ਵਿਕਾਸ ਕਾਰਜਾਂ ਨੂੰ ਛੇਤੀ ਮੁਕੰਮਲ ਕਰਨ ਦੀਆਂ ਦਿੱਤੀਆਂ ਹਦਾਇਤਾਂ
ਬਟਾਲਾ, 18 ਜੂਨ (ਨਰਿੰਦਰ ਬਰਨਾਲ) – ਬਟਾਲਾ ਵਿਖੇ ਬਣ ਰਹੇ ਡਰਾਇਵਿੰਗ ਸਕੂਲ, ਆਧੁਨਿਕ ਪਸ਼ੂ ਮੇਲਾ ਗਰਾਉਂਡ ਅਤੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਦੇ ਨਿਰਮਾਣ ਕਾਰਜਾਂ ਦਾ ਜਾਇਜਾ ਅੱਜ ਡਿਪਟੀ ਕਮਿਸ਼ਨ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵਲੋਂ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਸ. ਸਕੱਤਰ ਸਿੰਘ ਬੱਲ, ਤਹਿਸੀਲਦਾਰ ਅਰਵਿੰਦਰਪਾਲ ਸਿੰਘ ਤੇ ਐੱਸ.ਡੀ.ਓ. ਲੋਕ ਨਿਰਮਾਣ ਵਿਭਾਗ ਦਵਿੰਦਰਪਾਲ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਨੇ ਸਥਾਨਕ ਕੁਤਬੀਨੰਗਲ ਵਿਖੇ ਨਵੀਂ ਉਸਾਰੀ ਜਾ ਰਹੀ ਆਧੁਨਿਕ ਪਸ਼ੂ ਮੇਲਾ ਗਰਾਉਂਡ ਦੇ ਉਸਾਰੀ ਕਾਰਜਾਂ ਦਾ ਮੌਕੇ ‘ਤੇ ਜਾਇਜਾ ਲਿਆ ਅਤੇ ਸਬੰਧਤ ਵਿਭਾਗ ਨੂੰ ਪਸ਼ੂ ਮੰਡੀ ਦੇ ਕੰਮ ਨੂੰ ਛੇਤੀ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ 5 ਕਰੋੜ 44 ਲੱਖ ਦੀ ਲਾਗਤ ਨਾਲ ਬਟਾਲਾ ‘ਚ ਇਹ ਪਸ਼ੂ ਮੰਡੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਵਿਚ 11 ਸ਼ੈੱਡਾਂ ਦਾ ਨਿਰਮਾਣ ਲਗਭਗ ਮੁਕੰਮਲ ਹੋ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਪਸ਼ੂ ਮੰਡੀ ਦਾ ਨਿਰਮਾਣ ਕਾਰਜ ਇਸ ਸਾਲ ਅਕਤੂਬਰ ਤੱਕ ਮੁਕੰਮਲ ਹੋ ਜਾਣਗੇ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਬਟਾਲਾ ਕਚਹਿਰੀ ਕੰਪਲੈਕਸ ਨੇੜੇ ਨਵੇਂ ਬਣ ਰਹੇ ਡਰਾਈਵਿੰਗ ਟ੍ਰੇਨਿੰਗ ਸਕੂਲ ਦਾ ਜਾਇਜਾ ਵੀ ਲਿਆ। ਡਾ. ਤ੍ਰਿਖਾ ਨੇ ਦੱਸਿਆ ਕਿ ਬਟਾਲਾ ਦੇ ਡਰਾਈਵਿੰਗ ਟ੍ਰੇਨਿੰਗ ਸੈਂਟਰ ਵਿਚ ਨਵੀਂ ਤਕਨੀਕ ਨਾਲ ਡਰਾਈਵਿੰਗ ਲਾਈਸੈਂਸ ਬਣਾਏ ਜਾਣਗੇ ਅਤੇ ਲਾਈਸੈਂਸ ਬਣਾਉਣ ਵਾਲਿਆਂ ਦਾ ਬਾਕਾਇਦਾ ਟੈਸਟ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ ਜਿਨਾਂ ਨਾਲ ਡਰਾਇਵਿੰਗ ਟੈਸਟ ਦੀ ਸਾਰੀ ਰਿਕਾਰਡਿੰਗ ਕੀਤੀ ਜਾਵੇਗੀ।
ਸ਼ਿਵ ਬਟਾਲਵੀ ਆਡੀਟੋਰੀਅਮ ਦੇ ਮੁਰੰਮਤ ਕਾਰਜਾਂ ਦਾ ਜਾਇਜਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਿਵ ਆਡਿਟੋਰਿਅਮ ਦਾ ਨਿਰਮਾਣ ਤੇਜੀ ਨਾਲ ਚੱਲ ਰਿਹਾ ਹੈ ਅਤੇ ਅਗਲੇ ਮਹੀਨੇ ਤੱਕ ਇਹ ਕੰਮ ਮੁਕੰਮਲ ਹੋ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਡੀਟੋਰੀਅਮ ਦੇ ਰਹਿੰਦੇ ਕੰਮ ਨੂੰ ਛੇਤੀ ਮੁਕੰਮਲ ਕੀਤਾ ਜਾਵੇ ਤਾਂ ਇਹ ਆਡੀਟੋਰੀਅਮ ਬਿਨਾ ਕਿਸੇ ਦੇਰੀ ਸਾਹਿਤ ਪ੍ਰੇਮੀਆਂ ਲਈ ਖੋਲਿਆ ਜਾ ਸਕੇ।
ਇਸ ਹੋਰਨਾਂ ਤੋਂ ਇਲਾਵਾ ਡਾ. ਅਰਵਿੰਦਰ ਸ਼ਰਮਾ ਵੈਟਰਨਰੀ ਅਫਸਰ, ਡਾ. ਸਰਬਜੀਤ ਸਿੰਘ, ਡਾ. ਮੁਨੀਸ਼ ਜੁਲਕਾ, ਹਰਿੰਦਰਪਾਲ ਸਿੰਘ, ਰੋਹਿਨੀ ਠਾਕੁਰ ਬਾਗਬਾਨੀ ਵਿਕਾਸ ਅਫਸਰ ਗੁਰਦਾਸਪੁਰ, ਸਤਬੀਰ ਕੌਰ ਬਾਗਬਾਨੀ ਅਫਸਰ, ਫੀਲਡ ਸਲਾਹਕਾਰ ਸੁਖਬੀਰ ਸਿੰਘ, ਠੇਕੇਦਾਰ ਨਰਿੰਦਰ ਸਿੰਘ ਤੇ ਦਲਜੀਤ ਸਿੰਘ ਆਦਿ ਵੀ ਹਾਜ਼ਰ ਸਨ।
Punjab Post Daily Online Newspaper & Print Media
