Thursday, March 5, 2026

 ਪ੍ਰੀ-ਮੈਡੀਕਲ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਕਕਾਰ ਉਤਾਰਣਾ ਗੁਲਾਮੀ ਦੀ ਨਿਸ਼ਾਨੀ- ਜਥੇਦਾਰ

ਕਿਹਾ, ਬਰਦਾਸ਼ਤ ਦੀ ਹੱਦ ਪਾਰ ਕਰਨ ਦਾ ਨਤੀਜਾ ਭਿਆਨਕ ਨਿਕਲ ਸਕਦਾ ਹੈ

Giani-Gurbachan-Singh1

ਅੰਮ੍ਰਿਤਸਰ, 26 ਜੁਲਾਈ (ਗੁਰਪ੍ਰੀਤ ਸਿੰਘ) – ਆਲ ਇੰਡੀਆ ਪ੍ਰੀ-ਮੈਡੀਕਲ ਪ੍ਰੀਖਿਆ ਦੌਰਾਨ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਅੰਮ੍ਰਿਤਧਾਰੀ ਵਿਦਿਆਰਥੀਆਂ ਕੋਲੋਂ ਜੋ ਕ੍ਰਿਪਾਨ, ਕੜਾ ਉਤਾਰ ਕੇ ਪ੍ਰੀਖਿਆ ਵਿਚ ਜਾਣ ਦੀ ਸ਼ਰਤ ਲਗਾਈ ਗਈ, ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਅੱਜ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਬੜੇ ਤਲਖੀ ਭਰੇ ਲਹਿਜੇ ਨਾਲ ਕਿਹਾ ਕਿ ਜੋ ਕੱਲ 25-7-2015 ਨੂੰ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨਾਲ ਜ਼ਿਆਦਤੀ ਕੀਤੀ ਗਈ ਹੈ, ਉਸ ਤੋਂ ਸਾਬਤ ਹੁੰਦਾ ਹੈ ਕਿ ਸਿੱਖ ਆਪਣੇ ਹੀ ਦੇਸ਼ ਵਿਚ ਗੁਲਾਮ ਹਨ ਅਤੇ ਜੋ ਕਿਸੇ ਦਾ ਮਨ ਚਾਹੇ ਉਹ ਪਾਬੰਦੀ ਸਿੱਖਾਂ ਉਪਰ ਲਗਾ ਦਿੱਤੀ ਜਾਂਦੀ ਹੈ।ਇਸ ਤਰ੍ਹਾਂ ਕਰਨਾਂ ਸਿੱਖਾਂ ਕੋਲੋਂ ਸਹਿਣ ਨਹੀਂ ਹੋਵੇਗਾ। ਇੱਕ ਪ੍ਰੀਖਿਆ ਵਿਚ ਸ਼ਾਮਿਲ ਹੋਣ ਲਈ ਅੰਮ੍ਰਿਤਧਾਰੀ ਸਿੱਖ ਉਪਰ ਪਾਬੰਦੀ ਹੈ ਤਾਂ ਉਸ ਨੂੰ ਨੌਕਰੀ ਕਿਵੇਂ ਮਿਲੇਗੀ।ਇਹ ਇਕ ਅਤਿ ਗੰਭੀਰ ਵਿਸ਼ਾ ਬਣ ਗਿਆ ਹੈ। ਜਿਸ ਬਾਰੇ ਸਰਕਾਰਾਂ ਨੇ ਸਿੱਖਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ।ਸਿੱਖ ਰਹਿਤ ਮਰਿਯਾਦਾ ਅਨੁਸਾਰ ਪੰਜ ਕਕਾਰ ਹਰ ਅੰਮ੍ਰਿਤਧਾਰੀ ਸਿੱਖ ਨੇ ਆਪਣੇ ਅੰਗ-ਸੰਗ ਰੱਖਣੇ ਹਨ, ਪ੍ਰੰਤੂ ਸੂਬਾ ਸਰਕਾਰਾਂ ਇਸ ਤਰ੍ਹਾਂ ਕਰਕੇ ਬੱਚਿਆਂ ਨੂੰ ਪਹਿਲਾਂ ਹੀ ਤਨਾਅਪੂਰਨ ਕਰ ਦਿੰਦੀਆਂ ਹਨ ਫਿਰ ਬੱਚੇ ਨੇ ਟੈਸਟ ਕਿਵੇਂ ਪਾਸ ਕਰਨਾ ਹੈ।ਇਹ ਵੀ ਕੋਈ ਗੁੱਝੀ ਚਾਲ ਲੱਗਦੀ ਹੈ ਕਿ ਕੋਈ ਵੀ ਅੰਮ੍ਰਿਤਧਾਰੀ ਬੱਚਾ ਕਿਸੇ ਚੰਗੀ ਨੌਕਰੀ ਉਪਰ ਨਾ ਲੱਗ ਸਕੇ।
ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਬਰਦਾਸ਼ਤ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ।ਜੇਕਰ ਉਸ ਹੱਦ ਨੂੰ ਪਾਰ ਕਰ ਦਿੱਤਾ ਜਾਵੇ ਤਾਂ ਨਤੀਜਾ ਭਿਆਨਕ ਨਿਕਲ ਸਕਦਾ ਹੈ। ਇਸ ਲਈ ਕੇਂਦਰ ਦੀ ਸਰਕਾਰ ਤੁਰੰਤ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਪਰ ਰੋਕ ਲਗਾਉਂਦਿਆਂ ਸੂਬਾ ਸਰਕਾਰਾਂ ਨੂੰ ਹਦਾਇਤ ਕਰੇ ਕਿ ਜੇਕਰ ਇਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਹਰਕਤ ਕਿਸੇ ਵੀ ਸੈਂਟਰ ਵਿਚ ਹੁੰਦੀ ਹੈ ਤਾਂ ਉਸ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਫਿਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਰੁਕਦੀਆਂ ਤਾਂ ਸਿੱਖ ਇਸ ਸਬੰਧੀ ਆਪ ਕੁੱਝ ਸੋਚਣ ਲਈ ਮਜ਼ਬੂਰ ਹੋਣਗੇ।ਜਿਸ ਦੀ ਸਾਰੀ ਜਿੰਮੇਵਾਰੀ ਸੈਂਟਰ ਸਰਕਾਰ ਦੀ ਹੋਵੇਗੀ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply