
ਨਵੀ ਦਿੱਲੀ, 3 ਅਗਸਤ (ਅੰਮ੍ਰਿਤ ਲਾਲ ਮੰਨਣ) ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ, ਦੇਵ ਨਗਰ ਵਿਖੇ ‘ਕਾਲਜ ਅਤੇ ਸਮਾਜ ਵਿੱਚ ਸਹਿਯੋਗ’ ਯੋਜਨਾ ਪੁਰ ਵਿਚਾਰ-ਵਟਾਂਦਰਾ ਕਰਨ ਲਈ ਕਾਲਜ ਪ੍ਰਿੰਸੀਪਲ ਡਾ. ਮਨਮੋਹਨ ਕੌਰ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਬੈਠਕ ਹੋਈ। ਜਿਸ ਵਿੱਚ ਮੇਯਰ ਸ਼੍ਰੀ ਰਵਿੰਦਰ ਗੁਪਤਾ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਸ. ਪਰਮਜੀਤ ਸਿੰਘ ਰਾਣਾ ਅਤੇ ਕਰੋਲ ਬਾਗ ਇਲਾਕੇ ਦੇ ਜਨ-ਪ੍ਰਤੀਨਿਧੀਆਂ ਨੇ ਹਿੱਸਾ ਲਿਆ।ਇਸ ਬੈਠਕ ਦਾ ਮੁੱਖ ਉਦੇਸ਼ ਸਮਾਜ ਦੇ ਕਮਜ਼ੋਰ ਵਰਗ ਦੇ ਹਰ ਉਮਰ ਦੇ ਲੋਕਾਂ ਦੀ ਪ੍ਰਤਿਭਾ ਦੇ ਵਿਕਾਸ ਸੰਬੰਧੀ ਵਿਚਾਰ-ਵਟਾਂਦਰਾ ਕਰਨਾ ਸੀ।ਯੋਜਨਾ ਨਾਲ ਜੁੜੇ ਅਧਿਆਪਕਾਂ ਨੇ ਜਨ-ਪ੍ਰਤੀਨਿਧੀਆਂ ਨੂੰ ਭਵਿਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਸ਼੍ਰੀ ਰਵਿੰਦਰ ਗੁਪਤਾ ਨੇ ਪ੍ਰਤਿਭਾ ਵਿਕਾਸ ਲਈ ਨਗਰ ਨਿਗਮ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਲਜ ਨਾਲ ਜੋੜਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਤਿਭਾ ਵਿਕਾਸ ਦੇ ਨਾਲ ਬੱਚਿਆਂ ਦਾ ਭੌਤਿਕ ਵਿਕਾਸ ਵੀ ਬਹੁਤ ਜ਼ਰੂਰੀ ਹੈ।
ਇਸ ਮੌਕੇ ‘ਤੇ ਸ. ਰਾਣਾ ਨੇ ਸੁਝਾਉ ਦਿੱਤਾ ਕਿ ਇਲਾਕੇ ਦੇ ਖਾਲਸਾ ਸਕੂਲ ਦੇ ਵਿਦਿਆਰਥੀਆਂ ਦਾ ਕਾਲਜ ਨਾਲ ਸੰਵਾਦ (ਤਾਲਮੇਲ) ਸਥਾਪਤ ਹੋਣਾ ਚਾਹੀਦਾ ਹੈ।ਅੰਤ ਵਿੱਚ ਡਾ. ਮਨਮੋਹਨ ਕੌਰ ਨੇ ਜਨ-ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਕ ਵਿਕਾਸ ਲਈ ਆਪਸੀ ਸਹਿਯੋਗ ਤੇ ਤਾਲਮੇਲ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ।
Punjab Post Daily Online Newspaper & Print Media