Friday, March 6, 2026

ਕੈਪਟਨ ਖੁਦ ਆਪਣੀ ਪਾਰਟੀ ਲੀਡਰਸ਼ਿਪ ਤੋਂ ਮਾਯੂਸ- ਬਾਦਲ

ਮੁੱਖ ਮੰਤਰੀ ਵੱਲੋਂ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ

PPN0608201507

ਰਈਆ, 6 ਅਗਸਤ (ਬਲਵਿੰਦਰ ਸਿੰਘ ਸੰਧੂ) – ਸ਼੍ਰੋਮਣੀ ਅਕਾਲੀ ਦਲ ਦੇ ਕਾਡਰ ਵਿਚ ਨਾਰਾਜ਼ਗੀ ਬਾਰੇ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਗੁੰਮਰਾਹਕੁੰਨ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਅਸਲ ਵਿਚ ਸਾਬਕਾ ਮੁੱਖ ਮੰਤਰੀ ਖੁਦ ਆਪਣੀ ਹੀ ਪਾਰਟੀ ਲੀਡਰਸ਼ਿਪ ਤੋਂ ਮਾਯੂਸ ਹਨ।
ਬਾਬਾ ਬਕਾਲਾ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਸ਼੍ਰੋਮਣੀ ਅਕਾਲੀ ਦਲ ਦੇ ਕਾਡਰ ਬਾਰੇ ਚਿੰਤਾ ਕਰਨੀ ਛੱਡ ਦੇਣ ਕਿਉਂਕਿ ਕਾਡਰ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਰ੍ਹਾਂ ਇਕਮੁੱਠ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸਾਬਕਾ ਮੁੱਖ ਮੰਤਰੀ ਦੀ ਕਲਪਨਾ ਦੀ ਮਨਘੜ੍ਹਤ ਗੱਲ ਹੈ, ਜਿਹੜੇ ਕਿ ਆਪਣੇ ਨਿੱਜੀ ਹਿੱਤਾਂ ਲਈ ਆਪਣੀ ਹੀ ਪਾਰਟੀ ਦੀ ਪਾਲਿਸੀ ਅਤੇ ਪ੍ਰੋਗਰਾਮ ਦਾ ਉਲੰਘਣ ਕਰ ਰਹੇ ਹਨ। ਸ. ਬਾਦਲ ਨੇ ਕਿਹਾ,”ਕਾਂਗਰਸ ਦੇ ਉਲਟ, ਜਿਥੇ ਕਿ ਹਰੇਕ ਗੁੱਟ ਦਾ ਆਪਣਾ ਵੱਖਰਾ ਲੀਡਰ ਹੈ, ਅਸੀਂ ਪੂਰੀ ਤਰ੍ਹਾਂ ਇਕਮੁੱਠ ਹੋ ਕੇ ਰਾਜ ਦੇ ਲੋਕਾਂ ਦੀ ਸੇਵਾ ਕਰ ਰਹੇ ਹਾਂ।”
ਅਕਾਲੀ-ਭਾਜਪਾ ਗਠਜੋੜ ਮਜ਼ਬੂਤ ਹੈ ਅਤੇ ਹਮੇਸ਼ਾ ਰਹੇਗਾ
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਮਜ਼ਬੂਤ ਹੈ ਅਤੇ ਰਹੇਗਾ ਅਤੇ ਇਸ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਮਹਿਜ਼ ਮੀਡੀਆ ਦੀ ਉਪਜ ਹਨ। ਉਨ੍ਹਾਂ ਕਿਹਾ ਕਿ ਗਠਜੋੜ ਨੇ ਰਾਜ ਦੇ ਵਿਕਾਸ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਯਕੀਨੀ ਬਣਾਉਣ ਲਈ ਭਰਪੂਰ ਯਤਨ ਕੀਤੇ ਹਨ। ਮੁੱਖ ਸੰਸਦੀ ਸਕੱਤਰ ਡਾ ਨਵਜੋਤ ਕੌਰ ਸਿੱਧੂ ਨੂੰ ਆਪਣੀ ਧੀ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਉਸ ਦੀਆਂ ਜਿਹੜੀਆਂ ਵੀ ਸ਼ਿਕਾਇਤਾਂ ਹਨ, ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਪਵਿੱਤਰ ਸ਼ਹਿਰ ਵਿੱਚ ਆਈ. ਆਈ. ਐਮ ਦੀ ਸਥਾਪਨਾ ਬਜਟ ਪ੍ਰਬੰਧ ਦਾ ਹਿੱਸਾ
ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐਮ) ਦੇ ਅਕਾਦਮਿਕ ਸੈਸ਼ਨ ਦੀ ਅੱਜ ਹੋਈ ਸ਼ੁਰੂਆਤ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਰਾਜ ਵਿਚ ਸਿੱਖਿਆ ਨੂੰ ਇਕ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਕਿਸੇ ਹੋਰ ਜ਼ਿਲ੍ਹੇ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਦੇ ਲਗਾਏ ਜਾ ਰਹੇ ਇਲਜ਼ਾਮ ਬਿਲਕੁਲ ਬੇਬੁਨਿਆਦ ਹਨ ਕਿਉਂਕਿ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਆਪਣੇ ਬਜਟਰੀ ਭਾਸ਼ਣ ਵਿਚ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਹੌਰਟੀਕਲਚਰ ਰਿਸਰਚ ਦੇ ਨਾਲ-ਨਾਲ ਇਸ ਪ੍ਰਾਜੈਕਟ ਨੂੰ ਪਵਿੱਤਰ ਸ਼ਹਿਰ ਲਈ ਮਨਜ਼ੂਰੀ ਦਿੱਤੀ ਸੀ। ਸ. ਬਾਦਲ ਨੇ ਕਿਹਾ ਕਿ ਉਹ ਅਕਾਲੀ-ਭਾਜਪਾ ਦੇ ਹਰੇਕ ਵਰਕਰ ਅਤੇ ਆਗੂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ਨੂੰ ਅੰਮ੍ਰਿਤਸਰ ਵਿਖੇ ਲਿਆਉਣਾ ਯਕੀਨੀ ਬਣਾਇਆ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਨਸ਼ੇ ਦੀ ਸਪਲਾਈ ਲਾਈਨ ਕੱਟ ਕੇ ਇਸ ਨਸ਼ਿਆਂ ਖਿਲਾਫ਼ ਜੰਗ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸ਼ਿਕਾਰ ਹੋਏ ਲੋਕਾਂ ਲਈ ਸੂਬੇ ਭਰ ਵਿਚ ਜਿਥੇ ਨਸ਼ਾ-ਛੁਡਾਊ ਕੇਂਦਰ ਖੋਲ੍ਹੇ ਗਏ ਹਨ, ਉਥੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਮਾਣ-ਸਨਮਾਨ ਨਾਲ ਜਿਊਣ ਦੇ ਯੋਗ ਬਣਾਉਣ ਲਈ ਮੁੜ-ਵਸੇਬਾ ਕੇਂਦਰ ਵੀ ਸਥਾਪਿਤ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਪਿੰਡ ਛੱਜਲਵੱਡੀ, ਰਤਨਗੜ੍ਹ, ਖਿਲਚੀਆਂ ਅਤੇ ਸੁਧਾਰ ਰਾਜਪੂਤ ਆਦਿ ਪਿੰਡਾਂ ਵਿਚ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਗਤ ਦਰਸ਼ਨ ਸਮਾਗਮਾਂ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਇਹ ਕਿਸੇ ਵੀ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਆਪਣੇ ਆਪ ਵਿਚ ਇਕ ਅਜਿਹਾ ਪ੍ਰੋਗਰਾਮ ਹੈ, ਜਿਸ ਵਿਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਸਰਕਾਰ ਵੱਲੋਂ ਉਨ੍ਹਾਂ ਦੇ ਕੋਲ ਜਾ ਕੇ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ. ਮਨਜੀਤ ਸਿੰਘ ਮੀਆਂਵਿੰਡ, ਚੇਅਰਮੈਨ ਸ. ਗੁਰਵਿੰਦਰ ਸਿੰਘ ਰੂਬੀ, ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸ੍ਰੀ ਅਜੋਏ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਚੇਅਰਮੈਨ ਸ. ਰਣਜੀਤ ਸਿੰਘ ਮੀਆਂਵਿੰਡ, ਚੇਅਰਮੈਨ ਸ. ਗੁਰਬਿੰਦਰ ਸਿੰਘ ਰੂਬੀ, ਸਰਕਲ ਪ੍ਰਧਾਨ ਸ. ਹਰਜੀਤ ਸਿੰਘ ਮੀਆਂਵਿੰਡ, ਸਰਪੰਚ ਸ. ਰਜਿੰਦਰ ਸਿੰਘ ਸਾਬਾ, ਸਰਪੰਚ ਸ. ਸੁਖਦੇਵ ਸਿੰਘ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply