ਹੋ ਰਹੀਆਂ ਭੁੱਖ ਹੜਤਾਲਾਂ ਦਰਸਾ ਰਹੀਆਂ ਹਨ ਸਰਕਾਰਾਂ ਦੀਆਂ ਮਾਰੂ ਨੀਤੀਆਂ-ਭਾਈ ਠੀਕਰੀਵਾਲ
ਅਹਿਮਦਗੜ੍ਹ, 21 ਜੂਨ (ਹਰਮਿੰਦਰ ਸਿੰਘ ਭੱਟ) – ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਕਈ ਮਹੀਨਿਆਂ ਤੋ ਸਰਕਾਰ ਨਾਲ ਸ਼ਾਂਤੀਪੂਰਵਕ ਲੜਾਈ ਲੜ ਰਹੇ ਬਾਪੂ ਸੂਰਤ ਸਿੰਘ ਦੀਆਂ ਮੰਗਾਂ ਨੂੰ ਅਣਦੇਖਾ ਕਰ ਕੇ ਸਰਕਾਰ ਦੁਆਰਾ ਦੂਜੀ ਵਾਰ ਜਬਰੀ ਚੁੱਕ ਕੇ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਤੋੜਨ ਦੇ ਮਨਸੂਬੇ ਨਾਲ ਪੀ. ਜੀ. ਆਈ ਹਸਪਤਾਲ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਹੈ। ਉਨ੍ਹਾਂ ਦੀ ਲੰਬੇ ਸਮੇਂ ਤੋ ਹਮਾਇਤ ਕਰ ਰਹੇ ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਵਾਲਿਆਂ ਨੇ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕਰਨ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਪੂ ਜੀ ਨੂੰ ਸਰਕਾਰੀ ਮੁਲਾਜ਼ਮਾਂ ਦੁਆਰਾ ਜਬਰਨ ਚੁੱਕ ਕੇ ਪਹਿਲਾਂ ਸਿਵਲ ਹਸਪਤਾਲ ਫਿਰ ਡੀ. ਐਮ. ਸੀ ਲੁਧਿਆਣਾ ਲਿਜਾਇਆ ਗਿਆ, ਪਰ ਉਨ੍ਹਾਂ ਦੀ ਸਿਹਤ ਬੇਹੱਦ ਕਮਜ਼ੋਰ ਅਤੇ ਬਾਪੂ ਜੀ ਦੇ ਦ੍ਰਿੜ੍ਹ ਨਿਸ਼ਚੇ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਸੀ। ਪਰ ਬਾਪੂ ਸੂਰਤ ਸਿੰਘ ਅਜੇ ਵੀ ਆਪਣਾ ਵਚਨ ਨਿਸ਼ਚੇ ਨਾਲ ਨਿਭਾਅ ਰਹੇ ਹਨ ਤੇ ਉਨ੍ਹਾਂ ਦੀ ਸਿਹਤ ਬਿਲਕੱਲ ਨਿਢਾਲ ਹੋ ਚੁੱਕੀ ਹੈ।
ਭਾਈ ਸਾਹਿਬ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਸਿੱਖ ਬਜ਼ੁਰਗ ਯੋਧਾ ਜੋ ਕਿ ਸੱਚ ਦੀ ਲੜਾਈ ਲੜ ਕੇ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਇਨਸ਼ਾਫ਼ ਦਿਵਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਰਿਹਾ ਹੈ ।ਪਰ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਦੀ ਥਾਂ ਉਨ੍ਹਾਂ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆ ਕੇ ਆਪਣੀ ਬੇਲੋੜੀ ਤਾਕਤ ਨੂੰ ਦਰਸਾ ਕੇ, ਪਤਾ ਨਹੀ ਕੀ ਪ੍ਰਾਪਤ ਕਰਨਾ ਚਾਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਦੇ ਤੜਫਾਏ ਲੋਕ ਹਰ ਰੋਜ਼ ਸੜਕਾਂ ਤੇ ਭੁੱਖ ਹੜਤਾਲ ਕਰ ਰਹੇ ਨੇ ਪਰ ਸਰਕਾਰਾਂ ਉਨ੍ਹਾਂ ਤੇ ਲਾਠੀ ਚਾਰਜ, ਧੂੰਆਂ ਗੈੱਸ ਇੱਥੋਂ ਤੱਕ ਗੋਲੀ ਚਲਾ ਕੇ ਸ਼ੈਤਾਨਾਂ ਵਾਲਾ ਰੋਲ ਅਦਾ ਕਰ ਰਹੀਆਂ ਹਨ ਜੋ ਕਿ ਅਸਹਿਣ ਤੇ ਨਿੰਦਣਯੋਗ ਹੁੰਦਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਭਾਈ ਜੰਗ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰ, ਭਾਈ ਗੁਰਪ੍ਰੀਤ ਸਿੰਘ ਚੁਗਾਵਾ, ਭਾਈ ਸੁਖਪਾਲ ਸਿੰਘ, ਭਾਈ ਬਿੱਲੂ ਸਿੰਘ ਮੋਹੀ, ਭਾਈ ਲਖਵੀਰ ਸਿੰਘ ਆਦਿ ਜਥੇ ਦੇ ਸਮੂਹ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media
