ ਨੂੰ ਭੇਜੀ ਜਾ ਸਕੇ।
Punjab Post Daily Online Newspaper & Print Media