ਪਠਾਨਕੋਟ, 14 ਜੁਲਾਈ (ਪ.ਪ)- ਪਠਾਨਕੋਟ ਸ਼ਹਿਰ ਦੇ ਸਲੱਮ ਏਰੀਏ ਵਿੱਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ/ਸਮੱਸਿਆਵਾਂ ਨੂੰ ਸੁਣ ਕੇ ਮੌਕੇ ‘ਤੇ ਹੱਲ ਕਰਨ ਲਈ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸੈਲੀ ਕੂਲੀਆਂ ਵਿੱਚ ਬਣੀਆਂ ਝੁੱਗੀਆਂ, ਬੇਦੀ ਬੱਜਰ ਕੰਪਨੀ ਵਿੱਚ ਬਣੀਆਂ ਝੂਗੀਆਂ ਅਤੇ ਮਾਮੂਨ ਮਿਲਟਰੀ ਸਟੇਸ਼ਨ ਦੇ ਨੇੜੇ ਬਣੀਆਂ ਝੂਗੀਆਂ ਦਾ ਦੌਰਾ ਕੀਤਾ। ਇਸ ਮੌਕੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਕਮ ਕਮਿਸ਼ਨਰ ਨਗਰ ਨਿਗਮ ਪਠਾਨਕੋਟ, ਡਾ. ਅਨਿਲ ਮਹਿੰਦਰਾ ਸਿਵਲ ਸਰਜਨ, ਡਾ. ਤਰਸੇਮ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਨਗਰ ਨਿਗਮ ਦੇ ਅਧਿਕਾਰੀ ਉਨ੍ਹਾਂ ਨਾਲ ਸਨ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ‘ਤੇ ਇਨ੍ਹਾਂ ਸਲੱਮ ਖੇਤਰ ਵਿੱਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ/ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਖੁਲ੍ਹੇ ਵਿੱਚ ਜੰਗਲ ਪਾਣੀ ਨਾ ਜਾਣ ਕਿਉਂਕਿ ਖੁਲ੍ਹੇ ਵਿੱਚ ਜੰਗਲ ਪਾਣੀ ਜਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੰਨ੍ਹਾਂ ਖੇਤਰ ਵਿੱਚ ਪਖਾਨੇ ਬਣਾਉਣ ਲਈ ਸਰਵੇਅ ਕਰਵਾਉਣ। ਉਨ੍ਹਾਂ ਦੱਸਿਆ ਕਿ ਜਿੱਥੇ ਜਗ੍ਹਾ ਜਿਆਦਾ ਹੋਵੇਗੀ, ਉੱਥੇ ਵਿਅਕਤੀਗਤ ਪਖਾਨੇ ਅਤੇ ਜਿੱਥੇ ਜਗ੍ਹਾ ਘੱਟ ਹੋਵੇਗੀ, ਉੱਥੇ ਕਮਿਊਨਿਟੀ ਪਖਾਨੇ ਬਣਾਏ ਜਾਣਗੇ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਉਹ ਇੰਨ੍ਹਾਂ ਖੇਤਰ ਵਿੱਚ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕਿ ਉਹ ਸੈਲੀ ਕੂਲੀਆਂ ਵਿੱਚ ਬਣੀਆਂ ਝੂਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਉਣ ਲਈ ਸਰਵੇ ਕਰਵਾਉਣ ਅਤੇ ਇਸ ਖੇਤਰ ਦੀ ਸਾਫ਼ ਸਫ਼ਾਈ ਵੀ ਕਰਵਾਉਣ।
ਡਿਪਟੀ ਕਮਿਸ਼ਨਰ ਨੂੰ ਸੈਲੀ ਕੂਲੀਆਂ ਵਿੱਚ ਬਣੀਆਂ ਝੂਗੀਆਂ, ਬੇਦੀ ਬੱਜਰ ਕੰਪਨੀ ਵਿੱਚ ਬਣੀਆਂ ਝੂਗੀਆਂ ਅਤੇ ਮਾਮੂਨ ਮਿਲੀਟਰੀ ਸਟੇਸ਼ਨ ਦੇ ਨੇੜੇ ਬਣੀਆਂ ਝੂਗੀਆਂ ਵਿੱਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ ਹਨ ਅਤੇ ਸਮੇਂ ਸਮੇਂ ‘ਤੇ ਪੋਲਿਓ ਬੁੰਦਾਂ ਵੀ ਪਿਲਾਈਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੰਨ੍ਹਾਂ ਖੇਤਰਾਂ ਦੇ ਲੋਕਾਂ ਦੀ ਸਿਹਤ ਸੰਭਾਲ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੇ ਕਰਮਚਾਰੀ ਭੇਜ ਕੇ ਦਵਾਈਆਂ ਮੁਹਈਆ ਕਰਵਾਉਣ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਰੱਖਣ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media