ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਨਾਲ ਕੀਤੀ ਸਿਰਜਣਾ – ਸਿੰਘ ਸਾਹਿਬ
ਦੁਨਿਆਵੀ ਤਖ਼ਤਾਂ ਨਾਲੋਂ ਮਹਾਨ ਹੈ ਅਕਾਲ ਦਾ ਤਖ਼ਤ

ਅੰਮ੍ਰਿਤਸਰ, 2 ਜੁਲਾਈ (ਗੁਰਪ੍ਰੀਤ ਸਿੰਘ) – ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਉਪਰੰਤ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਿੰਘ ਵੱਲੋਂ ਲਿਆ ਗਿਆ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਚਲਾਇਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਪਹਿਲਾਂ ਕਹੇ ਹੋਏ ਬਚਨਾਂ ਅਨੁਸਾਰ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋੋਬਿੰਦ ਸਾਹਿਬ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਦੇ ਸੁਮੇਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਪ ਸਿਰਜਣਾ ਕੀਤੀ। ਇਸ ਨੂੰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਪਾਸੋਂ ਤਿਆਰ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਇਸ ਅਕਾਲ ਦੇ ਤਖਤ ਦੀ ਉਸਾਰੀ ਸਮੇਂ ਕੋਈ ਵੀ ਮਿਸਤਰੀ ਨਹੀਂ ਲਗਾਇਆ ਗਿਆ।ਇਹ ਅਕਾਲ ਦਾ ਤਖਤ ਦੁਨਿਆਵੀ ਤਖਤਾਂ ਨਾਲੋਂ ਮਹਾਨ ਤੇ ਸਰਵਉੱਚ ਹੈ। ਉਨ੍ਹਾਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ ਕਿ ਜੋ ਸਿੱਖ ਏਥੇ ਚੰਗੀ ਜਵਾਨੀ, ਜੰਗੇ ਸ਼ਸਤਰ ਤੇ ਚੰਗੇ ਘੋੜੇ ਲੈ ਕੇ ਆਵੇਗਾ ਉਸ ਨੂੰ ਸਤਿਗੁਰੂ ਜੀ ਦੀਆਂ ਖੁਸ਼ੀਆਂ ਮਿਲਣਗੀਆਂ। ਸਿੰਘ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਮੇਸ਼ਾਂ ਜ਼ਰਵਾਣੇ ਦੇ ਜੁਲਮ ਨੂੰ ਰੋਕਿਆ ਗਿਆ ਹੈ ਤੇ ਨਿਮਾਣੇ ਦੀ ਸਹਾਇਤਾ ਕਰਨ ਦੇ ਉਪਰਾਲੇ ਕੀਤੇ ਗਏ ਹਨ।
ਸਿੰਘ ਸਾਹਿਬ ਨੇ ਕਿਹਾ ਕਿ ਜਿਹੜੇ ਲੋਕ ਖਾਲਸਾ ਪੰਥ ਤੋਂ ਮੁਨਕਰ ਹਨ ਉਹ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਆਪਣੇ ਆਪ ਨੂੰ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਕੇ ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰਨ ਅਤੇ ਪੰਥ ਦੀ ਚੜ੍ਹਦੀ-ਕਲਾ ਲਈ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕੁਝ ਪੰਥ ਦੋਖੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਘੱਟ ਕਰਕੇ ਵੇਖ ਰਹੇ ਹਨ ਉਹ ਲੋਕ ਭੁਲੇਖੇ ਵਿੱਚ ਹਨ। ਸ੍ਰੀ ਅਕਾਲ ਤਖਤ ਸਾਹਿਬ ਸੁੰਤਤਰ ਹੈ ਤੇ ਫੈਸਲੇ ਲੈਣ ਦੇ ਸਮਰਥ ਹੈ।ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਚੱਲਣ ਵਾਲਿਆਂ ਨੂੰ ਸਤਿਗੁਰੂ ਜੀ ਦੀਆਂ ਖੁਸ਼ੀਆਂ ਤੇ ਵਡਿਆਈ ਮਿਲਦੀ ਹੈ ਜਿਹੜੇ ਪੰਥ ਦੋਖੀ ਹੋਣ ਉਨ੍ਹਾਂ ਨੂੰ ਇਥੋਂ ਸਜਾ ਵੀ ਮਿਲਦੀ ਹੈ। ਉਨ੍ਹਾਂ ਇਸ ਪਵਿੱਤਰ ਦਿਹਾੜੇ ਤੇ ਸਮੂਹ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਮੂਹ ਸਾਧ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮਨਾਮੇ, ਆਦੇਸ਼ ਤੇ ਸੰਦੇਸ਼ ਦੀ ਪਾਲਣਾ ਕਰਨ ਤੇ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੁੜਨ। ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕੁਲਵਿੰਦਰ ਸਿੰਘ ਅਰਦਾਸੀਆ, ਡਾ: ਰੂਪ ਸਿੰਘ ਸਕੱਤਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਤੇ ਸz: ਸੁਲੱਖਣ ਸਿੰਘ , ਸ.ਲਖਬੀਰ ਸਿੰਘ ਮੀਤ ਮੈਨੇਜਰ,ਸ.ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਬਲਵਿੰਦਰ ਸਿੰਘ ਸੁੁਪ੍ਰਿੰਟੈਂਡੈਂਟ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪ੍ਰਿੰਟੈਂਡੈਂਟ, ਸz: ਜਤਿੰਦਰਪਾਲ ਸਿੰਘ ਅਕਾਊਂਟੈਂਟ, ਸz: ਸਤਨਾਮ ਸਿੰਘ, ਸz: ਜਸਵਿੰਦਰ ਸਿੰਘ ਦੀਪ, ਸz: ਕਰਮਦੀਪ ਸਿੰਘ ਤੇ ਸz: ਤੇਜਿੰਦਰ ਸਿੰਘ ਪੱਡਾ ਇੰਚਾਰਜ ਸਮੂਹ ਸਟਾਫ਼ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media