
ਪਠਾਨਕੋਟ, 18 ਜੂਨ (ਪ.ਪ) – ਜ਼ਿਲ੍ਹੇ ਦੇ ਬਾਗਬਾਨਾਂ ਨੂੰ ਲੀਚੀ ਦੇ ਬੂਟੇ ਖੁਦ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਸ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਬਾਗਬਾਨਾਂ ਵੱਲੋਂ ਲੀਚੀ ਦੇ ਖੁਦ ਬੂਟੇ ਤਿਆਰ ਕਰਨ ਨਾਲ ਖਰਚਾ ਵੀ ਘੱਟ ਜਾਂਦਾ ਹੈ ਅਤੇ ਵਧੀਆ ਕੁਆਲਟੀ ਦੇ ਬੂਟੇ ਪੈਦਾ ਕੀਤੇ ਜਾ ਸਕਦੇ ਹਨ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਸਬੰਧੀ ਜੇਕਰ ਬਾਗਬਾਨ/ਕਿਸਾਨ ਚਾਹੁੰਣਗੇ ਤਾਂ ਉਨ੍ਹਾਂ ਨੂੰ ਗਰੁੱਪਾਂ ਵਿੱਚ ਬਾਗਬਾਨੀ ਵਿਭਾਗ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਬਾਗ ਦੇ ਵਿੱਚ ਜਾ ਕੇ ਦੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਬਾਗਬਾਨਾਂ ਨੂੰ ਲੀਚੀ ਨੂੰ ਪਿਊਦ ਕਰਨ ਦੀ ਵਿਧੀ ਬਾਰੇ ਵਿਸਥਾਰ ਪੂਰਵਕ ਦੱਸਿਆ ਜਾਵੇਗਾ। ਉਨ੍ਹਾਂ ਇਸ ਤੋਂ ਇਲਾਵਾ ਬਾਗਬਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲੀਚੀ ਉੱਪਰ ਹੋਣ ਵਾਲੀਆਂ ਸਪਰੇਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਸਿਫਾਰਸ਼ਾ ਅਨੁਸਾਰ ਹੀ ਕਰਨ ਕਿਉਂਕਿ ਦੇਖਣ ਵਿੱਚ ਆਇਆ ਹੈ ਕਿ ਠੇਕੇਦਾਰ ਬਹੁਤ ਸਾਰੀਆਂ ਦਵਾਈਆਂ ਜੋ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ ਵੀ ਨਹੀਂ ਕੀਤੀਆਂ ਗਈਆਂ ਹੁੰਦੀਆਂ, ਦੀ ਬਹੁਤ ਜ਼ਿਆਦਾ ਮਾਤਰਾ ਵਿੱਚ ਇੱਕ ਦੂਸਰੇ ਵਿੱਚ ਮਿਲਾ ਕੇ ਸਪਰੇਆ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦਵਾਈਆਂ ਦਾ ਆਉਣ ਵਾਲੇ ਸਮੇਂ ਵਿੱਚ ਉਲਟਾ ਅਸਰ ਪੈ ਸਕਦਾ ਹੈ ਅਤੇ ਝਾੜ ਘੱਟ ਸਕਦਾ ਹੈ। ਉਨ੍ਹਾਂ ਨੇ ਬਾਗਬਾਨਾਂ/ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖਾਦਾਂ ਅਤੇ ਸਪਰੇਅ ਆਪਣੀ ਹਾਜ਼ਰੀ ਵਿੱਚ ਪੁਆਉਣ, ਜੋ ਯੂਨੀਵਰਸਿਟੀ ਵੱਲੋਂ ਸਿਫਾਰਸ ਕੀਤੀਆਂ ਹੋਣ ਤਾਂ ਜੋ ਲੀਚੀ ਦੇ ਬਾਗਾਂ ਨੂੰ ਭਵਿੱਖ ਵਿੱਚ ਹੋਣ ਵਾਲੇ ਸੰਭਾਵਿਤ ਨੁਕਸਾਨ ਨੂੰ ਰੋਕਿਆ ਜਾ ਸਕੇ।
Punjab Post Daily Online Newspaper & Print Media