
ਅੰਮ੍ਰਿਤਸਰ, 6 ਜੁਲਾਈ (ਗੁਰਚਰਨ ਸਿੰਘ) – ਅੰਮ੍ਰਿਤਸਰ ਵਿਚ ਕਾਇਮ ਹੋਣ ਜਾ ਰਹੀ ਵਿਸ਼ਵ ਦਰਜੇ ਦੀ ਸੰਸਥਾ ਆਈ. ਆਈ. ਐਮ, ਜਿਸ ਦੀ ਇਮਾਰਤ ਮਾਨਾਂਵਾਲਾ ਨੇੜੇ ਬਣਨੀ ਹੈ, ਦਾ ਨੀਂਹ ਪੱਥਰ ਰੱਖਣ ਲਈ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ 14 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਆ ਰਹੇ ਹਨ।ਇਸ ਵਿਕਾਰੀ ਸੰਸਥਾ ਦਾ ਵਿਸ਼ਾਲ ਸਥਾਪਤੀ ਸਮਗਾਮ ਰਣਜੀਤ ਐਵੀਨਿਊ ਵਿਖੇ ਕੀਤਾ ਜਾ ਰਿਹਾ ਹੈ।ਅੱਜ ਇਸ ਸਬੰਧੀ ਪਲੇਠੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਤਜਿੰਦਰਪਾਲ ਸਿੰਘ ਸੰਧੂ ਨੇ ਸਮਾਗਮ ਵਾਲੀ ਥਾਂ ‘ਤੇ ਕੀਤੀ।ਉਨਾਂ ਦੱਸਿਆ ਕਿ ਇਸ ਸਮਾਗਮ ਵਿਚ ਸ੍ਰੀ ਅਰੁਣ ਜੇਤਲੀ ਤੋ ਇਲਾਵਾ, ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਅਤੇ ਕੇਂਦਰ ਤੇ ਪੰਜਾਬ ਤੋਂ ਹੋਰ ਮੰਤਰੀ ਸਾਹਿਬਾਨ ਵੀ ਹਿੱਸਾ ਲੈਣਗੇ।ਉਨਾਂ ਦੱਸਿਆ ਕਿ ਇਸ ਦਿਨ ਉਕਤ ਹਸਤੀਆਂ ਵੱਲੋਂ ਸ਼ਹਿਰ ਵਿਚ ਹੋਰ ਵੀ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੇ ਜਾਣ ਦੀ ਸੰਭਾਵਨਾ ਹੈ।ਸ. ਸੰਧੂ ਨੇ ਦੱਸਿਆ ਕਿ ਇਸ ਲਈ ਵੱਡਾ ਸਮਗਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਅੰਮ੍ਰਿਤਸਰ ਜਿਲ੍ਹੇ ਦੇ 20 ਹਜ਼ਾਰ ਦੇ ਕਰੀਬ ਵਾਸੀ ਸ਼ਾਮਿਲ ਹੋਣ ਦੀ ਸੰਭਾਵਨਾ ਹੈ।ਉਨਾਂ ਦੱਸਿਆ ਕਿ ਕੱਲ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਇਸ ਸਬੰਧੀ ਸੰਖੇਪ ਮੀਟਿੰਗ ਜਿਲ੍ਹਾ ਅਧਿਕਾਰੀਆਂ ਨਾਲ ਕਰਕੇ ਉਨਾਂ ਨੂੰ ਜ਼ਰੂਰੀ ਨਿਰਦੇਸ਼ ਦੇ ਚੁੱਕੇ ਹਨ।
ਸ੍ਰੀ ਸੰਧੂ ਨੇ ਅੱਜ ਸਮਾਗਮ ਲਈ ਲਗਾਏ ਜਾ ਰਹੇ ਟੈਂਟ, ਬੱਸਾਂ ਤੇ ਕਾਰਾਂ ਆਦਿ ਦੀ ਪਾਰਕਿੰਗ, ਆਲੇ-ਦੁਆਲੇ ਦੀ ਸਾਫ-ਸਫਾਈ, ਪੀਣ ਵਾਲੇ ਪਾਣੀ, ਮੈਡੀਕਲ ਟੀਮਾਂ ਤਾਇਨਾਤ ਕਰਨ ਅਤੇ ਹੋਰ ਜ਼ਰੂਰੀ ਕੰਮਾਂ ਦੀ ਜਾਣਕਾਰੀ ਲਈ ਅਤੇ ਇਨਾਂ ਨੂੰ ਤਰਤੀਬ ਵਾਰ ਨੇਪਰੇ ਚਾੜਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ।ਉਨਾਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਚਾਹੁੰਦੇ ਹਨ ਇਸ ਦਿਨ ਸਾਰੇ ਸ਼ਹਿਰ ਵਿਚ ਸੁੰਦਰ ਰੌਸ਼ਨੀਆਂ ਜਗਾ ਕੇ ਇਸ ਇਤਹਾਸਕ ਪ੍ਰਾਜੈਕਟ ਦੀ ਖੁਸ਼ੀ ਸਾਂਝੀ ਕੀਤੀ ਜਾਵੇ, ਕਿਉਂਕਿ ਇਸ ਨਾਲ ਸ਼ਹਿਰ ਦੀ ਆਰਥਿਕਤਾ ਅਤੇ ਸਿੱਖਿਆ ਮਿਆਰ ਦਾ ਨਵਾਂ ਪੜਾਅ ਸ਼ੁਰੂ ਹੋਵੇਗਾ।ਸ. ਸੰਧੂ ਨਾਲ ਇਸ ਮੌਕੇ ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ, ਡੀ ਟੀ ਓ ਲਵਜੀਤ ਕਲਸੀ, ਐਕਸੀਅਨ ਸ. ਜਸਬੀਰ ਸਿੰਘ ਸੋਢੀ, ਜ਼ਿਲ੍ਹਾ ਬਚਤ ਅਫਸਰ ਸ੍ਰੀ ਗੁਲਸ਼ਨ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media