ਮੇਅਰ ਸ੍ਰੀ ਅਰੋੜਾ ਨਾਲ ਨਗਰ ਨਿਗਮ ਦੇ ਸਮੂਹ ਵਿਭਾਗਾਂ ਦੀ ਕਾਰਗੁਜ਼ਾਰੀ ਬਾਰੇ ਕੀਤਾ ਵਿਚਾਰ-ਵਟਾਂਦਰਾ

ਅੰਮ੍ਰਿਤਸਰ, 24 ਜੁਲਾਈ (ਪ.ਪ) – ਝਾਰਖੰਡ ਪ੍ਰਾਂਤ ਦੇ ਸ਼ਹਿਰ ਗਿਰਿਡੀਹ ਵਿਖੇ ਮਿਉਂਸਪਲ ਕਂੌਸਲ ਦੇ ਪ੍ਰਤੀਨਿਧੀ, ਚੇਅਰਮੈਨ ਸ਼੍ਰੀ ਦਿਨੇਸ਼ ਪ੍ਰਸ਼ਾਦ ਯਾਦਵ, ਡਿਪਟੀ ਚੇਅਰਮੈਨ ਸ੍ਰੀ ਰਾਕੇਸ਼ ਮੋਦੀ ਅਤੇ ਸਮੂਹ ਕੌਸਲਰ, ਅੰਮ੍ਰਿਤਸਰ ਦੌਰੇ ਤੇ ਆਉਣ ਉਪਰੰਤ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨਾਲ ਨਗਰ ਨਿਗਮ ਟਾਉਨ ਹਾਲ ਵਿਖੇ ਨਗਰ ਨਿਗਮ ਦੇ ਸਮੂਹ ਵਿਭਾਗਾਂ ਦੀ ਕਾਰਗੁਜ਼ਾਰੀ ਦੇ ਸਬੰਧ ਵਿਚ ਵਿਚਾਰ-ਵਟਾਂਦਰੇ ਲਈ ਮੀਟਿੰਗ ਕਰਨ ਲਈ ਪੁੱਜੇ। ਇਸ ਅਵਸਰ ਤੇ ਮੀਟਿੰਗ ਵਿਚ ਉਹਨਾ ਦੇ ਨਾਲ ਸ. ਅਵਤਾਰ ਸਿੰਘ, ਸੀਨੀਅਰ ਡਿਪਟੀ ਮੇਅਰ, ਕੌਸਲਰ ਅਤੇ ਨਗਰ ਨਿਗਮ ਦੇ ਉੱਚ ਅਧਿਕਾਰੀ ਵੀ ਸ਼ਾਮਿਲ ਸਨ। ਮੇਅਰ ਸ੍ਰੀ ਅਰੋੜਾ ਨੇ ਮਿਉਂਸਪਲ ਕੌਸਲ, ਗਿਰਿਡੀਹ ਦੇ ਨੁਮਾਇੰਦਿਆਂ ਨੂੰ ਮੀਟਿੰਗ ‘ਚ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੀ ਮਹੱਤਤਾ ਧਾਰਮਿਕ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਜਾਣੀ ਜਾਂਦੀ ਹੈ ਕਿਉਂ ਜੋ ਇਹ ਗੁਰੂਆਂ ਦੀ ਵਸਾਈ ਨਗਰੀ ਵਿਚ ਮਹਾਨ ਧਾਰਮਿਕ ਅਸਥਾਨ ਹਨ।ਉਹਨਾ ਨਗਰ ਨਿਗਮ ਦੀ ਕਾਰਗੁਜਾਰੀ ਅਤੇ ਸ਼ਹਿਰ ਦੇ ਨਿਵਾਸੀਆਂ ਨੂੰ ਮੁਢਲੀਆਂ ਸਹੂਲਤਾਂ ਉਪਲੱਬਧ ਕਰਵਾਉਣ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਅਤੇ ਦੱਸਿਆ ਕਿ ਇਸ ਸ਼ਹਿਰ ਦੀ ਲਗਭਗ 15 ਤੋਂ 16 ਲੱਖ ਦੀ ਜਨਤਾ ਨੂੰ ਸੜਕਾਂ, ਗਲੀਆਂ-ਨਾਲੀਆਂ, ਸਟਰੀਟ ਲਾਈਟ, ਵਾਟਰ ਸਪਾਲਾਈ ਅਤੇ ਸੀਵਰੇਜ਼ ਸਬੰਧੀ ਸੇਵਾਂਵਾ ਮੁਹੱਈਆ ਕਰਾਈਆਂ ਜਾ ਰਹੀਆਂ ਹਨ।
ਗਿਰਿਡੀਹ ਨਗਰ ਕੌਸਲ ਦੇ ਨੁਮਾਇੰਦਿਆਂ ਨੇ ਜਦ ਪੁਛਿਆ ਕਿ ਇਸ ਸ਼ਹਿਰ ਦੇ ਨਿਵਾਸੀਆਂ ਨੂੰ ਉਸਾਰੇ ਗਏ ਡੈਮਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ, ਜਿਸ ‘ਤੇ ਮੇਅਰ ਨੇ ਨਗਰ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਮੌਜੂਦਾ ਸਮੇਂ 800 ਫੁੱਟ ਜਮੀਨ ਹੇਠਲੇ ਲੈਵਲ ਵਿਚ ਪਾਈਪਾਂ ਪਾ ਕੇ ਸਵੱਛ ਪੀਣ ਵਾਲੇ ਪਾਣੀ ਦੀ ਸਪਲਾਈ ਟਿਊਬਵੈੱਲਾਂ ਰਾਹੀਂ ਸ਼ਹਿਰ ਦੇ ਨਿਵਾਸੀਆਂ ਨੂੰ ਕਰਵਾਈ ਜਾਂਦੀ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਸੀਵਰਾਂ ਰਾਹੀਂ ਡਿਸਪੋਜ਼ਲ ਪਲਾਂਟਾ ਵਿੱਚ ਕੀਤੀ ਜਾਂਦੀ ਹੈ। ਜਿਨ੍ਹਾਂ ਰਾਹੀਂ ਇਸ ਗੰਦੇ ਪਾਣੀ ਦਾ ਨਿਕਾਸ ਵੱਡੇ ਨਾਲਿਆਂ ਵਿਚ ਕਰ ਦਿੱਤਾ ਜਾਂਦਾ ਹੈ। ਮੇਅਰ ਨੇ ਉਹਨਾ ਨੂੰ ਅੰਮ੍ਰਿਤਸਰ ਸ਼ਹਿਰ ਦੀ ਸਾਫ-ਸਫਾਈ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਕਿ ਇਸ ਸ਼ਹਿਰ ਦੀਆਂ 65 ਵਾਰਡਾਂ ਵਿੱਚ ਇਲਾਕਿਆਂ ਦੀ ਸਫਾਈ ਲਈ ਸਰਕਾਰੀ ਕਰਮਚਾਰੀ ਨਿਯੁੱਕਤ ਹਨ ਜੋ ਇਲਾਕਿਆਂ ਵਿਚ ਸਫਾਈ ਕਰਦੇ ਹਨ ਅਤੇ ਉਹਨਾਂ ਵੱਲੋਂ ਇੱਕਠਾ ਕੀਤਾ ਗਿਆ ਕੂੜਾ-ਕਰਕਟ 45 ਸਰਕਾਰੀ ਟਰਾਲੀਆਂ ਅਤੇ 65 ਠੇਕੇ ਦੇ ਆਧਾਰ ਤੇ ਪ੍ਰਾਈਵੇਟ ਟਰਾਲੀਆਂ ਦੁਆਰਾ ਉਠਾ ਕੇ ਡੰਪਿੰਗ ਗ੍ਰਾਉਂਡ ਵਿਖੇ ਲਿਜਾਇਆ ਜਾਂਦਾ ਹੈ। ਉਹਨਾ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੈਰੀਟੇਜ਼ ਸ਼ਹਿਰ ਘੋਸ਼ਿਤ ਕਰਕੇ 12 ਸ਼ਹਿਰਾਂ ਵਿਚ ਮਿਲਾਇਆ ਗਿਆ ਸੀ, ਜਿਸ ਤਹਿਤ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਹਾਊਸ ਟੈਕਸ ਖਤਮ ਕਰਕੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ।ਜਿਸ ਦੇ ਬਦਲੇ ਸਰਕਾਰ ਪਾਸੋਂ ਨਿਰਧਾਰਤ ਗ੍ਰਾਂਟ ਪ੍ਰਾਪਤ ਕੀਤੀ ਗਈ ਅਤੇ ਮੁੜ ਮਾਣਯੋਗ ਪ੍ਰਧਾਨ ਮੰਤਰੀ ਦੀ ਸਕੀਮ ਤਹਿਤ ਇਸ ਸ਼ਹਿਰ ਨੂੰ ਸਮਾਰਟ ਸਿਟੀ ਬਨਾਉਣ ਲਈ ਚੁਣਿਆ ਗਿਆ ਹੈ ਜਿਸ ਬਾਰੇ ਮੁਕੰਮਲ ਡਾਟਾ ਤਿਆਰ ਕਰਕੇ ਸਰਕਾਰ ਨੂੰ ਭੇਜੇ ਗਏ ਹਨ ਅਤੇ ਇਹ ਸ਼ਹਿਰ ਵੀ ਸਮਾਰਟ ਸਿਟੀ ਦੇ ਦਰਜੇ ਵਿਚ ਸ਼ਾਮਿਲ ਹੋ ਜਾਵੇਗਾ। ਉਹਨਾ ਵੱਲੋਂ ਨਗਰ ਨਿਗਮ, ਅੰਮ੍ਰਿਤਸਰ ਦੇ ਆਮਦਨ ਦੇ ਸਰੋਤਾਂ ਅਤੇ ਖਰਚਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਪ੍ਰੋਜੈਕਟਾਂ ਤਹਿਤ ਸ਼ਹਿਰ ਵਿਚ ਕਰੋੜਾਂ ਰੁਪਏ ਦੇ ਚਲ ਰਹੇ ਵਿਕਾਸ ਦੇ ਕੰਮਾਂ ਤੋਂ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਜਿਸ ਤਰ੍ਹਾ ਸ਼ਹਿਰ ਵਿਚ ਵੱਡੇ-ਵੱਡੇ ਪ੍ਰੋਜੈਕਟਾਂ ਤਹਿਤ ਆਧੂਨਿਕ ਤਕਨੀਕ ਦੇ ਆਧਾਰ ਤੇ ਵਿਕਾਸ ਕਰਾਇਆ ਜਾ ਰਿਹਾ ਹੈ ਅਤੇ ਕਈ ਵਿਕਾਸ ਦੇ ਪ੍ਰੋਜੈਕਟ ਵਿਚਾਰ ਅਧੀਨ ਹਨ, ਦੇ ਆਧਾਰ ਤੇ ਜੰਗੀ ਪੱਧਰ ਦਾ ਵਿਕਾਸ ਨੇਪੜੇ ਚੜਣ ਉਪਰੰਤ ਸ਼ਹਿਰ ਦੀ ਇਕ ਵੱਖਰੀ ਨੁਹਾਰ ਦੇਖੀ ਜਾਵੇਗੀ।
Punjab Post Daily Online Newspaper & Print Media