ਪੈਂਫਲੈਟ ਵਿੱਚ ਸਵੀਕਾਰਿਆ ਕਿ ਲਾਸ਼ਾਂ ਨਾਲ ਭਰੇ ਖੂਹ ‘ਤੇ ਕੀਤਾ ਜਾ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ – ਸੁਰਿੰਦਰ ਕੋਛੜ
ਅੰਮ੍ਰਿਤਸਰ, 24 ਜੁਲਾਈ (ਪ.ਪ) – ਅਜਨਾਲਾ ਦੀ ਗੁਰਦੁਆਰਾ ਸ਼ਹੀਦ ਗੰਜ ਸ਼ਹੀਦਾਂ ਵਾਲਾ ਖੂਹ ਕਮੇਟੀ ਆਪਣੇ ਹੀ ਜਾਰੀ ਕੀਤੇ ਪੈਂਫਲੈਟ ਕਾਰਨ ਵਿਵਾਦਾਂ ਵਿਚ ਘਿਰਦੀ ਵਿਖਾਈ ਦੇ ਰਹੀ ਹੈ।ਇਹ ਪੈਂਫਲੈਟ ਸੰਨ 1857 ਵਿੱਚ ਮਾਰੇ ਗਏ ਪੂਰਬੀ ਹਿੰਦੂ ਸੈਨਿਕਾਂ ਦੀ ਯਾਦ ਵਿਚ 1 ਅਗਸਤ ਨੂੰ ਗੁਰਦੁਆਰਾ ਸਾਹਿਬ ਵਿਚ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਸਿੱਖ ਸੰਗਤ ਨੂੰ ਸ਼ਾਮਲ ਹੋ ਕੇ ਆਰਥਿਕ ਸਹਿਯੋਗ ਦੇਣ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ।ਇਸ ਵਿਚ ਇਹ ਸਾਫ਼ ਤੌਰ ‘ਤੇ ਲਿਖਿਆ ਗਿਆ ਹੈ ਕਿ ਉਪਰੋਕਤ ਮਨੁੱਖੀ ਲਾਸ਼ਾਂ ਨਾਲ ਭਰੇ ਖੂਹ ਦੇ ਉਪਰ ਪਿਛਲੇ 42 ਵਰ੍ਹਿਆਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਦੁਆਰਾ ਸਥਾਪਿਤ ਕੀਤਾ ਗਿਆ ਸੀ।ਕਮੇਟੀ ਪ੍ਰਧਾਨ ਇਸ ਤੋਂ ਪਹਿਲਾਂ ਵੀ ਮੀਡੀਆ ਦੇ ਸਾਹਮਣੇ ਗੁਰਦੁਆਰੇ ਦੇ ਨਿਰਮਾਣ ਨੂੰ ਲੈ ਕੇ ਇਹ ਵਿਵਾਦਿਤ ਬਿਆਨ ਜਾਰੀ ਕਰ ਚੁੱਕੇ ਹਨ ਕਿ ਉਹਨਾਂ ਨੇ ਗੁਰਦੁਆਰੇ ਦਾ ਨਿਰਮਾਣ ਭਾਰਤੀ ਸੈਨਾ ਦੇ ਅਧਿਕਾਰ ਵਿਚ ਆਉਂਦੀ ਭੂਮੀ ‘ਤੇ ਉਸ ਸਮੇਂ ਕਬਜ਼ਾ ਕਰਕੇ ਕਾਇਮ ਕੀਤਾ ਜਦੋਂ ਭਾਰਤੀ ਸੈਨਾ ਕਾਰਗਿਲ ਯੁੱਧ ਵਿਚ ਰੁੱਝੀ ਹੋਈ ਸੀ।
ਅਜਨਾਲਾ ਦੇ ਉਪਰੋਕਤ ਖੂਹ ਦੀ ਖੋਜ ਕਰਕੇ ਉਸ ਵਿਚ 157 ਵਰ੍ਹਿਆਂ ਤੋਂ ਦਫ਼ਨ ਹਿੰਦੁਸਤਾਨੀ ਸੈਨਿਕਾਂ ਨੂੰ ਖੂਹ ਦੀ ਕਾਲੀ ਮਿੱਟੀ ਵਿੱਚੋਂ ਆਜ਼ਾਦ ਕਰਾਉਣ ਵਾਲੇ ਇਤਿਹਾਸਕਾਰ ਤੇ ਖੋਜ-ਕਰਤਾ ਸ਼੍ਰੀ ਸੁਰਿੰਦਰ ਕੋਛੜ ਨਾਲ ਇਸ ਸੰਬੰਧੀ ਗੱਲਬਾਤ ਕਰਨ ‘ਤੇ ਉਹਨਾਂ ਦੱਸਿਆ ਕਿ ਗੁਰਦੁਆਰਾ ਕਮੇਟੀ ਦੇ ਲੋਕ ਖੂਹ ਦੀ ਹੋਂਦ ਤੋਂ ਬੇਖਬਰ ਜਾਂ ਕਿਸੇ ਹੋਰ ਇਰਾਦੇ ਨਾਲ ਪਿਛਲੇ ਕਈ ਵਰ੍ਹਿਆਂ ਤੋਂ ਮਨੁੱਖੀ ਲਾਸ਼ਾਂ ਨਾਲ ਭਰੇ ਖੂਹ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਆ ਰਹੇ ਸਨ।ਇਸ ਦੌਰਾਨ ਗੁਰਦੁਆਰੇ ਨਾਲ ਸੰਬੰਧਿਤ ਕਈ ਕਮੇਟੀਆਂ ਹੋਂਦ ਵਿਚ ਆਈਆਂ, ਪਰ ਖੂਹ ਦੇ ਉਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਿਰੰਤਰ ਜਾਰੀ ਰਿਹਾ।ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਪਹਿਲਾਂ ਕਿਸੇ ਵੀ ਇਤਿਹਾਸਕਾਰ ਜਾਂ ਜਥੇਬੰਦੀ ਨੇ ਖੂਹ ਦੀ ਭਾਲ ਕਰਕੇ ਉਸ ਵਿਚੋਂ ਅਸਥੀਆਂ ਕਢਵਾਉਣ ਦੀ ਪਹਿਲ ਨਹੀਂ ਕੀਤੀ।ਜਿਸ ਕਾਰਨ ਲੰਬੇ ਸਮੇਂ ਤਕ ਉਪਰੋਕਤ ਗੁਰਦੁਆਰੇ ਵਿਚ ਸਿੱਖਾਂ ਦੀਆਂ ਧਾਰਮਿਕ ਮਰਿਆਦਾਵਾਂ ਅਤੇ ਭਾਵਨਾਵਾਂ ਦਾ ਘਾਣ ਹੁੰਦਾ ਰਿਹਾ।ਗੁਰਦੁਆਰਾ ਕਮੇਟੀ ਦੁਆਰਾ ਉਪਰੋਕਤ ਖੂਹ ਨੂੰ ਸ਼ਹੀਦਾਂ ਦਾ ਖੂਹ ਨਾਂ ਦੇਣ ਤੋਂ ਬਾਅਦ ਮੁੜ ਕਾਲਿਆਂ ਵਾਲਾ ਖੂਹ ਲਿਖੇ ਜਾਣ ਦੇ ਸੰਬੰਧ ਵਿਚ ਪੁੱਛਣ ‘ਤੇ ਸ਼੍ਰੀ ਕੋਛੜ ਨੇ ਕਿਹਾ ਕਿ ਉਪਰੋਕਤ ਸੈਨਿਕਾਂ ਦੇ ਭਾਰਤੀ ਅਤੇ ਵਿਸ਼ੇਸ਼ ਤੌਰ ‘ਤੇ ਉੱਤਰ ਪ੍ਰਦੇਸ਼ ਤੇ ਉਸ ਦੇ ਪੂਰਬੀ ਇਲਾਕਿਆਂ ਦੇ ਹਿੰਦੂ ਹੋਣ ਕਾਰਨ ਉਹਨਾਂ ਨੂੰ ‘ਕਾਲਾ’ ਅਪਮਾਨਜਨਕ ਉਪਨਾਮ ਨਾਲ ਸੰਬੋਧਿਤ ਕੀਤਾ ਜਾਣਾ ਬਹੁਤ ਹੀ ਨਿੰਦਣਯੋਗ ਅਤੇ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ।
Punjab Post Daily Online Newspaper & Print Media