Tuesday, March 17, 2026

ਮਾਮਲਾ ਸ੍ਰੀ ਹਰਿਮੰਦਿਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਯੂਨੈਸਕੋ ਰਾਹੀਂ ਵਿਸ਼ਵ ਵਿਰਾਸਤ ਦਾ ਦਰਜਾ ਦੁਆਉਣ ਦਾ

ਸਿੱਖਾਂ ਦੇ ਪਵਿੱਤਰ ਧਾਰਮਿਕ ਅਸ਼ਥਾਨਾਂ ‘ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਬਜ਼ਾ ਕਰਨ ਦੀ ਸਾਜ਼ਿਸ਼ ਸਫਲ ਨਹੀਂ ਹੋਣ ਦੇਵਾਂਗੇ- ਰਾਣਾ

Rana Paramjit Singhਨਵੀਂ ਦਿੱਲੀ, 22 ਜੂਨ (ਅੰਮ੍ਰਿਤ ਲਾਲ ਮੰਨਣ) – ਭਾਰਤ ਸਰਕਾਰ ਵਲੋਂ ਸਿੱਖ ਪੰਥ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ, ਸ੍ਰੀ ਦਰਬਾਰ ਸਾਹਿਬ (ਸ੍ਰੀ ਹਰਿਮੰਦਿਰ ਸਾਹਿਬ) ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਯੂਨੈਸਕੋ ਰਾਹੀਂ ਵਿਸ਼ਵ ਵਿਰਾਸਤ (ਵਰਲਡ ਹੈਰੀਟੇਜ) ਦਾ ਦਰਜਾ ਦੁਆ, ਉਨ੍ਹਾਂ ਪੁਰ ਸੰਵਿਧਾਨਕ ਕਬਜ਼ਾ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੌਸ਼ਿਸ਼ਾਂ ਸੰਬੰਧੀ ਚੱਲ ਰਹੀਆਂ ਚਰਚਾਵਾਂ ਪੁਰ, ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਸ. ਰਾਣਾ ਨੇ ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਸ਼ਰਧਾ-ਪੂਰਨ ਆਸਥਾ ਦਾ ਧਾਰਮਕ ਕੇਂਦਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਹਰ ਬਿਖੜੇ ਸਮੇਂ ਵਿਚੋਂ ਉਭਰਨ ਲਈ ਪੰਥ ਦਾ ਮਾਰਗ ਦਰਸ਼ਨ ਕਰਨ ਵਾਲਾ ਚਾਨਣ-ਮੁਨਾਰਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਆਪਣੀਆਂ ਇਨ੍ਹਾਂ ਮਹਾਨ ਤੇ ਪਵਿੱਤਰ ਸੰਸਥਾਵਾਂ ਪੁਰ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਬਜ਼ਾ ਕਰਨ ਦੀ ਕਿਸੇ ਵੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਵੇਗਾ। ਸ. ਰਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਇਨ੍ਹਾਂ ਸੰਸਥਾਵਾਂ ਦੀ ਆਜ਼ਾਦੀ ਨੂੰ ਕਾਇਮ ਰਖਣ ਲਈ ਪੰਥ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ ਤਾਂ ਕਿਸੇ ਤਰ੍ਹਾਂ ਦਾ ਸੰਕੋਚ ਨਹੀਂ ਕੀਤਾ ਜਾਇਗਾ।

ਰਾਣਾ ਪਰਮਜੀਤ ਸਿੰਘ ਨੇ ਦਸਿਆ ਕਿ ਸੰਨ-2004 ਵਿੱਚ ਵੀ ਅਜਿਹੀਆਂ ਕੌਸ਼ਿਸ਼ਾਂ ਹੋਈਆਂ ਸਨ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਗਏ ਵਿਰੋਧ ਦੇ ਫਲਸਰੂਪ ਠਲ੍ਹ ਪੈ ਗਈ ਸੀ। ਉਨ੍ਹਾਂ ਹੋਰ ਦਸਿਆ ਕਿ ਹੁਣ ਫਿਰ ਇਸ ਪਾਸੇ ਚੋਰੀ-ਛੁਪੇ ਕੌਸ਼ਿਸ਼ਾਂ ਕੀਤੀਆਂ ਜਾਣ ਲਗੀਆਂ ਹਨ, ਜਿਨ੍ਹਾਂ ਤੋਂ ਪਰਦਾ ਉਸ ਸਮੇਂ ਉਠਿਆ, ਜਦੋਂ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਇਸੇ ਵਰ੍ਹੇ ਅਪ੍ਰੈਲ ਵਿੱਚ ਰਾਜਸਭਾ ਵਿੱਚ ਇੱਕ ਸੁਆਲ ਦਾ ਜਵਾਬ ਦਿੰਦਿਆਂ ਦਸਿਆ ਕਿ ਭਾਰਤ ਸਰਕਾਰ ਵਲੋਂ ਪਿਛਲੇ ਵਰ੍ਹੇ ਯੂਨੈਸਕੋ ਨੂੰ ਇਕ ਪਤ੍ਰ ਲਿਖ ਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਿਸ਼ਵ ਵਿਰਾਸਤ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ਹੈ।
ਸ. ਰਾਣਾ ਨੇ ਕਿਹਾ ਕਿ ਭਾਰਤ ਸਰਕਾਰ ਤਾਂ ਕੀ, ਦੁਨੀਆਂ ਦੀ ਕੋਈ ਵੀ ਸ਼ਕਤੀ ਨੂੰ ਆਨੇ-ਬਹਾਨੇ ਸਾਜ਼ਿਸ਼ਾਂ ਰਚ ਕੇ, ਸਿੱਖ ਪੰਥ ਪਾਸੋਂ ਉਸਦੇ ਸਰਵੁੱਚ ਪਵਿਤਰ ਅਤੇ ਧਾਰਮਿਕ ਅਸਥਾਨਾਂ ਨੂੰ ਖੋਹ ਨਹੀਂ ਸਕਦੀ।ਉਨ੍ਹਾਂ ਕਿਹਾ ਕਿ ਧਰਮ ਅਸਥਾਨ ਸਿਖਾਂ ਨੂੰ ਆਪਣੀਆਂ ਜਾਨਾਂ ਤੋਂ ਵੀ ਕਿਤੇ ਵੱਧ ਪਿਆਰੇ ਹਨ। ਇਨ੍ਹਾਂ ਦੀ ਸੁਤੰਤਰ ਹੋਂਦ ਕਾਇਮ ਰਖਣ ਲਈ ਸਿੱਖ ਪੰਥ ਕੋਈ ਵੀ ਕੁਰਬਾਨੀ ਕਰਨ ਲਈ ਹਰ ਸਮੇਂ ਤਿਆਰ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply