ਕਿਹਾ ਕਾਂਗਰਸ ਪ੍ਰੋਜੈਕਟ ਖਿਲਾਫ ਕਰੇਗੀ ਅੰਦੋਲਨ

ਅੰਮ੍ਰਿਤਸਰ, 3 ਅਗਸਤ (ਗੁਰਚਰਨ ਸਿੰਘ) – ਬੀ.ਆਰ.ਟੀ.ਐਸ ਪ੍ਰੋਜੈਕਟ ਦਾ ਮਾਮਲਾ ਪਹਿਲਾਂ ਜੋ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਸੀ, ਹੁਣ ਸਥਾਨਕ ਸਰਕਾਰਾਂ ਮੰਤਰੀ ਅਤੇ ਵਿਧਾਨ ਸਭਾ ਹਲਕਾ ਉਤਰੀ ਦੇ ਵਿਧਾਇਕ ਅਨਿਲ ਜੋਸ਼ੀ ਦੇ ਗਲੇ ਦੀ ਹੱਡੀ ਵੀ ਬਨਣ ਜਾ ਰਿਹਾ ਹੈ।ਸ਼ਹਿਰ ਦੇ ਬੁਰੇ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ ਹੋਏ ਕਾਂਗਰਸ ਨੇ ਜਿੱਥੇ ਅਨਿਲ ਜੋਸ਼ੀ ਨੂੰ ਘੇਰਨ ਦੀ ਯੋਜਨਾ ਬਣਾ ਲਈ ਹੈ ਉੱਥੇ ਬੀ.ਆਰ.ਟੀ.ਐਸ ਪ੍ਰੋਜੈਕਟ ਨੂੰ ਲੈ ਕੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਅੰਦੋਲਨ ਕਰਨ ਦੀ ਰਣਨੀਤੀ ਤਿਆਰ ਕਰ ਲਈ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਹਲਕਾ ਉਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਉਨਾਂ ਵੱਲੋਂ ਸਰਵਿਸ ਲੇਨ ਦੇ ਲਈ ਕੰਜਿਉਮਰ ਕੋਰਟ ਦੀ ਸ਼ਰਨ ਲਈ ਗਈ ਹੈ ਤਾਂਕਿ ਦੁਕਾਨਦਾਰਾਂ ਤੇ ਗ੍ਰਾਹਕਾਂ ਤੇ ਹੋਰ ਰਾਹਗੀਰਾਂ ਦੀਆਂ ਪ੍ਰੇਸ਼ਾਨੀਆਂ ਘਟਾਈਆਂ ਜਾ ਸਕਣ।
ਵਿਧਾਨ ਸਭਾ ਹਲਕਾ ਉਤਰੀ ਤੋਂ ਕਾਂਗਰਸ ਦੇ ਇੰਚਾਰਜ਼ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਗਠਜੋੜ ਦੇ ਆਪਸੀ ਖਿੱਝ ਦਾ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਹਲਕਾ ਉਤਰੀ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਜਿਸ ‘ਤੇ ਜੋਸ਼ੀ ਆਪਣੀ ਚੁੱਪ ਨਹੀਂ ਤੋੜ ਰਹੇ ਤੇ ਲੋਕਾਂ ਨੂੰ ਪ੍ਰੇਸ਼ਾਨ ਹੁੰਦੇ ਵੇਖ ਕੇ ਕੋਈ ਹੀਲਾ ਵਸੇਲਾ ਕਰਨ ਦੀ ਥਾਂ ਹੱਥਾਂ ‘ਤੇ ਹੱਥ ਧਰ ਕੇ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜੱਗ ਜਾਹਿਰ ਹੈ ਕਿ ਕਰੀਬ 500 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਥੋਪਣਾ ਚਾਹੁੰਦੇ ਹਨ ਜਦੋਂ ਕਿ ਇਸ ਦੇ ਕਿਸੇ ਵੀ ਤਰ੍ਹਾਂ ਸਫਲ ਹੋਣ ਦੇ ਕੋਈ ਵੀ ਚਾਂਸ ਨਜ਼ਰ ਨਹੀਂ ਆਉਂਦੇ। ਉਨ੍ਹਾਂ ਨੇ ਕਿਹਾ ਕਿ ਦਸੰਬਰ 2015 ਮੁਕੰਮਲ ਹੋਣ ਵਾਲੇ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਹੀ ਸਾਰਾ ਸ਼ਹਿਰ ਪੁੱਟ ਮਾਰਿਆ ਹੈ। ਜਿਸ ਵਿੱਚੋਂ ਬਹੁਤਾ ਹਿੱਸਾ ਵਿਧਾਨ ਸਭਾ ਹਲਕਾ ਉਤਰੀ ਦਾ ਹੋਣ ਕਰਕੇ ਪੰਜਾਬ ਸਰਕਾਰ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ।ਪ੍ਰੋਜੈਕਟ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ ਜਿਸ ਦੇ ਨਾਲ 5 ਹਜ਼ਾਰ ਦੁਕਾਨਦਾਰਾਂ ਦੀ ਰੋਜੀ ਰੋਟੀ ‘ਤੇ ਖਤਰਾ ਮੰਡਰਾ ਰਿਹਾ ਹੈ ਅਤੇ ਕਰੀਬ 50 ਹਜ਼ਾਰ ਲੋਕ ਇਸ ਤੋਂ ਸਿੱਧੇ ਪ੍ਰਭਾਵਿਤ ਹੋ ਰਹੇ ਹਨ। ਸੈਲਾਨੀ, ਆਮ ਲੋਕ ਅਤੇ ਵਪਾਰੀ ਵਰਗ ਦਾ ਇਸ ਪ੍ਰੋਜੈਕਟ ਨੇ ਲੱਕ ਤੋੜ ਕੇ ਰੱਖ ਦਿੱਤਾ ਹੈ ਜਿਸ ਦੀ ਨਾ ਤਾਂ ਜੋਸ਼ੀ ਨੂੰ ਕੋਈ ਚਿੰਤਾ ਹੈ ਅਤੇ ਨਾ ਹੀ ਸਰਕਾਰ ਦੇ ਕੰਨ੍ਹਾਂ ‘ਤੇ ਕੋਈ ਜੂੰ ਸਰਕ ਰਹੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇ ਅਨਿਲ ਜੋਸ਼ੀ ਖੁਦ ਅਸਤੀਫਾ ਦੇ ਕੇ ਹੱਥ ਖੜ੍ਹੇ ਕਰ ਦਣ ਕਿ ਸਰਕਾਰ ਵਿਚ ਉਸ ਦੀ ਹੁਣ ਕੋਈ ਵੀ ਪੇਸ਼ ਨਹੀਂ ਚੱਲ ਰਹੀ, ਨਹੀਂ ਤਾਂ ਲੋਕ ਹੁਣ ਇਕ ਅੰਦੋਲਨ ਦੇ ਰੂਪ ਵਿਚ ਲਹਿਰ ਬਣ ਕੇ ਉਠਣ ਲਈ ਉਤਾਵਲੇ ਹਨ। ਉਨ੍ਹਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਕਿਹਾ ਕਿ ਉਹ ਭਾਜਪਾ ਨਾਲ ਵਿਗੜੇ ਸਬੰਧਾਂ ਦੇ ਲਈ ਗੁਰੂ ਦੇ ਘਰ ਨੂੰ ਮੋਢਾ ਬਣਾ ਕੇ ਨਾ ਵਰਤੇ। ਸਰਕਾਰ ਆਪਣਾ ਬਣਦਾ ਵੀ 20 ਫੀਸਦੀ ਹਿੱਸਾ ਤੁਰੰਤ ਜਾਰੀ ਕਰੇ ਅਤੇ ਕੇਂਦਰ ਸਰਕਾਰ ‘ਤੇ ਵੀ ਦਬਾਅ ਪਾਵੇਂ ਕਿ ਉਹ ਆਪਣਾ 50 ਫੀਸਦੀ ਹਿੱਸਾ ਪਾਉਣ ਵਿਚ ਸੰਕੋਚ ਨਾ ਕਰੇ। ਉਨ੍ਹਾਂ ਨੇ ਨਗਰ ਨਿਗਮ ਦੇ ਮੇਅਰ ਨੂੰ ਵੀ ਕਿਹਾ ਕਿ 30 ਫੀਸਦੀ ਹਿੱਸਾ ਜੇ ਨਿਗਮ ਦੇ ਰਲੀਜ਼ ਕਰਨ ਦੇ ਲਈ ਦੇਰੀ ਲਾਈ ਤਾਂ ਸ਼ਹਿਰ ਅਗਲੇ ਕਈ ਸਾਲਾਂ ਤੱਕ ਇਕ ਟੋਏ ਦੇ ਰੂਪ ਵਿਚ ਹੀ ਨਜ਼ਰ ਆਉਂਦਾ ਰਹੇਗਾ।
Punjab Post Daily Online Newspaper & Print Media