
ਸਮਰਾਲਾ, 3 ਅਗਸਤ (ਪ.ਪ) – ਅੱਜ ਪੰਜਾਬ ਨੰਬਰਦਾਰਾ ਐਸੋਸੀਏਸ਼ਨ ਤਹਿਸੀਲ ਸਮਰਾਲਾ ਦੀ ਇੱਕ ਮੀਟਿੰਗ ਨੰਬਰਦਾਰ ਦਲੀਪ ਸਿੰਘ ਬਾਲਿਓਂ ਸੂਬਾ ਜਨਰਲ ਸਕੱਤਰ ਨੰਬਰਦਾਰ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਸਮਰਾਲਾ ਵਿਖੇ ਹੋਈ। ਜਿਸ ਵਿੱਚ ਨੰਬਰਦਾਰਾਂ ਨੂੰ ਦਿਰਪੇਸ਼ ਮੁਸ਼ਕਿਲਾਂ ਅਤੇ ਮੰਗਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਲਾਗੂ ਕਰਵਾਉਣ ਸਬੰਧੀ ਵੀ ਮਸਲੇ ਵਿਚਾਰੇ ਗਏ। ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਦਲੀਪ ਸਿੰਘ ਬਾਲਿਓਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰ ਦੀ ਮੌਤ ਤੋਂ ਬਾਅਦ ਉਸਦੇ ਬੇਟੇ ਜਾਂ ਪਰਿਵਾਰਕ ਮੈਂਬਰ ਨੂੰ ਹੀ ਨੰਬਰਦਾਰ ਨਿਯੁਕਤ ਕੀਤਾ ਜਾਵੇ। ਹੋਰ ਦਰਖਾਸਤ ਲੈਣ ਨਾਲ ਪਿੰਡ ਵਿੱਚ ਪਾਰਟੀਬਾਜੀ ਪੈਦਾ ਹੁੁੰਦੀ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਧੂਰੀ ਜਿਮਨੀ ਚੋਣ ਮੌਕੇ ਨੰਬਰਦਾਰਾਂ ਨਾਲ ਮੀਟਿੰਗ ਕਰਕੇ ਨੰਬਰਦਾਰਾਂ ਦਾ ਮਾਣ ਭੱਤਾ ਇੱਕ ਹਜਾਰ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਅਤੇ ਪਹਿਲੀ ਜਨਵਰੀ 2015 ਤੋਂ ਇਹ ਵਧੇ ਹੋਏ ਮਾਣ ਭੱਤੇ ਦਾ ਬਕਾਇਆ ਦੇਣ ਦਾ ਵੀ ਐਲਾਨ ਕੀਤਾ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਹਰਿਆਣਾ ਸਰਕਾਰ ਨੰਬਰਦਾਰਾਂ ਨੂੰ 2000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੰਦੀ ਹੈ, ਉਸੇ ਤਰਜ ਤੇ ਪੰਜਾਬ ਸਰਕਾਰ ਪੰਜਾਬ ਦੇ ਨੰਬਰਦਾਰਾਂ ਨੂੰ ਵੀ 2000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣਾ ਯਕੀਨੀ ਬਣਾਵੇ। ਹਰਿਆਣਾ ਸਰਕਾਰ ਨੇ ਨੰਬਰਦਾਰਾਂ ਨੂੰ ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਹੋਈ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਨੰਬਰਦਾਰਾਂ ਨੂੰ ਵੀ ਇਹ ਸਹੂਲਤ ਪ੍ਰਦਾਨ ਕਰੇ। ਇਸ ਮੌਕੇ ਹਾਜਰ ਨੰਬਰਦਾਰਾਂ ਵਿੱਚ ਪ੍ਰਮੁੱਖ ਤੌਰ ਤੇ ਜਸਪਾਲ ਸਿੰਘ ਤਹਿਸੀਲ ਪ੍ਰਧਾਨ, ਹਰਬੰਸ ਸਿੰਘ ਬੌਂਦਲੀ, ਤਾਰਾ ਸਿੰਘ ਲੱਲ ਕਲਾਂ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਤਾਰਾ ਸਿੰਘ ਬੌਂਦਲ, ਅਮਰਜੀਤ ਸਿੰਘ ਸਮਰਾਲਾ, ਦਲਬਾਰਾ ਸਿੰਘ ਮਾਦਪੁਰ, ਸਿਕੰਦਰ ਸਿੰਘ ਲੋਪੋਂ, ਇਕਬਾਲ ਸਿੰਘ ਬੰਬ, ਜੰਗ ਸਿੰਘ ਭੰਗਲਾਂ, ਸ਼ਿਵ ਲੱਧੜਾਂ, ਰਣਜੀਤ ਢਿੱਲਵਾਂ, ਕਰਨੈਲ ਸਿੰਘ ਕੋਟਾਲਾ, ਭੁਪਿੰਦਰ ਸਿੰਘ ਕੋਟਲਾ ਸਮਸ਼ਪੁਰ, ਸੋਹਣ ਸਿੰਘ ਭਰਥਲਾ, ਤੇਜਵਿੰਦਰ ਸਿੰਘ ਰਾਣਵਾਂ। ਬਲਵਿੰਦਰ ਕੌਰ ਬੌਂਦਲੀ, ਸਿਮਰਨਜੀਤ ਕੌਰ ਕੁੱਬੇ, ਕੇਵਲ ਸਿੰਘ ਹੇੜੀਆਂ, ਜੈਮਲ ਸਿੰਘ ਕੋਟਲਾ ਸਮਸ਼ਪੁਰ, ਸਤੀਸ਼ ਕੁਮਾਰ ਬਗਲੀ ਕਲਾਂ, ਮਲਾਗਰ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਵੀ ਨੰਬਰਦਾਰ ਹਾਜਰ ਸਨ।
Punjab Post Daily Online Newspaper & Print Media